ਮਨਰੇਗਾ ਮਜਦੂਰਾਂ ਨੇ ਬੀਡੀਪੀਓ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ
ਬਰਨਾਲਾ 12 ਅਕਤੂਬਰ (ਰਘੁਵੀਰ ਹੈੱਪੀ)
ਪਿੰਡ ਮਾਂਗੇਵਾਲ ਵਿਖੇ ਮਨਰੇਗਾ ਅਧੀਨ ਕੰਮ ਕਰਦੇ ਮਜਦੂਰਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਇਨਕਲਾਬੀ ਕੇਂਦਰ, ਪੰਜਾਬ ਦੀ ਅਗਵਾਈ’ਚ ਵਫਦ ਬੀਡੀਪੀਓ ਬਰਨਾਲਾ ਪਰਵੇਸ਼ ਗੋਇਲ ਨੂੰ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਨਕਲਾਬੀ ਕੇਂਦਰ ਦੇ ਆਗੂਆਂ ਡਾ ਰਾਜਿੰਦਰ, ਖੁਸ਼ਮੰਦਰ ਪਾਲ, ਸੁਖਵਿੰਦਰ ਠੀਕਰੀਵਾਲਾ ਅਤੇ ਮਨਰੇਗਾ ਮਜਦੂਰਾਂ ਦੇ ਆਗੂਆਂ ਕਿਰਨਪਾਲ ਕੌਰ, ਸਿਮਰਾ ਸਿੰਘ ਅਤੇ ਗੁਰਮੀਤ ਕੌਰ ਆਦਿ ਨੇ ਦੱਸਿਆ ਕਿ ਹੱਡ ਭੰਨਵੀਂ ਮਿਹਨਤ ਕਰਨ ਤੋਂ ਬਾਅਦ ਵੀ ਮਜਦੂਰਾਂ ਨੂੰ ਉਨ੍ਹਾਂ ਦੀ ਬਣਦੀ ਪੂਰੀ ਉਜਰਤ ਨਹੀਂ ਦਿੱਤੀ ਜਾਂਦੀ। ਮਹਿੰਗਾਈ ਦੇ ਯੁੱਗ ਵਿੱਚ ਸਰਕਾਰ ਵੱਲੋਂ ਤਹਿਸ਼ਦਾ ਦਿਹਾੜੀ 282 ਰੁ਼ ਨਾਲ ਵੀ ਪੑੀਵਾਰ ਦਾ ਗੁਜਾਰਾ ਹੋਣਾ ਮੁਸ਼ਕਿਲ ਹੈ ਪਰ ਆਡਿਟ ਜਾਂ ਹੋਰ ਤਰ੍ਹਾਂ-ਤਰੵਾਂ ਦੇ ਕੰਮ ਘੱਟ ਹੋਣ ਆਦਿ ਦੇ ਬਹਾਨੇ ਲਗਾ ਕੇ ਪੂਰੀ ਉਜਰਤ ਦੀ ਅਦਾਇਗੀ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਜੌਬ ਕਾਰਡ ਵਾਲੇ ਮਜਦੂਰਾਂ ਨੂੰ ਕੰਮ ਕਰਨ ਲਈ ਸੰਦ ਵੀ ਨਹੀਂ ਦਿੱਤੇ ਜਾਂਦੇ। ਜੌਬ ਕਾਰਡਾਂ ਵਿੱਚ ਮਾਮੂਲੀ ਗਲਤੀਆਂ ਕਾਰਡ ਉਜਰਤ ਰੋਕ ਲਈ ਜਾਂਦੀ ਹੈ। ਜੌਬ ਕਾਰਡ ਵਿੱਚ ਗਲਤੀਆਂ ਨੂੰ ਦਰੁਸਤ ਨਹੀਂ ਕੀਤਾ ਜਾਂਦਾ।ਇਸੇ ਹੀ ਤਰ੍ਹਾਂ ਕੰਮ ਕਰਨ ਵਾਲੀ ਥਾਂ ਲਈ ਪਾਸ ਹੋਈ ਤਖਮੀਨੇ ਦੀ ਰਕਮ ਵੀ ਨਹੀਂ ਦੱਸੀ ਜਾਂਦੀ। ਇਸ ਤਰ੍ਹਾਂ ਮਨਰੇਗਾ ਮਜਦੂਰਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ
। ਅੱਜ ਇਹ ਮਨਰੇਗਾ ਮਜਦੂਰ ਮਾਂਗੇਵਾਲ ਵਿਖੇ ਭਾਕਿਯੂ ਏਕਤਾ ਡਕੌਂਦਾ ਦੇ ਜਿਲ੍ਹਾ ਆਗੂ ਗੁਰਦੇਵ ਸਿੰਘ ਮਾਂਗੇਵਾਲ ਅਤੇ ਅਮਰਜੀਤ ਸਿੰਘ ਠੁੱਲੀਵਾਲ ਦੀ ਅਗਵਾਈ ਵਿੱਚ ਇਕੱਠੇ ਹੋਏ ਅਤੇ ਮੰਗਾਂ ਦੀ ਜਥੇਬੰਦਕ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ। ਬੀਡੀਪੀਓ ਬਰਨਾਲਾ ਨੇ ਮਨਰੇਗਾ ਮਜਦੂਰਾਂ ਦਾ ਮੰਗ ਪੱਤਰ ਹਾਸਲ ਕਰਦਿਆਂ ਦਰਜ ਮੰਗਾਂ ਉੱਪਰ ਇਨਕਲਾਬੀ ਕੇਂਦਰ ਅਤੇ ਮਨਰੇਗਾ ਮਜਦੂਰਾਂ ਦੇ ਆਗੂਆਂ ਨਾਲ ਗੱਲਬਾਤ ਕਰਦਿਆਂ ਕੁੱਝ ਸਮੱਸਿਆਵਾਂ ਤੁਰੰਤ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ। ਰਹਿੰਦੀਆਂ ਮੰਗਾਂ ਖਾਸ ਕਰ ਘੱਟ ਉਜਰਤ ਵਾਲੀ ਮੰਗ ਨੂੰ ਜਲਦ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਸਮੇਂ ਮਨਰੇਗਾ ਮਜਦੂਰਾਂ ਨੇ ਬੀਡੀਪੀਓ ਦਫਤਰ ਦੇ ਗੇਟ ਅੱਗੇ ਜੋਰਦਾਰ ਨਾਅਰੇਬਾਜੀ ਕੀਤੀ। ਇਨਕਲਾਬੀ ਕੇਂਦਰ ਦੇ ਆਗੂਆਂ ਨੇ ਮਨਰੇਗਾ ਮਜਦੂਰਾਂ ਨੂੰ ਆਪਣੇ ਹੱਕ ਹਾਸਲ ਕਰਨ ਲਈ ਜਥੇਬੰਦਕ ਏਕਾ ਮਜਬੂਰ ਕਰਨ ਦੀ ਲੋੜ’ਤੇ ਜ਼ੋਰ ਦਿੱਤਾ। ਮਨਰੇਗਾ ਮਜਦੂਰਾਂ ਨੂੰ ਮੰਗਾਂ ਹੱਲ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।