ਹਰਪ੍ਰੀਤ ਕੌਰ ਬਬਲੀ/ ਸੰਗਰੂਰ, 30 ਅਕਤੂਬਰ 2022
ਪੰਜਾਬ ਦਾ ਸੱਭਿਆਚਾਰ ਬਹੁਤ ਅਮੀਰ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਸੱਭਿਆਚਾਰ ਨਾਲ ਜੋੜਨ ਲਈ ਖੇਤਰੀ ਯੁਵਕ ਮੇਲੇ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਇਹ ਪ੍ਰਗਟਾਵਾ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਸਰਕਾਰੀ ਰਣਬੀਰ ਕਾਲਜ ਵਿਖੇ ਚੱਲ ਰਹੇ ਖੇਤਰੀ ਯੁਵਕ ਤੇ ਲੋਕ ਮੇਲੇ ਦੇ ਤੀਜੇ ਦਿਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ। ਸ੍ਰੀ ਅਰੋੜਾ ਨੇ ਸ਼ਮ੍ਹਾਂ ਰੌਸ਼ਨ ਕਰਕੇ ਸੈਸ਼ਨ ਦਾ ਆਗਾਜ਼ ਕੀਤਾ ਅਤੇ ਖੇਤਰੀ ਯੁਵਕ ਮੇਲੇ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਲਈ ਸਰਗਰਮ ਰਹਿਣ ਦਾ ਸੱਦਾ ਦਿੱਤਾ।
ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੰਗਰੂਰ ਜ਼ੋਨ ਦੇ ਕਰਵਾਏ ਜਾ ਰਹੇ ਖੇਤਰੀ ਯੁਵਕ ਅਤੇ ਲੋਕ ਮੇਲੇ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਯੁਵਕ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਯੁਵਕ ਮੇਲੇ ਜਿੱਥੇ ਸਿੱਖਿਆ ਦਾ ਅਨਿੱਖੜਵਾਂ ਅੰਗ ਹੁੰਦੇ ਹਨ ਉੱਥੇ ਵਿਦਿਆਰਥੀਆਂ ਦੀ ਸੋਚ ਨੂੰ ਵੀ ਹੋਰ ਵਿਸ਼ਾਲ ਕਰਦੇ ਹਨ । ਉਨ੍ਹਾਂ ਕਿਹਾ ਕਿ ਯੁਵਕ ਮੇਲੇ ਅਣਤਰਾਸ਼ੇ ਹੀਰਿਆਂ ਨੂੰ ਮੰਚ ਪ੍ਰਦਾਨ ਕਰਕੇ ਤਰਾਸ਼ਦੇ ਹਨ । ਇਸ ਮੌਕੇ ਐਸ ਐਸ ਪੀ ਸ੍ਰੀ ਮਨਦੀਪ ਸਿੰਘ ਸਿੱਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਯੁਵਕ ਮੇਲੇ ਦਾ ਤੀਸਰਾ ਦਿਨ ਇਕਾਂਗੀ ਨਾਟਕ, ਮਮਿੱਕਰੀ, ਲੋਕ ਗੀਤ, ਲੋਕ ਸਾਜ, ਫੋਕ ਆਰਕੈਸਟਰਾ, ਵਾਦ-ਵਿਵਾਦ, ਭਾਸ਼ਣ ਕਲਾ ਅਤੇ ਕਾਵਿ ਉਚਾਰਣ ਦੇ ਨਾਮ ਰਿਹਾ । ਇਸ ਮੌਕੇ ਕਾਲਜ ਪ੍ਰਿੰਸੀਪਲ ਪ੍ਰੋਫੈਸਰ ਸੁਖਬੀਰ ਸਿੰਘ ਅਤੇ ਕੋ-ਆਰਡੀਨੇਟਰ ਡਾ. ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਮੇਲੇ ਦੇ ਦੂਸਰੇ ਦਿਨ ਹੋਏ ਵੱਖ-ਵੱਖ ਮੁਕਾਬਿਲਆਂ ਵਿੱਚ ਸਰਕਾਰੀ ਰਣਬੀਰ ਕਾਲਜ, ਸੰਗਰੂਰ ਦੇ ਵਿਦਿਆਰਥੀਆਂ ਨੇ ਲੋਕ ਨਾਚ ਲੜਕੀਆਂ (ਲੰਬੀ), ਲੋਕ ਨਾਚ ਲੜਕੇ (ਝੂਮਰ), ਭੰਡ, ਮੌਕੇ ਉਤੇ ਚਿੱਤਰਕਾਰੀ, ਪੋਸਟਰ ਮੇਕਿੰਗ, ਕਾਰਟੂਨਿੰਗ ਅਤੇ ਕੋਲਾਜ ਬਣਾਉਣ ਵਿੱਚ ਪਹਿਲਾ ਸਥਾਨ, ਪੱਛਮੀ ਸਾਜ਼ (ਏਕਲ), ਨੁੱਕੜ ਨਾਟਕ, ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ ਲਘੂ ਫਿਲਮ ਅਤੇ ਫੋਟੋਗ੍ਰਾਫੀ ਵਿੱਚ ਦੂਸਰਾ ਸਥਾਨ ਅਤੇ ਪੱਛਮੀ ਗਾਇਨ (ਏਕਲ), ਕਲੇਅ ਮਾਡਲਿੰਗ ਅਤੇ ਇੰਸਟਾਲੇਸ਼ਨ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ।