ਰਾਜੇਸ਼ ਗੌਤਮ/ ਪਟਿਆਲਾ, 23 ਅਕਤੂਬਰ 2022
ਅੱਜ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਝੁੱਗੀ ਝੌਂਪੜੀਆਂ ‘ਚ ਰਹਿੰਦੇ ਬੱਚਿਆਂ ਦੀ ਭਲਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਰੰਭੇ ਵਿਸ਼ੇਸ਼ ਪ੍ਰਾਜੈਕਟ ‘ਮੇਰਾ ਬਚਪਨ’ ਤਹਿਤ ਮਜੀਠੀਆ ਇਨਕਲੇਵ ਦੇ ਪਾਰਕ-2 ਵਿਖੇ ‘ਮੇਰੀ ਆਵਾਜ ਸੁਣੋ’ ਦੇ ਸਹਿਯੋਗ ਨਾਲ ਮਿਲਕੇ ਸਲੱਮ ਬੱਚਿਆਂ ਨਾਲ ਗਰੀਨ ਦੀਵਾਲੀ ਮਨਾਈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ ਰਾਹੀਂ ਸਮਾਜ ਸੇਵੀ ਸੰਸਥਾ ‘ਮੇਰੀ ਆਵਾਜ ਸੁਣੋ’ ਦੇ ਸਹਿਯੋਗ ਨਾਲ ਗਰੀਨ ਦੀਵਾਲੀ ਮਨਾਉਣ ਦੇ ਇਸ ਸਮਾਰੋਹ ਮੌਕੇ ਇਨ੍ਹਾਂ ਬੱਚਿਆਂ ਨਾਲ ਗੱਲਬਾਤ ਕਰਨ ਮੌਕੇ ਡੀ.ਸੀ. ਸਾਕਸੀ ਸਾਹਨੀ ਨੇ ਕਿਹਾ ਕਿ ਬੱਚਿਆਂ ਵਿੱਚ ਰੱਬ ਵਸਦਾ ਹੈ, ਇਸ ਲਈ ਆਪਣੇ ਬਚਪਨ ਦੀਆਂ ਖੁਸ਼ੀਆਂ ਤੋਂ ਵਾਂਝੇ ਰਹਿ ਗਏ, ਉਹ ਬੱਚੇ, ਜਿਹੜੇ ਕਿ ਲਾਇਟਾਂ ‘ਤੇ ਖੜ੍ਹਕੇ ਕੁਝ ਵੇਚਦੇ ਹਨ ਜਾਂ ਭੀਖ ਮੰਗਦੇ ਹਨ, ਦੀ ਭਲਾਈ ਲਈ ਅਰੰਭੇ ‘ਮੇਰਾ ਬਚਪਨ’ ਪ੍ਰਾਜੈਕਟ ਨਾਲ ਵੱਧ ਤੋਂ ਵੱਧ ਲੋਕ ਜੁੜਨ ਤਾਂ ਕਿ ਅਸੀਂ ਇਨ੍ਹਾਂ ਬੱਚਿਆਂ ਦਾ ਬਚਪਨ ਵਾਪਸ ਲਿਆ ਸਕੀਏ।
ਡਿਪਟੀ ਕਮਿਸ਼ਨਰ ਸਾਕਸੀ ਸਾਹਨੀ ਨੇ ਕਿਹਾ ਕਿ ਇਨ੍ਹਾਂ ਅਜਿਹੇ ਬੱਚਿਆਂ ਲਈ ਬੇਕਰੀ, ਸਿਲਾਈ-ਕਢਾਈ ਆਦਿ ਦੇ ਕੋਰਸ ਕਰਵਾਉਣ ਤੋਂ ਇਲਾਵਾ ਇਨ੍ਹਾਂ ਦੀ ਮੁਢਲੀ ਪੜ੍ਹਾਈ ਸਮੇਤ ਚਾਹਵਾਨ ਬੱਚਿਆਂ ਦੀ ਅਗਲੇਰੀ ਪੜ੍ਹਾਈ ਕਰਵਾਈ ਜਾ ਰਹੀ ਹੈ। ਵਿਧਾਇਕ ਡਾ. ਬਲਬੀਰ ਸਿੰਘ ਤੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਪ੍ਰਦੂਸ਼ਣ ਮੁਕਤ ਗਰੀਨ ਦੀਵਾਲੀ ਮਨਾਉਣ ਦੀ ਅਪੀਲ ਦਿੰਦਿਆਂ ਸਲੱਮ ਬੱਚਿਆਂ ਨਾਲ ਕਾਫ਼ੀ ਸਮਾਂ ਬਿਤਾਇਆ ਅਤੇ ਇਨ੍ਹਾਂ ਬੱਚਿਆਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਇਨ੍ਹਾਂ ਬੱਚਿਆਂ ਨੇ ਗਰੀਨ ਦੀਵਾਲੀ ਦੇ 100 ਡਰਾਇੰਗ ਪੋਸਟਰ ਬਣਾਏ ਅਤੇ ਇਨ੍ਹਾਂ ਬੱਚਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਸਲੱਮ ਬੱਚਿਆਂ ਨੇ ਦੀਵਾਲੀ ਡਾਂਸ ਤੇ ਰੰਗੋਲੀ ਬਣਾਕੇ ਸਕਿੱਟ ਵੀ ਪੇਸ਼ ਕੀਤੀ। ਡਿਪਟੀ ਕਮਿਸ਼ਨਰ ਨੇ ਇਨ੍ਹਾਂ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਜਿੰਦਗੀ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ। ਮੇਰੀ ਆਵਾਜ ਸੁਣੋ ਸੰਸਥਾ ਨੇ ਇਨ੍ਹਾਂ ਬੱਚਿਆਂ ਨੂੰ ਮਠਿਆਈ ਅਤੇ ਹੋਰ ਤੋਹਫ਼ੇ ਭੇਟ ਕੀਤੇ। ਸੰਸਥਾ ਦੇ ਮੁਖੀ ਗੁਰਨੀਰ ਸਾਹਨੀ ਅਤੇ ਮੈਂਬਰਾਂ ਨੇ ਵਿਧਾਇਕ ਡਾ. ਬਲਬੀਰ ਸਿੰਘ ਤੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ।