ਸੋਨੀ ਪਨੇਸਰ , ਬਰਨਾਲਾ, 2 ਫਰਵਰੀ 2023
ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਕਰਵਾਈ ਗਈ ਜ਼ਿਲ੍ਹਾ ਯੂਥ ਪਾਰਲੀਮੈਂਟ ਵਿਚ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ।
ਜ਼ਿਲ੍ਹਾ ਯੂਥ ਅਫਸਰ ਮੈਡਮ ਓਮਕਾਰ ਸਵਾਮੀ ਨੇ ਦੱਸਿਆ ਕਿ ਪਾਰਲੀਮੈਂਟ ਵਿਚ ਪਹਿਲਾ ਸਥਾਨ ਕ੍ਰਿਸ਼ਨ ਕੁਮਾਰ ਅਤੇ ਦੂਜਾ ਸਥਾਨ ਰੋਹਿਤ ਚੌਧਰੀ ਨੇ ਹਾਸਲ ਕੀਤਾ। ਦੋਵੇਂ ਜੇਤੂਆਂ ਵਲੋਂ ਸੋਸ਼ਲ ਮੀਡੀਆ ਬਾਰੇ ਭਾਸ਼ਣ ਦਿੱਤਾ ਗਿਆ। ਇਨ੍ਹਾਂ ਵਲੋਂ ਹੁਣ ਰਾਜ ਪੱਧਰੀ ਯੂਥ ਪਾਰਲੀਮੈਂਟ ਵਿਚ ਭਾਗ ਲਿਆ ਜਾਵੇਗਾ। ਰਾਜ ਪੱਧਰੀ ਯੂਥ ਪਾਰਲੀਮੈਂਟ ਵਿਚ ਤਿੰਨ ਜੇਤੂ ਐਲਾਨੇ ਜਾਣਗੇ, ਜਿਨ੍ਹਾਂ ਨੂੰ ਦਿੱਲੀ ਵਿਖੇ ਹੋਣ ਵਾਲੀ ਰਾਸ਼ਟਰੀ ਯੂਥ ਪਾਰਲੀਮੈਂਟ ਵਿਚ ਹਿੱਸਾ ਲੈਣ ਦਾ ਮੌਕਾ ਦਿੱਤਾ ਜਾਵੇਗਾ। ਰਾਜ ਪੱਧਰ ‘ਤੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਭਾਗੀਦਾਰ ਨੂੰ ਰਾਸ਼ਟਰੀ ਯੂਥ ਪਾਰਲੀਮੈਂਟ ਵਿਚ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਜਾਵੇਗਾ ਅਤੇ ਰਾਜ ਪੱਧਰ ਤੇ ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਭਾਗੀਦਾਰ ਰਾਸ਼ਟਰੀ ਯੂਥ ਪਾਰਲੀਮੈਂਟ ਵਿਚ ਕੇਵਲ ਹਿੱਸਾ ਲੈ ਸਕਣਗੇ। ਰਾਸ਼ਟਰੀ ਪੱਧਰ ‘ਤੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਨੂੰ 2 ਲੱਖ ਰੁਪਏ ਨਕਦ ਅਤੇ ਸਰਟੀਫਿਕੇਟ, ਦੂਜਾ ਸਥਾਨ ਹਾਸਲ ਕਰਨ ਵਾਲੇ ਨੂੰ 1.5 ਲੱਖ ਰੁਪਏ ਨਕਦ ਅਤੇ ਸਰਟੀਫਿਕੇਟ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਨੂੰ 1 ਲੱਖ ਰੁਪਏ ਨਕਦ ਇਨਾਮ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ।