SDO ਸੀਵਰੇਜ ਬੋਰਡ ਨੇ ਕਿਹਾ ,ਬਰਨਾਲਾ ਸ਼ਹਿਰ ਦੀ ਕਿਸੇ ਵੀ ਕਲੋਨੀ ਨੂੰ ਕੁਨੈਕਸ਼ਨ ਜੋੜਨ ਤੋਂ ਪਹਿਲਾਂ ਨਹੀਂ ਲਿਆ ਗਿਆ ਸੀਵਰੇਜ ਤੇ ਵਾਟਰ ਸਪਲਾਈ ਤੋਂ NOC
ਕੌਂਸਲ ਦੇ JE ਸਲੀਮ ਬੋਲੇ, ਮੌਕਾ ਅਤੇ ਰਿਕਾਰਡ ਵੇਖਣ ਉਪਰੰਤ ਕਰਾਂਗੇ ਉਚਿਤ ਕਾਰਵਾਈ
ਹਰਿੰਦਰ ਨਿੱਕਾ, ਬਰਨਾਲਾ 28 ਅਕਤੂਬਰ 2022
ਸਾਡਾ ਚਲਦਾ ਐ ਧੱਕਾ, ਅਸੀਂ ਤਾਂ ਕਰਦੇ, ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਅਫਸਾਨਾ ਖਾਨ ਦੇ ਬਹੁਚਰਚਿਤ ਗੀਤ ਦੇ ਇਹ ਬੋਲ ਬਰਨਾਲਾ ਸ਼ਹਿਰ ਦੇ ਇੱਕ ਕਲੋਨਾਈਜਰ ਤੇ ਪੂਰੀ ਤਰਾਂ ਢੁੱਕਦੇ ਹਨ। ਕਿਉਂਕਿ ਉਸਦੇ ਰੋਹਬ ਦਾਬ ਅੱਗੇ, ਜਿਲ੍ਹਾ ਪ੍ਰਸ਼ਾਸ਼ਨ ਅਤੇ ਨਗਰ ਕੌਂਸਲ ਦੇ ਆਮ ਲੋਕਾਂ ਤੇ ਹਮੇਸ਼ਾ ਦਬਿਸ਼ ਪਾ ਕੇ ਰੱਖਣ ਵਾਲੇ ਅਧਿਕਾਰੀ ਤੇ ਕਰਮਚਾਰੀ ਠੰਡੇ-ਸੀਤ ਹੋ ਜਾਂਦੇ ਹਨ। ਜੀ ਹਾਂ, ਸ਼ਹਿਰ ਦੇ ਇੱਕ ਨਾਮੀ ਕਲੋਨਾਈਜ਼ਰ ਨੇ 2 ਛੁੱਟੀਆਂ ਦਾ ਲਾਹਾ ਲੈਂਦਿਆਂ “ਅੱਜ” ਅਜਿਹਾ ਇੱਕ ਹੋਰ ਵੱਡਾ ਕਾਰਨਾਮਾ ਲੋਕਾਂ ਵੱਲੋਂ ਖੁਦ ਪਲਾਟਾਂ ਦੇ ਪੈਸੇ ਭਰ ਕੇ ਪਾਸ ਕਰਵਾਈ ਅਣ-ਪਰੂਵਡ ਕਲੋਨੀ ਰਾਹੀਂ ਆਪਣੀ ਕਲੋਨੀ ਦਾ ਸੀਵਰੇਜ , ਸਰਕਾਰੀ ਸੀਵਰੇਜ ਦੀ ਪਾਈਪ ਲਾਈਨ ਨਾਲ ਜ਼ੋੜਨ ਲਈ, ਜੰਗੀ ਪੱਧਰ ਤੇ ਕੰਮ ਸ਼ੁਰੂ ਕਰਕੇ ਕਰ ਦਿੱਤਾ ਹੈ।
ਮੀਡੀਆ ਦੇ ਧਿਆਨ ‘ਚ ਲਿਆਉਣ ਤੋਂ ਬਾਅਦ ਹਰਕਤ ‘ਚ ਆਇਆ ਪ੍ਰਸ਼ਾਸ਼ਨ
ਕੁੱਝ ਅਰਸਾ ਪਹਿਲਾਂ ਰਾਤੋ-ਰਾਤ ਕਾਗਜਾਂ ‘ਚ ਹੀ ਕਲੋਨੀ ਕੱਟ ਕੇ ਕਰੋੜਾਂ ਰੁਪਏ ਇਕੱਠੇ ਕਰਨ ਵਾਲੇ ਸ਼ਹਿਰ ਦੇ ਨਾਮੀ ਕਲੋਨਾਈਜ਼ਰ ਵੱਲੋਂ ਅੱਜ ਆਪਣੀ ਨਵੀਂ ਕਲੋਨੀ ਦੇ ਸੀਵਰੇਜ ਦਾ ਕੁਨੈਕਸ਼ਨ , ਸਰਕਾਰੀ ਸੀਵਰੇਜ ਪਾਈਪ ਲਾਈਨ ਨਾਲ ਜੋੜਨ ਲਈ, ਸਵੱਖਤੇ ਹੀ ਜੇ.ਸੀ.ਬੀ. ਨਾਲ ਜੰਗੀ ਪੱਧਰ ਤੇ ਕੰਮ ਸ਼ੁਰੂ ਕਰ ਦਿੱਤਾ। ਸੀਵਰੇਜ ਦਾ ਡੱਗ ਬਣਾਉਣ ਲਈ, ਕਰੀਬ 15/20 ਫੁੱਟ ਡੂੰਡਾ ਟੋਆ ਪੁੱਟ ਲਿਆ ਤੇ ਆਪਣੀ ਅਪਰੂਵਡ ਕਲੋਨੀ ਦੇ ਕੁੱਝ ਹਿੱਸੇ ਦੀ ਸੜਕ ਪੁੱਟ ਕੇ, ਨਵੀਂ ਕਲੋਨੀ ਨਾਲ ਜੋੜਨ ਲਈ, ਖੁਦਾਈ ਸ਼ੁਰੂ ਕਰ ਦਿੱਤੀ। ਪਹਿਲਾਂ ਤੋਂ ਹੀ ਤੈਅ ਸਕੀਮ ਤਹਿਤ ਕੰਮ ਸ਼ਨੀਵਾਰ ਨੂੰ ਸ਼ੁਰੂ ਕੀਤਾ ਗਿਆ ਤਾਂਕਿ ਇਹ ਐਤਵਾਰ ਦੀ ਸ਼ਾਮ ਤੱਕ ਨੇਪਰੇ ਚੜ੍ਹਾਇਆ ਜਾ ਸਕੇ। ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਜੇ.ਈ. ਸਲੀਮ ਮੁਹੰਮਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਸਬੰਧੀ ਪ੍ਰੈਸ ਰਿਪਰੋਟਰਾਂ ਤੋਂ ਮਿਲੀ ਸੂਚਨਾ ਤੋਂ ਬਾਅਦ, ਮੌਕਾ ਵੇਖਣ ਲਈ, ਪਹੁੰਚ ਗਿਆ ਹਾਂ। ਸੀਵਰੇਜ ਕੁਨੈਕਸ਼ਨ ਜੋੜੇ ਜਾਣ ਦਾ ਮੌਕਾ ਵੇਖਣ ਅਤੇ ਨਗਰ ਕੌਂਸਲ ਵਿੱਚ ਜਮ੍ਹਾਂ ਉਕਤ ਕਲੋਨੀਆਂ ਦਾ ਰਿਕਾਰਡ ਵਾਚਣ ਉਪਰੰਤ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਜਰੂਰ ਲਿਆਂਦੀ ਜਾਵੇਗੀ। ਸ਼ਹਿਰ ਦੀ ਹਦੂਦ ਅੰਦਰ ਬਿਨਾਂ ਮੰਜੂਰੀ ਗੈਰਕਾਨੂੰਨੀ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਭਾਂਵੇ ਕਿੰਨ੍ਹਾਂ ਵੀ ਰਸੂਖਦਾਰ ਕਿਉਂ ਨਾ ਹੋਵੇ, ਬਖਸ਼ਿਆ ਨਹੀਂ ਜਾਵੇਗਾ। ਵਰਣਨਯੋਗ ਹੈ ਕਿ ਕਲੋਨੀ ਕੱਟ ਕੇ ਕਰੋੜਾਂ ਰੁਪਏ ਕਮਾ ਕੇ, ਕਲੋਨੀ ਨੂੰ ਲਾਵਾਰਿਸ ਛੱਡ ਜਾਣ ਵਾਲੇ ਕਲੋਨਾਈਜ਼ਰ ਨੇ ਖੁਦ ਕੱਟੀ ਅਣਪਰੂਵਡ ਕਲੋਨੀ ਵਿੱਚ ਪਏ ਆਪਣੇ ਕਾਫੀ ਪਲਾਟਾਂ ਦੀ ਬਣਦੀ ਫੀਸ ਵੀ ਉਦੋਂ ਜਮ੍ਹਾਂ ਨਹੀਂ ਕਰਵਾਈ ਸੀ। ਜਦੋਂਕਿ ਉਕਤ ਅਣਪਰੂਵਡ ਕਲੋਨੀ ਵਿੱਚ ਪਲਾਟ ਖਰੀਦਣ ਵਾਲੇ ਵੱਡੀ ਗਿਣਤੀ ਵਿੱਚ ਪਲਾਟ ਮਾਲਿਕਾਂ ਨੇ ਆਪਣੇ ਹਿੱਸੇ ਦੀ ਫੀਸ ਜਮ੍ਹਾਂ ਕਰਵਾ ਦਿੱਤੀ ਸੀ।
ਨਾ ਕਿਸੇ ਨੇ ਕਦੇ ਸਾਥੋਂ ਐਨ.ੳ.ਸੀ. ਲਿਆ ਤੇ ਨਾ ਹੀ ਮੰਜੂਰੀ-ਐਸਡੀੳ
ਸੱਚਮੁੱਚ! ਨਗਰ ਕੌਂਸਲ ਬਰਨਾਲਾ ਦਾ ਆਦਮ ਹੀ ਨਿਰਾਲਾ ਹੈ। ਇੱਥੋਂ ਦੇ ਅਧਿਕਾਰੀ ਤੇ ਕਰਮਚਾਰੀ , ਸ਼ਹਿਰ ਅੰਦਰ ਧੜਾਧੜ ਉਸਰਦੀਆਂ ਕਲੋਨੀਆਂ ਨੂੰ ਸੀਵਰੇਜ ਅਤੇ ਵਾਟਰ ਸਪਲਾਈ ਦਾ ਕੁਨੈਕਸ਼ਨ ਜੋੜਨ ਦੀ ਮੰਜੂਰੀ ਦੇਣ ਤੋਂ ਪਹਿਲਾਂ ਸੀਵਰੇਜ ਐਂਡ ਵਾਟਰ ਸਪਲਾਈ ਬੋਰਡ ਦੇ ਅਧਿਕਾਰੀਆਂ ਤੋਂ ਕੋਈ ਐਨ.ੳ.ਸੀ. ਲੈਣ ਦੀ ਲੋੜ ਹੀ ਨਹੀਂ ਸਮਝ ਰਹੇ। ਅਜਿਹਾ ਹੀ ਕਹਿਣਾ ਹੈ, ਬੇਵੱਸ ਜਿਹੇ ਜਾਪ ਰਹੇ, ਸੀਵਰੇਜ ਬੋਰਡ ਬਰਨਾਲਾ ਦੇ ਐਸਡੀੳ ਰਜਿੰਦਰ ਕੁਮਾਰ ਗਰਗ ਦਾ। ਐਸ.ਡੀ.ੳ. ਰਜਿੰਦਰ ਗਰਗ ਨੇ ਕਲੋਨੀ ਦੇ ਸੀਵਰੇਜ ਦਾ ਕੁਨੈਕਸ਼ਨ ਜੋੜੇ ਜਾਣ ਸਬੰਧੀ ਪੁੱਛਣ ਤੇ ਕਿਹਾ, ਕਿ ਬਰਨਾਲਾ ਨਗਰ ਕੌਂਸਲ ਤੋਂ ਬਿਨਾਂ ਸੂਬੇ ਦੀਆਂ ਲੱਗਭੱਗ ਸਾਰੀਆਂ ਹੀ ਨਗਰ ਕੌਂਸਲਾਂ ਕਿਸੇ ਕਲੋਨੀ ਦਾ ਸੀਵਰੇਜ ਜਾਂ ਵਾਟਰ ਸਪਲਾਈ ਦਾ ਕੁਨੈਕਸ਼ਨ ਜੋੜਨ ਤੋਂ ਪਹਿਲਾਂ, ਸੀਵਰੇਜ ਬੋਰਡ ਤੋਂ ਐਨ.ੳ.ਸੀ. ਲਾਜਿਮੀ ਲੈਂਦੀਆਂ ਹਨ। ਪਰੰਤੂ ਬਰਨਾਲਾ ਸ਼ਹਿਰ ਅੰਦਰ ਅਜਿਹਾ ਰਿਵਾਜ ਹੀ ਨਹੀਂ, ਹਾਲੇ ਤੱਕ ਸ਼ਹਿਰ ਦੀ ਲੱਗਭੱਗ ਕਿਸੇ ਵੀ ਕਲੋਨੀ ਦਾ ਸੀਵਰੇਜ ਕੁਨੈਕਸ਼ਨ ਜੋੜਨ ਦੀ ਮੰਜੂਰੀ ਦੇਣ ਤੋਂ ਪਹਿਲਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਕਦੇ ਵੀ ਟੈਕਨੀਕਲ ਤੌਰ ਤੇ ਐਨ.ੳ.ਸੀ ਲੈਣ ਦੀ ਜਰੂਰਤ ਹੀ ਨਹੀਂ ਸਮਝੀ। ਇਸ ਲਈ, ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਕਿ ਕਲੋਨਾਈਜ਼ਰ ਨੇ ਕੋਈ ਮੰਜੂਰੀ ਲੈ ਕੇ ਕੁਨੈਕਸ਼ਨ ਜੋੜਨਾ ਸ਼ੁਰੂ ਕੀਤਾ ਹੈ ਜਾਂ ਫਿਰ ਉਹ ਬਿਨਾਂ ਮੰਜੂਰੀ ਹੀ ਅਜਿਹਾ ਕਰ ਰਿਹਾ ਹੈ। ਉਨਾਂ ਕਿਹਾ ਕਿ ਕਾਨੂੰਨੀ ਤੌਰ ਤੇ ਸੀਵਰੇਜ ਬੋਰਡ ਤੋਂ ਐਨ.ੳ.ਸੀ. ਲਿਆ ਜਾਣਾ ਬਣਦਾ ਹੈ।