PSC ਅਫ਼ਸਰਾਂ ਦੀ ਹੜਤਾਲ ਨੂੰ ਮੁੱਖ ਮੰਤਰੀ ਮਾਨ ਕਿਹਾ ਗੈਰਕਾਨੂੰਨੀ
ਹੜਤਾਲ ਤੋਂ 2 ਵਜੇ ਤੱਕ ਆ ਜਾਊ ਡਿਊਟੀ ਤੇ ਨਹੀਂ ਫਿਰ ,,,
ਬੇਅੰਤ ਸਿੰਘ ਬਾਜਵਾ , ਚੰਡੀਗੜ੍ਹ, 11 ਜਨਵਰੀ 2023
ਲੁਧਿਆਣਾ ‘ਚ ਤਾਇਨਾਤ ਆਰ.ਟੀ.ਏ. ਪੀਸੀਐਸ ਅਧਿਕਾਰੀ ਨਰਿੰਦਰ ਸਿੰਘ ਧਾਲੀਵਾਲ ਨੂੰ ਵਿਜੀਲੈਂਸ ਬਿਊਰੋ ਵੱਲੋਂ ਗਿਰਫਤਾਰ ਕੀਤੇ ਜਾਣ ਦੇ ਵਿਰੋਧ ਵਿੱਚ ਪੰਜਾਬ ਅੰਦਰ ਪੀਸੀਐਸ ਅਫ਼ਸਰਾਂ ਦੀ ਹੜਤਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਸਖ਼ਤ ਰੁੱਖ ਅਪਣਾ ਲਿਆ ਹੈ। ਮੁੱਖ ਮੰਤਰੀ ਮਾਨ ਨੇ ਹੜਤਾਲੀ ਅਫਸਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਜਾਂ ਤਾਂ ਦੁਪਿਹਰ ਦੋ ਵਜੇ ਤੱਕ ਆਪਣੀ ਡਿਊਟੀ ਤੇ ਪਰਤ ਜਾਉ, ਜਾਂ ਫਿਰ ਸਰਕਾਰ ਉਨਾਂ ਨੂੰ ਸਸਪੈਂਡ ਕਰ ਦੇਵੇਗੀ। ਭਗਵੰਤ ਮਾਨ ਨੇ ਅਫਸਰਾਂ ਦੀ ਹੜਤਾਲ ਨੂੰ ਗੈਰਕਾਨੂੰਨੀ ਦੱਸਦਿਆਂ ਇਸ ਨੂੰ ਬਲੈਕਮੇਲਿੰਗ ਕਰਾਰ ਦਿੱਤਾ ਹੈ। ਮੁੱਖ ਮੰਤਰੀ ਦੇ ਦਸਤਖਤਾਂ ਹੇਠ , ਉਨਾਂ ਦੇ ਦਫਤਰ ਤੋਂ ਜ਼ਾਰੀ ਪੱਤਰ ਵਿੱਚ ਕਾਫੀ ਸਖਤ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ। ਅਜਿਹਾ ਸਖਤ ਸਟੈਂਡ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ ਕਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਖਿਲਾਫ ਜੀਰੋ ਟੌਲਰੈਂਸ ਦੀ ਨੀਤੀ ਨੂੰ ਸਖਤੀ ਨਾਲ ਲਾਗੂ ਕਰੇਗੀ। ਮੁੱਖ ਮੰਤਰੀ ਨੇ ਅਜਿਹਾ ਸਖਤ ਰਵੱਈਆ ਪੀਸੀਐਸ ਅਫਸਰਾਂ ਨਾਲ ਸਰਕਾਰ ਦੀ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਲਿਆ ਹੈ। ਸੂਤਰਾਂ ਮੁਤਾਬਿਕ ਮੁੱਖ ਮੰਤਰੀ ਦੇ ਸਖਤ ਰੁੱਖ ਤੋਂ ਬਾਅਦ, ਹੜਤਾਲੀ ਅਫਸਰ ਦੁਚਿੱਤੀ ਵਿੱਚ ਫਸ ਗਏ ਹਨ, ਉਨਾਂ ਤੇ ਡਿਊਟੀ ਤੇ ਪਰਤ ਆਉਣ ਅਤੇ ਹੜਤਾਲ ਜ਼ਾਰੀ ਰੱਖਣ ਨੂੰ ਲੈ ਕੈ ਦਬਾਅ ਵੱਧ ਗਿਆ ਹੈ। ਵਰਨਣਯੋਗ ਹੈ ਕਿ ਪੀਸੀਐਸ ਅਫਸਰ ਨੇ ਲੰਘੀ ਕੱਲ੍ਹ ਸਮੂਹਿਕ ਛੁੱਟੀ ਤੇ ਜਾਣ ਦਾ ਐਲਾਨ ਕੀਤਾ ਹੋਇਆ ਹੈ। ਉੱਧਰ ਪੰਜਾਬ ਦੇ ਮੁੱਖ ਸਕੱਤਰ ਦੇ ਵਲੋਂ ਪੀਸੀਐਸ ਅਫ਼ਸਰਾਂ ਦੀ ਹੜਤਾਲ ਤੇ ਹੁਣ ਸਖ਼ਤ ਨੋਟਿਸ ਜਾਰੀ ਕੀਤਾ ਹੈ। ਮੁੱਖ ਸਕੱਤਰ ਨੇ ਸਮੂਹ ਪੀਸੀਐਸ ਅਫ਼ਸਰਾਂ ਨੂੰ ਵਾਰਨਿੰਗ ਨੋਟਿਸ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਮੁੱਖ ਸਕੱਤਰ ਨੇ ਇਹ ਵੀ ਕਿਹਾ ਹੈ ਕਿ, ਪੀਸੀਐਸ ਅਫ਼ਸਰਾਂ ਨਾਲ ਕੋਈ ਵੀ ਮੀਟਿੰਗ ਹੁਣ ਨਹੀਂ ਕੀਤੀ ਜਾਵੇਗੀ। ਅਫਸਰਾਂ ਦੀ ਹੜਤਲਾ ਸਬੰਧੀ ਮੁੱਖ ਮੰਤਰੀ ਵੱਲੋਂ ਜਾਰੀ ਪੱਤਰ ਵੀ ਹੇਠਾਂ ਪੜ੍ਹ ਸਕਦੇ ਹੋ।