ਪੁਲਿਸ ਯਾਦਗਾਰੀ ਦਿਹਾੜੇ ਮੌਕੇ ਪੁਲਿਸ ਲਾਈਨ ਵਿਖੇ ਹੋਇਆ ਸ਼ਰਧਾਂਜਲੀ ਸਮਾਰੋਹ

Advertisement
Spread information

ਰਾਜੇਸ਼ ਗੌਤਮ/ ਪਟਿਆਲਾ, 21 ਅਕਤੂਬਰ 2022

ਅੱਜ ਪੁਲਿਸ ਯਾਦਗਾਰੀ ਦਿਵਸ ਮੌਕੇ ਪਟਿਆਲਾ ਦੀ ਪੁਲਿਸ ਲਾਈਨ ਵਿਖੇ ਸ਼ਹੀਦੀ ਸਮਾਰਕ ‘ਤੇ ਪੁਲਿਸ ਅਤੇ ਅਰਧ ਸੁਰੱਖਿਆ ਬਲਾਂ ਦੇ ਜਾਂਬਾਜ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਮਾਗਮ ਕਰਵਾਇਆ ਗਿਆ। ਐਸ.ਐਸ.ਪੀ. ਦੀਪਕ ਪਾਰੀਕ ਦੀ ਅਗਵਾਈ ਹੇਠਲੇ ਇਸ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪਟਿਆਲਾ ਰੇਂਜ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਗੈਂਗਸਟਰਵਾਦ ਤੇ ਨਸ਼ਿਆਂ ਦੀਆਂ ਮੌਜੂਦਾ ਚੁਣੌਤੀਆਂ ਸਮੇਤ ਗਵਾਂਢੀ ਮੁਲਕ ਵੱਲੋਂ ਫੈਲਾਏ ਜਾਣ ਵਾਲੇ ਅੱਤਵਾਦ ਤੇ ਸਰਹੱਦ ਪਾਰੋਂ ਤਸਕਰੀ ਆਦਿ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਹਰ ਪੱਖੋਂ ਸੁਚੇਤ, ਸਮਰੱਥ ਅਤੇ ਕਾਬਲ ਹੈ।

Advertisement

ਆਈ.ਜੀ. ਸ. ਛੀਨਾ ਨੇ ਸਮੂਹ ਪੁਲਿਸ ਅਤੇ ਅਰਧ ਸੁਰੱਖਿਆ ਬਲਾਂ ਦੇ ਡਿਊਟੀ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਸਾਡੇ ਸ਼ਹੀਦਾਂ ਦੀ ਕੁਰਬਾਨੀ ਸਾਡੇ ਲਈ ਹਮੇਸ਼ਾ ਪ੍ਰੇਰਣਾ ਸਰੋਤ ਬਣੀ ਰਹੇਗੀ। ਸ. ਛੀਨਾ ਨੇ ਕਿਹਾ ਕਿ ਗੁਆਂਢੀ ਮੁਲਕ ਤੇ ਆਈ.ਐਸ.ਆਈ. ਦੀਆਂ ਸਾਜਿਸ਼ਾਂ ਕਾਰਨ ਪੰਜਾਬ ਪੁਲਿਸ ਨੇ ਕਰੀਬ 10 ਸਾਲ ਦਹਿਸ਼ਤਗਰਦੀ ਦਾ ਸਾਹਮਣਾ ਕੀਤਾ, ਜਿਸ ਦੌਰਾਨ ਪੁਲਿਸ ਅਫ਼ਸਰਾਂ, ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਸਮੇਤ ਕੁਲ 1784 ਸ਼ਹੀਦ ਹੋਏ, ਇਨ੍ਹਾਂ ‘ਚੋਂ ਪਟਿਆਲਾ ਰੇਂਜ ਦੇ 157 ਸ਼ਹੀਦ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਕੁਰਬਾਨੀਆਂ ਸਦਕਾ ਹੀ ਅੱਜ ਪੰਜਾਬ ‘ਚ ਅਮਨ-ਸ਼ਾਤੀ ਤੇ ਖੁਸ਼ਹਾਲੀ ਕਾਇਮ ਹੈ ਅਤੇ ਸਾਡੀ ਨਵੀਂ ਪੁਲਿਸ ਫੋਰਸ ਲਈ ਇਹ ਕੁਰਬਾਨੀਆਂ ਪ੍ਰੇਰਣਾ ਦਾ ਵੱਡਾ ਸਰੋਤ ਹੈ। ਆਈ.ਜੀ. ਨੇ ਦੱਸਿਆ ਕਿ ਅੱਜ ਦਾ ਦਿਨ ਉਨ੍ਹਾਂ ਮਹਾਨ 10 ਸ਼ਹੀਦਾਂ ਦੀ ਪਵਿਤਰ ਯਾਦ ‘ਚ ਮਨਾਇਆ ਜਾਂਦਾ ਹੈ, ਜਿਹੜੇ 21 ਅਕਤੂਬਰ 1959 ਨੂੰ ਹੌਟ ਸਪਰਿੰਗ ਲਦਾਖ ਵਿਖੇ ਚੀਨ ਦੀ ਫ਼ੌਜ ਵੱਲੋਂ ਸੀ.ਆਰ.ਪੀ.ਐਫ. ਅਤੇ ਇੰਟੈਲੀਜੈਂਸ ਬਿਊਰੋ ਦੀ ਸਾਂਝੀ ਗਸ਼ਤੀ ਟੁਕੜੀ ‘ਤੇ ਘਾਤ ਲਗਾ ਕੇ ਹਮਲਾ ਕਰਨ ਕਰਕੇ ਦੇਸ਼ ਦੀ ਰੱਖਿਆ ਕਰਦਿਆ ਸ਼ਹੀਦੀਆਂ ਪਾ ਗਏ ਸਨ।

ਐਸ.ਐਸ.ਪੀ. ਦੀਪਕ ਪਾਰੀਕ ਨੇ ਇਸ ਮੌਕੇ ਪੁੱਜੇ ਸ਼ਹੀਦਾਂ ਦੇ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਦੀ ਬਦੌਲਤ ਹੀ ਆਜ਼ਾਦ ਫ਼ਿਜ਼ਾ ਅਤੇ ਸ਼ਾਂਤੀ ਦੀ ਬਹਾਲੀ ਹੋਈ ਹੈ, ਜਿਸ ਲਈ ਇਨ੍ਹਾਂ ਸ਼ਹੀਦ ਪਰਿਵਾਰਾਂ ਦਾ ਮੁੱਲ ਮੋੜਿਆ ਨਹੀਂ ਜਾ ਸਕਦਾ।

ਇਸ ਦੌਰਾਨ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਰਣਜੀਤ ਜੈਨ, ਸੀ.ਜੇ.ਐਮ. ਅਮਿਤ ਮੱਲ੍ਹਣ, ਏ.ਡੀ.ਸੀ. ਦਿਹਾਤੀ ਵਿਕਾਸ ਈਸ਼ਾ ਸਿੰਘਲ, ਜ਼ਿਲ੍ਹਾ ਅਟਾਰਨੀ ਪ੍ਰਾਸੀਕਿਊਸ਼ਨ ਦਵਿੰਦਰ ਗੋਇਲ, ਮੌਜੂਦਾ ਤੇ ਸਾਬਕਾ ਪੁਲਿਸ ਅਧਿਕਾਰੀਆਂ ਤੇ ਸ਼ਹੀਦ ਪਰਿਵਾਰਾਂ ਨੇ ਸ਼ਹੀਦਾਂ ਦੀ ਸਮਾਧੀ ‘ਤੇ ਫੁਲ ਮਾਲਾਵਾਂ ਭੇਟ ਕੀਤੀਆਂ। ਡੀ.ਐਸ.ਪੀ. ਸੌਰਵ ਜਿੰਦਲ ਦੀ ਅਗਵਾਈ ਹੇਠਲੀ ਪੁਲਿਸ ਟੁਕੜੀ ਨੇ ਸੋਗ ਤੇ ਸਲਾਮੀ ਸ਼ਾਸ਼ਤਰ ਅਤੇ ਦੋ ਮਿੰਟ ਦਾ ਮੌਨ ਧਾਰਨ ਮਗਰੋਂ ਬਿਗਲਰ ਵੱਲੋਂ ਰਿਵਾਲੀ ਦੀ ਧੁਨ ਵਜਾਏ ਜਾਣ ਨਾਲ ਸ਼ਹੀਦਾਂ ਨੂੰ ਸਲਾਮੀ ਦਿੱਤੀ।

ਐਸ.ਪੀ. (ਸਥਾਨਕ) ਹਰਵੰਤ ਕੌਰ ਨੇ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਦੇਸ਼ ਭਰ ਵਿੱਚ ਸ਼ਹੀਦ ਹੋਣ ਵਾਲੇ ਸਮੂਹ ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਅਧਿਕਾਰੀਆਂ ਤੇ ਜਵਾਨਾਂ ਦੇ ਨਾਮ ਪੜ੍ਹ ਕੇ ਸ਼ਰਧਾਂਜਲੀ ਭੇਟ ਕੀਤੀ। ਬਾਅਦ ‘ਚ ਆਈ.ਜੀ. ਅਤੇ ਐਸ.ਐਸ.ਪੀ. ਨੇ ਜ਼ਿਲ੍ਹਾ ਪੁਲਿਸ ਵੱਲੋਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ ਅਤੇ ਸ਼ਹੀਦ ਪਰਿਵਾਰਾਂ ਦੀਆਂ ਦੁੱਖ ਤਕਲੀਫ਼ਾਂ ਵੀ ਸੁਣੀਆਂ।

ਸਮਾਗਮ ਮੌਕੇ ਸਾਬਕਾ ਆਈ.ਜੀ. ਪਰਮਜੀਤ ਸਿੰਘ ਗਿੱਲ, ਸਾਬਕਾ ਐਸ.ਪੀਜ ਅਮਰਜੀਤ ਸਿੰਘ ਘੁੰਮਣ, ਸੁਖਦੇਵ ਸਿੰਘ ਵਿਰਕ, ਸਮਸ਼ੇਰ ਸਿੰਘ ਬੋਪਾਰਾਏ, ਮਨਜੀਤ ਸਿੰਘ ਬਰਾੜ, ਜੀ.ਐਸ. ਬੱਗੜ, ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਸਪ੍ਰਸਤ ਸਮਸ਼ੇਰ ਸਿੰਘ ਗੁੱਡੂ ਤੇ ਪ੍ਰਧਾਨ ਸੁਖਵਿੰਦਰ ਸਿੰਘ, ਪ੍ਰਿੰਸੀਪਲ ਪੁਲਿਸ ਡੀ.ਏ.ਵੀ. ਸਕੂਲ ਮੀਨਾ ਥਾਪਰ, ਮੈਡੀਕਲ ਅਫ਼ਸਰ ਡਾ. ਜੀ.ਐਸ. ਰੰਧਾਵਾ, ਜ਼ਿਲ੍ਹੇ ਦੇ ਸਮੂਹ ਐਸ.ਪੀਜ. ਵਜੀਰ ਸਿੰਘ ਖਹਿਰਾ, ਰਾਕੇਸ਼ ਕੁਮਾਰ, ਹਰਬੀਰ ਸਿੰਘ ਅਟਵਾਲ, ਡੀ.ਐਸ.ਪੀ. (ਸਥਾਨਕ) ਹਰਦੀਪ ਸਿੰਘ ਬਡੂੰਗਰ ਸਮੇਤ ਬਾਕੀ ਡੀ.ਐਸ.ਪੀਜ ਤੇ ਹੋਰ ਅਧਿਕਾਰੀਆਂ ਨੇ ਵੀ ਸ਼ਹੀਦਾਂ ਦੇ ਪਰਿਵਾਰਾਂ ਨਾਲ ਸ਼ਹੀਦੀ ਯਾਦਗਾਰ ਅਤੇ ਸ਼ਹੀਦਾਂ ਦੀਆਂ ਤਸਵੀਰਾਂ ‘ਤੇ ਫੁੱਲਾਂ ਦੀਆਂ ਰੀਥਾਂ ਰੱਖ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

Advertisement
Advertisement
Advertisement
Advertisement
Advertisement
error: Content is protected !!