INSP ਸੁਖਰਜਿੰਦਰ ਸੰਧੂ ਤੇ ASI ਮਨਜੀਤ ਸਿੰਘ ਤੇ ਫਿਰ ਲੱਗਿਆ ਰਿਸ਼ਵਤ ਲੈਣ ਦਾ ਦੋਸ਼
ਮੁੱਖ ਮੰਤਰੀ ਭਗਵੰਤ ਮਾਨ, DGP ਪੰਜਾਬ ਅਤੇ SSP ਬਰਨਾਲਾ ਨੂੰ ਦਿੱਤਾ ਹਲਫੀਆ ਬਿਆਨ
ਹਰਿੰਦਰ ਨਿੱਕਾ , ਬਰਨਾਲਾ 16 ਜਨਵਰੀ 2023
ਚੜ੍ਹਦੇ ਸਾਲ ਦੇ ਪਹਿਲੇ ਹਫਤੇ ਹੀ, ਰਿਸ਼ਵਤ ਲੈਣ ਦੇ ਮੁੱਦੇ ਨੂੰ ਲੈ ਕੇ ਚਰਚਾ ਵਿੱਚ ਆਏ ਭਦੌੜ ਥਾਣੇ ਦੇ ਤਤਕਾਲੀ ਐਸ.ਐਚ.ੳ. ਸੁਖਜਿੰਦਰ ਸਿੰਘ ਅਤੇ ਏ.ਐਸ.ਆਈ. ਮਨਜੀਤ ਸਿੰਘ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਭਦੌੜ ‘ਚ ਕਬਾੜ ਦਾ ਕੰਮ ਕਰਦੇ, ਦਲਿਤ ਪਰਿਵਾਰ ਨਾਲ ਸਬੰਧਿਤ ਚਮਕੌਰ ਸਿੰਘ ਉਰਫ ਕੌਰਾ ਨੇ ਦੋਸ਼ ਲਾਇਆ ਹੈ ਕਿ ਏ.ਐਸ.ਆਈ. ਮਨਜੀਤ ਸਿੰਘ ਨੇ ਕਾਫੀ ਦਿਨ ਪਹਿਲਾਂ ਮੇਰੇ ਪੁੱਤਰ ਹਰਦੇਵ ਸਿੰਘ ਨੂੰ ਥਾਣੇ ਦੀ ਹਵਾਲਾਤ ‘ਚ ਤਾੜਿਆ ਅਤੇ ਬਿਨਾਂ ਕਸੂਰੋਂ ਨਜਾਇਜ ਹਿਰਾਸਤ ਵਿੱਚ ਰੱਖਿਆ ਤੇ ਕਥਿਤ ਤੌਰ ਤੇ 25 ਹਜ਼ਾਰ ਰੁਪਏ ਰਿਸ਼ਵਤ ਲੈ ਕੇ ਹੀ ਛੱਡਿਆ। ਕੌਰਾ ਸਿੰਘ ਨੇ ਇਹ ਵੀ ਦੋਸ਼ ਲਾਇਆ ਹੈ ਕਿ ਤਤਕਾਲੀ ਐਸ.ਐਚ.ੳ. ਸੁਖਜਿੰਦਰ ਸਿੰਘ ਸੰਧੂ ਅਤੇ ਏ.ਐਸ.ਆਈ. ਮਨਜੀਤ ਸਿੰਘ ਨੇ, ਕਬਾੜ ਦਾ ਕੋਈ ਲਾਇਸੰਸ ਨਾ ਹੋਣ ਦਾ ਭੈਅ ਦਿਖਾ ਕੇ, ਮੈਥੋਂ ਹਜ਼ਾਰਾਂ ਰੁਪਏ ਲੈ ਲਏ ਤੇ ਬਾਅਦ ਵਿੱਚ ਵੀਹ ਹਜ਼ਾਰ ਰੁਪਏ ਮਹੀਨਾ ਰਿਸ਼ਵਤ ਦੀ ਮੰਗ ਕਰਦੇ ਰਹੇ ਹਨ, ਰਿਸ਼ਵਤ ਨਾ ਦੇਣ ਅਤੇ ਇਸ ਸਬੰਧੀ ਸ਼ਕਾਇਤ ਕਰਨ ਜਾਂ ਮੀਡੀਆ ਵਿੱਚ ਜਾਣ ਤੋਂ ਰੋਕਣ ਲਈ, ਝੂਠਾ ਕੇਸ ਦਰਜ਼ ਕਰਨ ਦੀਆਂ ਧਮਕੀਆਂ ਵੀ ਦਿੰਦੇ ਰਹੇ ਹਨ। ਇਸ ਸਾਰੇ ਘਟਨਾਕ੍ਰਮ ਸਬੰਧੀ, ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਪੰਜਾਬ, ਡੀਜੀਪੀ ਵਿਜੀਲੈਂਸ ,ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਅਤੇ ਐਸ.ਐਸ.ਪੀ. ਬਰਨਾਲਾ ਨੂੰ ਹਲਫੀਆ ਬਿਆਨ ਦੇ ਕੇ, ਲਿਖਤੀ ਸ਼ਕਾਇਤ 9 ਜਨਵਰੀ ਨੂੰ ਭੇਜੀ ਹੈ। ਪਰੰਤੂ ਹਾਲੇ ਤੱਕ, ਦੋਵਾਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਤਤਕਾਲੀ ਐਸ.ਐਚ.ੳ. ਸੁਖਜਿੰਦਰ ਸਿੰਘ ਸੰਧੂ ਅਤੇ ਏ.ਐਸ.ਆਈ. ਮਨਜੀਤ ਸਿੰਘ ਨੇ ਖੁਦ ਤੇ ਰਿਸ਼ਵਤ ਲੈਣ ਅਤੇ ਮੰਗਣ ਦੇ ਲੱਗ ਰਹੇ ਦੋਸ਼ਾਂ ਨੂੰ ਨਿਰਾਧਾਰ ਕਰਾਰ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਚਮਕੌਰ ਸਿੰਘ ਕੌਰਾ ਪੁੱਤਰ ਮੇਜ਼ਰ ਸਿੰਘ ਵਾਸੀ ਭਦੌੜ ਨੇ ਕਿਹਾ ਕਿ ਮੈਂ ਮਜ੍ਹਬੀ ਸਿੱਖ ਜਾਤੀ ਨਾਲ ਸਬੰਧਿਤ ਹਾਂ, ਕਬਾੜ ਦਾ ਕੰਮ ਕਰਕੇ,ਮਿਹਨਤ ਮਜਦੂਰੀ ਨਾਲ, ਪਰਿਵਾਰ ਦਾ ਗੁਜਾਰਾ ਚਾਲ ਰਿਹਾ ਹਾਂ। ਉਨਾਂ ਕਿਹਾ ਕਿ ਏ.ਐਸ.ਆਈ. ਮਨਜੀਤ ਸਿੰਘ ਨੇ, ਭਦੌੜ ਵਿਖੇ ਤਾਇਨਾਤੀ ਦੌਰਾਨ ਮੇਰੇ ਪੁੱਤਰ ਨੂੰ ਬਿਨਾਂ ਕਿਸੇ ਕਸੂਰ ਤੋਂ ਫੜ੍ਹਕੇ, ਥਾਣੇ ਤਾੜਕੇ ਰੱਖਿਆ, ਇੱਕ ਰਾਤ ਗੈਰਕਾਨੂੰਨੀ ਹਿਰਾਸਤ ਵਿੱਚ ਰੱਖਿਆ ਅਤੇ ਝੂਠਾ ਕੇਸ ਦਰਜ਼ ਕਰਨ ਦਾ ਡਰ ਦਿਖਾ ਕੇ, 25 ਹਜ਼ਾਰ ਰੁਪਏ ਦੀ ਰਿਸ਼ਵਤ ਲੈ ਕੇ ਹੀ ਛੱਡਿਆ। ਕੌਰਾ ਨੇ ਇਹ ਵੀ ਦੋਸ਼ ਲਾਇਆ ਕਿ ਤਤਕਾਲੀ ਐਸ.ਐਚ.ੳ. ਸੁਖਜਿੰਦਰ ਸਿੰਘ ਅਤੇ ਏ.ਐਸ.ਆਈ. ਮਨਜੀਤ ਸਿੰਘ , ਕਾਫੀ ਦਿਨ ਪਹਿਲਾਂ ਉਸ ਦੀ ਕਬਾੜ ਦੀ ਦੁਕਾਨ ਤੇ ਗੱਡੀ ਲੈ ਕੇ ਆਏ, ਉਨਾਂ ਕਿਹਾ ਕਿ ਕਬਾੜ ਦਾ ਲਾਇਸੰਸ ਦਿਖਾ, ਜਦੋਂ ਲਾਇਸੰਸ ਨਾ ਹੋਣ ਬਾਰੇ, ਕਿਹਾ ਤਾਂ ਅੱਗੋਂ ਦੋਵਾਂ ਨੇ ਕਿਹਾ, ਸਾਡੇ ਨਾਲ ਗੱਡੀ ਵਿੱਚ ਬੈਠ, ਅਸੀਂ ਦਿੰਦੇ ਹਾਂ, ਤੈਨੂੰ ਥਾਣੇ ਲਿਜਾ ਕੇ ਲਾਈਸੰਸ । ਮੇਰੇ ਮਿੰਨਤਾਂ ਤਰਲੇ ਕਰਨ ਤੋਂ ਬਾਅਦ, ਉਨਾਂ 20 ਹਜ਼ਾਰ ਰੁਪਏ ਰਿਸ਼ਵਤ ਲੈ ਕੇ, ਉਸ ਨੂੰ ਛੱਡਿਆ, ਮੇਰੀ ਦੁਕਾਨ ਦੇ ਸੀਸੀਟੀਵੀ ਕੈਮਰਿਆਂ ਦੀ ਰਿਸ਼ਵਤ ਦੇਣ ਸਮੇਂ ਦੀ ਫੁਟੇਜ ਵੀ, ਮੈਂ ਦੌਰਾਨ ਏ ਪੜਤਾਲ ਪੇਸ਼ ਕਰ ਦਿਆਂਗਾ। ਉਨਾਂ ਕਿਹਾ ਕਿ ਮਨਜੀਤ ਸਿੰਘ ਤਾਂ ਅਕਸਰ ਹੀ, ਉਸ ਤੋਂ ਕੇਸ ਦਰਜ਼ ਕਰਨ ਦਾ ਡਰ ਦੇ ਕੇ, ਕਈ ਵਾਰ, ਦੋ-ਦੋ/ਚਾਰ-ਚਾਰ ਹਜ਼ਾਰ ਰੁਪਏ ਰਿਸ਼ਵਤ ਲੈ ਕੇ ਜਾਂਦਾ ਰਿਹਾ ਹੈ। ਉਨਾਂ ਕਿਹਾ ਕਿ ਮਨਜੀਤ ਸਿੰਘ ਏ.ਐਸ.ਆਈ. ਨੇ ਉਸ ਨੂੰ ਇੱਕ ਫੇਕ ਤਿਆਰ ਕੀਤਾ, ਨੋਟਿਸ ਦੇ ਕੇ, 17 ਅਕਤੂਬਰ 2022 ਨੂੰ ਥਾਣੇ ਸੱਦਿਆ, ਪਬ ਉੱਥੋਂ ਪਤਾ ਲੱਗਿਆ ਕਿ ਅਜਿਹਾ ਕੋਈ ਪੱਤਰ, ਐਸ.ਐਚ.ੳ. ਨੇ ਭੇਜਿਆ ਹੀ ਨਹੀਂ ਸੀ। ਬਾਅਦ ਵਿੱਚ ਉਨਾਂ ਰਿਸ਼ਵਤ ਲੈ ਕੇ, ਕਹਿ ਦਿੱਤਾ ਕਿ ਮੈਂ ਉਸ ਦਾ ਜੁਆਬ ਦੇ ਕੇ, ਬੰਦ ਕਰ ਦਿੱਤਾ ਹੈ। ਉਸ ਨੋਟਿਸ ਦੀ ਕਾਪੀ, ਮੇਰੇ ਕੋਲ ਹੈ । ਕੌਰਾ ਨੇ ਕਿਹਾ ਕਿ ਹੁਣ ਜਦੋਂ ਐਸ.ਐਚ.ੳ. ਸੁਖਜਿੰਦਰ ਸਿੰਘ ਸੰਧੂ ਅਤੇ ਏ.ਐਸ.ਆਈ. ਮਨਜੀਤ ਸਿੰਘ ਨੇ ਵੀਹ ਹਜ਼ਾਰ ਰੁਪਏ ਮਹੀਨਾ ਰਿਸ਼ਵਤ ਦੇਣ ਲਈ ਜ਼ੋਰ ਪਾਇਆ ਤਾਂ ਇਨਾਂ ਤੋਂ ਤੰਗ ਹੋ ਕੇ, ਹੀ ਮੁੱਖ ਮੰਤਰੀ ਅਤੇ ਪੁਲਿਸ ਦੇ ਆਲ੍ਹਾ ਅਫਸਰਾਂ ਨੂੰ ਸ਼ਕਾਇਤ ਕੀਤੀ ਹੈ। ਉਨਾਂ ਕਿਹਾ ਕਿ ਮੈਨੂੰ ਡਰ ਹੈ ਕਿ ਦੋਵੇਂ ਪ੍ਰਭਾਵਸ਼ਾਲੀ ਅਫਸਰ ਹਨ, ਕਿਸੇ ਸਮੇਂ ਵੀ, ਰੰਜਿਸ਼ ਤਹਿਤ ਕੋਈ ਝੂਠਾ ਕੇਸ ਦਰਜ਼ ਕਰ ਸਕਦੇ ਹਨ। ਕੌਰਾ ਨੇ ਕਿਹਾ ਕਿ ਜੇਕਰ ਪੁਲਿਸ ਨੇ, ਉਕਤ ਦੋਵਾਂ ਅਫਸਰਾਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਮੈਂ ਆਪਣੇ ਪਰਿਵਾਰ ਸਣੇ, ਆਤਮਹੱਤਿਆ ਲਈ ਮਜਬੂਰ ਹੋਵਾਂਗਾ, ਮੇਰੀ ਮੌਤ ਲਈ, ਇਹੋ ਦੋਵੇਂ ਅਫਸਰ ਜੁੰਮੇਵਾਰ ਹੋਣਗੇ। ਵਰਨਣਯੋਗ ਹੈ ਕਿ 6 ਜਨਵਰੀ ਨੂੰ ਉਕਤ ਦੋਵਾਂ ਪੁਲਿਸ ਅਧਿਕਾਰੀਆਂ ਖਿਲਾਫ ਲਵ ਕੁਮਾਰ ਭਦੌੜ ਕਬਾੜੀਏ ਨੇ ਵੀ ਰਿਸ਼ਵਤ ਲੈਣ ਅਤੇ ਵੀਹ ਹਜ਼ਾਰ ਰੁਪਏ ਮਹੀਨਾ ਰਿਸ਼ਵਤ ਮੰਗਣ ਦਾ ਦੋਸ਼ ਵੀ ਲਾਇਆ ਸੀ। ਮਾਮਲਾ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ, ਬੇਸ਼ੱਕ ਤਤਕਾਲੀ ਐਸਐਚੳ ਸੁਖਜਿੰਦਰ ਸਿੰਘ, ਏਐਸਆਈ ਮਨਜੀਤ ਸਿੰਘ ਅਤੇ ਰੀਡਰ ਹਰਦੇਵ ਸਿੰਘ ਨੂੰ ਲਾਈਨ ਹਾਜ਼ਿਰ ਕਰ ਦਿੱਤਾ ਗਿਆ ਸੀ। ਪਰੰਤੂ ਹੋਰ ਕੋਈ ਕਾਨੂੰਨੀ ਕਾਰਵਾਈ, ਹਾਲੇ ਤੱਕ ਬਾਹਰ ਨਿੱਕਲ ਕੇ ਸਾਹਮਣੇ ਨਹੀਂ ਆਈ।