ਹਮੀਦੀ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਨੇ ਪ੍ਰਾਪਤ ਕੀਤਾ 2 ਜਾ ਸਥਾਨ
ਸਿੱਖਿਆ ਵਿਭਾਗ ਵੱਲੋਂ ਆਜ਼ਾਦੀ ਦੇ 75 ਸਾਲਾਂ ਨੂੰ ਸਮਰਪਿਤ ਕਰਵਾਏ ਮੁਕਾਬਲਿਆਂ ਵਿੱਚ ਰਸ਼ਮੀ ਦਾ ਸਨਮਾਨ
ਸੋਨੀ ਪਨੇਸਰ , ਬਰਨਾਲਾ, 22 ਦਸੰਬਰ 2022
ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਵੱਖ-ਵੱਖ ਵਿਦਿਅਕ ਮੁਕਾਬਲਿਆਂ ਵਿੱਚ ਕਰਵਾਏ ਪੇਟਿੰਗ ਦੇ ਮੁਕਾਬਲੇ ਵਿੱਚ ਬਰਨਾਲਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਮੀਦੀ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਰਸ਼ਮੀ ਪੁੱਤਰੀ ਮਲਕੀਤ ਸਿੰਘ ਨੇ ਪੰਜਾਬ ਭਰ ਵਿੱਚੋਂ ਦੂਜਾ ਸਥਾਨ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਵਰਨਣਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ 11 ਵੱਖ-ਵੱਖ ਤਰ੍ਹਾਂ ਦੇ ਸਹਿ ਵਿਦਿਅਕ ਮੁਕਾਬਲੇ ਕਰਵਾਏ ਗਏ ਸਨ ਜਿਨ੍ਹਾਂ ਵਿੱਚ ਸਕੂਲ ਪੱਧਰ, ਬਲਾਕ ਪੱਧਰ, ਤਹਿਸੀਲ ਪੱਧਰ, ਜ਼ਿਲ੍ਹਾ ਪੱਧਰ ਤੇ ਸੂਬਾ ਪੱਧਰ ਤੇ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਪਹਿਲੀ ਤੇ ਦੂਜ਼ੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ, ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਏ ਸਮਾਗਮ ਦੌਰਾਨ ਸਨਮਾਨਤ ਕੀਤਾ ਗਿਆ। ਇਸ ਸਮਾਗਮ ਦੌਰਾਨ ਵਿਦਿਆਰਥਣ ਰਸ਼ਮੀ ਅਤੇ ਉਸ ਦੇ ਗਾਈਡ ਅਧਿਆਪਕ ਡੀ.ਪੀ.ਏ. ਲਖਵੀਰ ਸਿੰਘ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ਡੀ.ਪੀ.ਏ. ਲਖਵੀਰ ਸਿੰਘ ਨੇ ਕਿਹਾ ਕਿ ਵਿਦਿਆਰਥਣ ਰਸ਼ਮੀ ਇੱਕ ਹੋਣਹਾਰ ਵਿਦਿਆਰਥਣ ਹੈ ਜੋ ਕਿ ਸਿੱਖਿਆ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਵੀ ਬੜੇ ਉਤਸ਼ਾਹ ਨਾਲ ਭਾਗ ਲੈਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਵਿਦਿਆਰਥਣ ਨੇ ਜਿਥੇ ਸਿੱਖਿਆ ਦੇ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ ਉਥੇ ਹੀ ਪੰਜਾਬ ਪੱਧਰ ਤੇ ਹੋਏ ਪੇਟਿੰਗ ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਅਤੇ ਅਧਿਆਪਕਾਂ ਦਾ ਗੌਰਵ ਉਚਾ ਕੀਤਾ ਹੈ।