ਸੁਸ਼ਾਸਨ ਹਫਤਾ : ਪ੍ਰਸ਼ਾਸ਼ਨਿਕ ਤੌਰ ਤਰੀਕਿਆਂ ਨੇ ਟਾਈਪ-ਰਾਈਟਰਾਂ ਤੋਂ ਲੈ ਕੇ ਪੋਰਟਲਜ਼ ਉੱਤੇ ਆਨਲਾਈਨ ਸ਼ਿਕਾਇਤ ਤਕ ਦਾ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ, ਡੀ.ਸੀ. ਪੂਨਮਦੀਪ ਕੌਰ
ਸਾਬਕਾ ਡੀ.ਸੀ. ਗੁਰਲਵਲੀਨ ਸਿੱਧੂ ਨੇ ਜ਼ਿਲ੍ਹਾ ਬਰਨਾਲਾ ਚ ਜਨਤਕ ਸੇਵਾਵਾਂ ਸਮੇਂ ਸਰ ਦਿੱਤੇ ਜਾਣ ਦੀ ਸ਼ਲਾਘਾ ਕੀਤੀ
ਆਯੂਸ਼ਮਾਨ ਭਾਰਤ, ਸੇਵਾ ਕੇਂਦਰ ਚ ਦੋਹਰੀ ਨਿਗਰਾਨੀ ਪ੍ਰਣਾਲੀ, ਮੰਡੀ ਬੋਰਡ ਡਿਜੀਟਾਈਜ਼ੇਸ਼ਨ, ਲੈਂਡ ਮੈਪਿੰਗ ਵਿੱਚ ਬਰਨਾਲਾ ਮੋਹਰੀ
ਰਵੀ ਸੈਣ , ਬਰਨਾਲਾ, 22 ਦਸੰਬਰ 2022
ਸਰਕਾਰੀ ਪ੍ਰਸ਼ਾਸ਼ਨ ਨੇ ਟਾਈਪ-ਰਾਈਟਰਾਂ ‘ਤੇ ਕੀਤੇ ਜਾ ਰਹੇ ਕੰਮਾਂ ਤੋਂ ਲੈ ਕੇ ਲੋਕਾਂ ਨੂੰ ਆਪਣੇ ਘਰ ਦੇ ਆਰਾਮ ਤੋਂ ਆਨਲਾਈਨ ਆਪਣੀਆਂ ਸ਼ਿਕਾਇਤਾਂ ਦਾਇਰ ਕਰਨ ਤੱਕ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ। ਇਸ ਗੱਲ ਦਾ ਪ੍ਰਗਟਾਵਾ ਅੱਜ ਸੁਸ਼ਾਸਨ ਹਫਤੇ ਤਹਿਤ ਕਰਵਾਏ ਗਏ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੁਨਮਦੀਪ ਕੌਰ ਆਈ. ਏ. ਐਸ. ਨੇ ਕੀਤਾ। ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜ਼ਿਲ੍ਹੇ ਵਿੱਚ 19 ਜਨਵਰੀ ਤੋਂ 25 ਜਨਵਰੀ ਤੱਕ ਸੁਸ਼ਾਸਨ ਹਫਤਾ ਮਨਾਇਆ ਜਾ ਰਿਹਾ ਹੈ। ਸਰਕਾਰੀ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਈ-ਸੇਵਾਵਾਂ ਤਹਿਤ ਅਪਣਾਏ ਜਾ ਰਹੇ ਚੰਗੇ ਪ੍ਰਸ਼ਾਸਨਿਕ ਅਮਲਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਅਤੇ ਸਾਬਕਾ ਡਿਪਟੀ ਕਮਿਸ਼ਨਰ ਬਰਨਾਲਾ ਸ. ਗੁਰਲਵਲੀਨ ਸਿੰਘ ਸਿੱਧੂ ਆਈ.ਏ.ਐਸ. (ਸੇਵਾਮੁਕਤ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੀਆਂ ਨਵੀਨਤਾਵਾਂ ਅਤੇ ਪ੍ਰਾਪਤੀਆਂ ਨੂੰ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਸਾਂਝਾ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ਼੍ਰੀਮਤੀ ਪੁਨਮਦੀਪ ਕੌਰ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਸਿਹਤ ਵਿਭਾਗ ਦੀ ਆਯੂਸ਼ਮਾਨ ਭਾਰਤ ਸਕੀਮ ਵਿੱਚ ਸੂਬੇ ਚ ਮੋਹਰੀ ਰਿਹਾ ਹੈ। ਜ਼ਿਲ੍ਹੇ ਨੇ ਇਸ ਤਹਿਤ 87 ਫੀਸਦੀ ਤਕ ਆਪਣਾ ਟੀਚਾ ਹਾਸਲ ਕਰ ਲਿਆ ਹੈ ਅਤੇ 34360 ਮਰੀਜ਼ਾਂ ਨੂੰ ਨਕਦ ਰਹਿਤ ਇਲਾਜ ਦਿੱਤਾ ਗਿਆ ਹੈ। ਇਸੇ ਤਰ੍ਹਾਂ, ਜ਼ਿਲ੍ਹੇ ਨੇ ਸੇਵਾ ਕੇਂਦਰਾਂ ਵਿੱਚ ਇੱਕ ਨਵੀਨਤਾਕਾਰੀ ਤਕਨੀਕ ਪੇਸ਼ ਕੀਤੀ ਗਈ ਹੈ – ਜਿੱਥੇ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇੱਕ ਦੋਹਰੀ ਨਿਗਰਾਨੀ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਬਿਨੈਕਾਰ ਆਪਣੀ ਅਰਜ਼ੀ ਵਿੱਚ ਆਪਰੇਟਰ ਦੁਆਰਾ ਅੱਪਲੋਡ ਕੀਤੇ ਜਾ ਰਹੇ ਵੇਰਵਿਆਂ ਨੂੰ ਇੱਕੋ ਸਮੇਂ ਦੇਖ ਸਕਦਾ ਹੈ। ਇਸ ਨਾਲ ਨਾਲ ਅੱਪਲੋਡ ਕੀਤੇ ਗਏ ਡੇਟਾ ਦੀ ਸ਼ੁੱਧਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਬਰਨਾਲਾ ਸੇਵਾ ਕੇਂਦਰਾਂ ਵਿੱਚ ਵੀ, ਐੱਲ. ਈ. ਡੀ. ਲਗਾਏ ਗਏ ਹਨ ਜੋ ਪੇਸ਼ ਕੀਤੀਆਂ ਜਾਂਦੀਆਂ ਸਾਰੀਆਂ ਸੇਵਾਵਾਂ ਦੇ ਵੇਰਵੇ ਦੇ ਨਾਲ-ਨਾਲ ਸੇਵਾ ਲਈ ਅਰਜ਼ੀ ਦੇਣ ਸਮੇਂ ਬਿਨੈਕਾਰਾਂ ਦੁਆਰਾ ਦਾਖਲ ਕੀਤੇ ਜਾਣ ਵਾਲੇ ਦਸਤਾਵੇਜ਼ਾਂ ਨੂੰ ਦਰਸਾਉਂਦੇ ਹਨ।
ਮੰਡੀ ਬੋਰਡ ਵਿੱਚ ਡਿਜੀਟਾਈਜ਼ੇਸ਼ਨ ਲਾਇਸੈਂਸ ਲਾਗੂ ਕਰਨ ਵਿੱਚ ਵੀ ਜ਼ਿਲ੍ਹਾ ਬਰਨਾਲਾ ਅੱਗੇ ਹੈ। ਇਹ ਡਿਜੀਟਾਈਜੇਸ਼ਨ ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਸੂਬੇ ਤੋਂ ਬਾਹਰੋਂ ਆਉਣ ਵਾਲੀਆਂ ਫ਼ਸਲਾਂ ਦੀ ਵਿਕਰੀ ਨੂੰ ਰੋਕਣ ਵਿੱਚ ਮਦਦਗਾਰ ਸਾਬਤ ਹੋ ਰਹੀ ਹੈ। ਇਸ ਤੋਂ ਪਹਿਲਾਂ ਪੰਜਾਬ ‘ਚ ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦਾ ਫਾਇਦਾ ਉਠਾ ਕੇ ਬਾਹਰਲੇ ਰਾਜਾਂ ਦੇ ਕਈ ਲੋਕ ਪੰਜਾਬ ‘ਚ ਆਪਣੀ ਉਪਜ ਵੇਚਦੇ ਸਨ ਅਤੇ ਇਸ ਲਈ ਕਾਨੂੰਨੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਿਕਾਰਡ ਦਾ ਡਿਜੀਟਾਈਜ਼ੇਸ਼ਨ ਹੋਣ ਨਾਲ ਇਹ ਜਾਅਲੀ ਬਿਲਿੰਗ ਬੰਦ ਹੋ ਗਈ ਹੈ।
ਉਹਨਾਂ ਜ਼ਮੀਨੀ ਮਾਲ ਰਿਕਾਰਡ ਦੇ ਡਿਜੀਟਾਈਜ਼ੇਸ਼ਨ ਬਾਰੇ ਵੀ ਦੱਸਿਆ। ਹੁਣ ਇੱਕ ਨਵੀਂ ਸੇਵਾ ਸ਼ੁਰੂ ਕੀਤੀ ਗਈ ਹੈ । ਜਿਸ ਨਾਲ ਬਰਨਾਲਾ ਦਾ ਵਿਅਕਤੀ ਕਿਸੇ ਹੋਰ ਜ਼ਿਲ੍ਹੇ ਦੀ ਫਰਦ ਲਈ ਅਪਲਾਈ ਕਰ ਸਕਦਾ ਹੈ। ਫਰਦ ਦੀ ਕਾਪੀ ਕੋਰੀਅਰ ਰਾਹੀਂ ਪ੍ਰਾਪਤ ਕੀਤੀ ਜਾਂਦੀ ਹੈ।
ਬਰਨਾਲਾ ਪ੍ਰਸ਼ਾਸਨ ਦੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕਰਦਿਆਂ ਸੇਵਾਮੁਕਤ ਆਈ.ਏ.ਐਸ ਸ੍ਰੀ ਗੁਰਲਵਲੀਨ ਸਿੰਘ (ਜੋ 2013 ਤੋਂ 2016 ਤੱਕ ਡੀਸੀ ਬਰਨਾਲਾ ਵਜੋਂ ਸੇਵਾ ਨਿਭਾ ਚੁੱਕੇ ਹਨ) ਨੇ ਜ਼ਿਲ੍ਹੇ ਨੂੰ ਪ੍ਰਾਪਤੀਆਂ ਲਈ ਵਧਾਈ ਦਿੱਤੀ। ਉਨ੍ਹਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੱਧ ਤੋਂ ਵੱਧ ਸਮਾਂ ਫੀਲਡ ਵਿੱਚ ਬਿਤਾਉਣ, ਲੋਕਾਂ ਦੀਆਂ ਸਮੱਸਿਆਵਾਂ ਜਾਣਨ ਅਤੇ ਲੋਕਾਂ ਨਾਲ ਤਾਲਮੇਲ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਬਹੁਤ ਕੁਸ਼ਲ ਹੋਣਾ ਚਾਹੀਦਾ ਹੈ ਅਤੇ ਕੋਈ ਵੀ ਵਿਅਕਤੀ ਸਰਕਾਰੀ ਸਕੀਮਾਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਇਸ ਮੌਕੇ ਐਸ.ਡੀ.ਐਮ ਬਰਨਾਲਾ ਸ੍ਰੀ ਗੋਪਾਲ ਸਿੰਘ, ਪੀ.ਜੀ.ਓ ਸ੍ਰੀ ਸੁਖਪਾਲ ਸਿੰਘ, ਸਿਵਲ ਸਰਜਨ ਡਾ: ਜਸਬੀਰ ਸਿੰਘ ਔਲਖ ਅਤੇ ਹੋਰ ਵਿਭਾਗਾਂ ਦੇ ਮੁਖੀ ਹਾਜ਼ਰ ਸਨ।