ਭੀਖ ਮੰਗਣ ਗਿਆਂ ਨੂੰ ਵੀ ਪੁੱਠੇ ਪੈਰੀਂ ਪੈ ਗਿਆ ਮੁੜਨਾ , ੳ.ਐਸ.ਡੀ. ਦੇ ਘਰੋਂ ਵੀ ਮਿਲੀ ਨਿਰਾਸ਼ਾ
ਹਰਿੰਦਰ ਨਿੱਕਾ , ਬਰਨਾਲਾ 1 ਜਨਵਰੀ 2023
ਸਾਲ ਦੇ ਪਹਿਲੇ ਹੀ ਦਿਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਆਪ ਦੇ ਦੋਵਾਂ ਵਿਧਾਇਕਾਂ ਦੇ ਘਰਾਂ ਅੱਗੇ ਖੜਕਾ ਦੜਕਾ ਵੇਖਣ ਨੂੰ ਮਿਲਿਆ। ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਅਤੇ ਮੋਰਚੇ ਦੀ ਸੂਬਾਈ ਆਗੂ ਰਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਮੁਲਾਜਮਾਂ ਨੇ ਹੱਥਾਂ ‘ਚ ਖਾਲੀ ਥਾਲੀਆਂ/ਪਲੇਟਾਂ ਫੜ੍ਹ ਕੇ ਆਪਣੇ ਹੱਕਾਂ ਦੀ ਭੀਖ ਮੰਗੀ। ਭੀਖ ਮੰਗਣ ਗਏ ਪ੍ਰਦਰਸ਼ਨਕਾਰੀਆਂ ਨੂੰ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਦਰਾਂ ਤੋਂ ਹੀ ਉਮੀਦ ਦੀ ਭਿੱਖਿਆ ਮਿਲੀ। ਪਰੰਤੂ ਕੈਬਨਿਟ ਮੰਤਰੀ ਮੀਤ ਹੇਅਰ ਦੀ ਕੋਠੀ ਅਤੇ ਦਫਤਰ ਦੇ ਬੂਹੇ ਭੇੜੇ ਮਿਲੇ, ਜਦੋਂ ਕਿ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਘਰ ਪ੍ਰਦਰਸ਼ਨਕਾਰੀਆਂ ਦਾ ਪੁਲਿਸ ਨਾਲ ਹੀ ਸਾਹਮਣਾ ਹੋਇਆ। ਫਿਰ ਮੌਕੇ ਤੇ ਪਹੁੰਚੇ ਐਸ.ਐਚ.ੳ. ਨੇ ਵਿਧਾਇਕ ਦੇ ਸਹੁਰੇ ਨੂੰ ਹੀ ਮੰਗ ਪੱਤਰ ਦਿਵਾਇਆ। ਉੱਧਰ ਮੰਤਰੀ ਮੀਤ ਹੇਅਰ ਦੇ ੳਐਸਡੀ ਹਸਨਪ੍ਰੀਤ ਭਾਰਦਵਾਜ ਦੇ ਘਰੋਂ ਵੀ ਪ੍ਰਦਰਸ਼ਨਕਾਰੀਆਂ ਨੂੰ ਨਿਰਾਸਾ ਤੋਂ ਸਿਵਾਏ, ਕੁੱਝ ਨਹੀਂ ਮਿਲਿਆ। ਪ੍ਰਦਰਸ਼ਨ ਦੀ ਕਮਾਂਡ ਕਰ ਰਹੀ ਮੁਲਾਜਮ ਆਗੂ ਰਮਨਪ੍ਰੀਤ ਕੌਰ ਮਾਨ ਨੇ ਕਿਹਾ ਕਿ ਇੱਕ ਪਾਸੇ ਸਾਰੇ ਲੋਕ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਹਨ, ਪਰੰਤੂ ਸਾਨੂੰ ਆਪਣੀ ਨੌਕਰੀ ਦੀ ਭੀਖ ਮੰਗਣ ਲਈ, ਸਰਕਾਰ ਦੇ ਮੰਤਰੀ ਅਤੇ ਵਿਧਾਇਕਾਂ ਦੇ ਬੂਹਿਆਂ ਅੱਗੇ, ਆਉਣ ਨੂੰ ਮਜਬੂਰ ਹੋਣਾ ਪਿਆ। ਉਨਾਂ ਕਿਹਾ ਕਿ ਮੀਤ ਹੇਅਰ ਦੀ ਕੋਠੀ ਅਤੇ ਦਫਤਰ ਨੂੰ ਤਾਲਾ ਲਟਕਦਾ ਮਿਲਿਆ, ਜਦੋਂਕਿ ਉਨਾਂ ਦੇ ਉਐਸਡੀ ਹਸਨਪ੍ਰੀਤ ਭਾਰਦਵਾਜ ਦੇ ਘਰੋਂ ਵੀ ਖਾਲੀ ਹੱਥ ਮੁੜਨਾ ਪੈ ਗਿਆ। ਉਨਾਂ ਕਿਹਾ ਕਿ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਪਰਿਵਾਰ ਨੇ ਤਾਂ ਸਾਨੂੰ ਵੇਖ ਕੇ, ਗੇਟ ਖੋਲ੍ਹਣ ਦੀ ਬਜਾਏ,ਪੁਲਿਸ ਨੂੰ ਹੀ ਫੋਨ ਕਰਕੇ, ਬੁਲਾ ਲਿਆ। ਅਜਿਹਾ ਹੋਣ ਨਾਲ, ਸਾਫ ਹੋ ਗਿਆ ਕਿ ਲਾਭ ਸਿੰਘ ਹੁਣ, ਆਮ ਆਦਮੀ ਦੀ ਬਜਾਏ ਕੁੱਝ ਬਹੁਤਾ ਹੀ ਖਾਸ ਹੋ ਗਿਆ। ਹੁਣ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਆਮ ਲੋਕਾਂ ਤੋਂ ਹੀ ਭੈਅ ਆਉਣ ਲੱਗ ਪਿਆ। ਦੋਵੇਂ ਆਪ ਵਿਧਾਇਕਾਂ ,ਮੰਤਰੀ ਮੀਤ ਹੇਅਰ ਤੇ ਉਸ ਦੇ ੳਐਸਡੀ ਦੇ ਘਰ ਮੂਹਰੇ ਜ਼ੋਰਦਾਰ ਨਾਅਰੇਬਾਜੀ ਕਰਕੇ, ਪ੍ਰਦਰਸ਼ਨਕਾਰੀਆਂ ਨੇ ਸਾਰਿਆਂ ਨੂੰ ਨਵੇਂ ਸਾਲ ਦੀ ਨਵੀਂ ਸਵੇਰ ਦਾ ਸੰਘਰਸ਼ੀ ਢੰਗ ਨਾਲ ਹੀ ਸੁਨੇਹਾ ਦਿੱਤਾ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਬਰਨਾਲਾ ਜਿਲ੍ਹਾ ਬਣਨ ਸਮੇਂ ਆਊਟਸੋਰਸਿੰਗ ਰਾਹੀਂ 24 ਮੁਲਾਜਮ ਪੂਰੀ ਕਾਨੂੰਨੀ ਪ੍ਰਕਿਰਿਆ ਮੁਕੰਮਲ ਕਰਕੇ, ਭਰਤੀ ਕੀਤੇ ਗਏ ਸਨ। ਹੁਣ ਸਰਕਾਰ ਨੇ ਸਾਨੂੰ ਨੌਕਰੀਉਂ ਫਾਰਗ ਕਰਨ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਨਿਗੂਣੀਆਂ ਤਨਖਾਹਾਂ ਤੇ ਆਪਣੀ ਉਮਰ ਦੇ ਪੰਦਰਾਂ ਸਾਲ ਸਰਕਾਰ ਦੇ ਲੇਖੇ ਲਾਉਣ ਤੋਂ ਬਾਅਦ, ਹੁਣ ਉਵਰਏਜ਼ ਹਾਲਤ ਵਿੱਚ ਬੇਰੋਗਗਾਰ ਕਰਨਾ, ਸਰਕਾਰ ਦੀ ਸਰਾਸਰ ਬੇਇਨਸਾਫੀ ਹੈ, ਜਿਸ ਨੂੰ ਠੇਕਾ ਮੁਲਾਜਮ ਕਦਾਚਿਤ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਾਡਾ ਸੰਘਰਸ਼ ਮੰਗਾਂ ਦੀ ਪੂਰਤੀ ਹੋਣ ਤੱਕ ਹਰ ਦਿਨ ,ਹੋਰ ਤਿੱਖਾ ਰੂਪ ਧਾਰਨ ਕਰੇਗਾ, ਜਿਸ ਦੀ ਸਾਰੀ ਜਿੰਮੇਵਾਰੀ, ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੀ ਹੋਵੇਗੀ।