ਕਾਮਿਆਂ ਨੂੰ ਇਨਸਾਫ਼ ਦਿਵਾਉਣ ਲਈ ਭਾਕਿਯੂ ਏਕਤਾ ਡਕੌਂਦਾ ਸੰਘਰਸ਼ ਕਰੇਗੀ-ਜਗਰਾਜ ਹਰਦਾਸਪੁਰਾ
ਰਘਵੀਰ ਹੈਪੀ , ਮਨਾਲ 12 ਅਕਤੂਬਰ 2022
13 ਏਕੜ ਜ਼ਮੀਨ ਵਿੱਚ ਬਣੀ ਸਰਕਾਰੀ ਗਊਸ਼ਾਲਾ ਵਿੱਚ ਦਰਜਨ ਤੋਂ ਵਧੇਰੇ ਕੰਮ ਕਰਦੇ ਕਾਮਿਆਂ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ। ਇਸ ਹਾਲਾਤ ਬਾਰੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਨੇ ਦੱਸਿਆ ਕਿ ਪੂਰੇ ਜਿਲ੍ਹੇ ਵਿੱਚ ਇੱਕੋ-ਇੱਕ ਸਰਕਾਰੀ ਗਊਸ਼ਾਲਾ ਬਣੀ ਹੋਈ ਹੈ। ਇਸ ਗਊਸ਼ਾਲਾ ਵਿੱਚ ਮੈਨੇਜਰ ਸਮੇਤ ਸਾਰੇ ਵਰਕਰ ਲੰਬੇ ਸਮੇਂ ਤੋਂ ਨਿਗੂਣੀਆਂ ਉਜਰਤਾਂ ਉੱਪਰ ਕੰਮ ਕਰਨ ਲਈ ਮਜ਼ਬੂਰ ਹਨ।
ਮਨੇਜਰ ਨੂੰ 11000 ਰੁਪਏ, ਵਰਕਰਾਂ ਨੂੰ 8500 ਰੁਪਏ ਉਜਰਤ ਦਿੱਤੀ ਜਾਂਦੀ ਹੈ। ਇਹ ਉਜਰਤ ਵੀ 2015 ਵਿੱਚ ਜਦੋਂ ਗਊਸ਼ਾਲਾ ਬਣੀ ਸੀ ਤਾਂ ਲੰਬਾ ਸਮਾਂ ਕੋਈ ਉਜਰਤ ਨਹੀਂ ਦਿੱਤੀ ਗਈ ਸੀ। ਭਾਕਿਯੂ ਏਕਤਾ ਡਕੌਂਦਾ ਵੱਲੋਂ ਇਨ੍ਹਾਂ ਕਾਮਿਆਂ ਨੂੰ ਉਜਰਤ ਦੇਣ ਲਈ ਸੰਘਰਸ਼ ਕਰਨ ਤੋਂ ਬਾਅਦ ਹੀ ਉਜਰਤਾਂ ਮਿਲਣੀਆਂ ਸ਼ੁਰੂ ਹੋਈਆਂ ਸਨ। ਹੁਣ ਢਾਈ ਸਾਲ ਦਾ ਸਮਾਂ ਬੀਤ ਜਾਣ ਬਾਅਦ ਵੀ ਇਨ੍ਹਾਂ ਕਾਮਿਆਂ ਦੀਆਂ ਉਜਰਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਕੋਵਿਡ ਦੌਰਾਨ ਅਤੇ ਹੁਣ ਲੰਪੀ ਸਕਿਨ ਬਿਮਾਰੀ ਦੌਰਾਨ ਗਊਆਂ ਦੀ ਸਾਂਭ ਸੰਭਾਲ ਲਈ ਇਨ੍ਹਾਂ ਕਾਮਿਆਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਹੈ। ਪਸ਼ੂਆਂ ਦੀ ਸਾਂਭ ਸੰਭਾਲ ਦੌਰਾਨ ਬਹੁਤ ਵਾਰੀ ਵਰਕਰਾਂ ਨੂੰ ਗੰਭੀਰ ਸੱਟ ਲੱਗ ਜਾਂਦੀ ਹੈ ਜਾਂ ਪਸ਼ੂ ਹੀ ਕਈ ਵਾਰ ਵਰਕਰਾਂ ਦੇ ਸੱਟ ਫੇਟ ਮਾਰ ਦਿੰਦੇ ਹਨ। ਸੱਟ ਨਾਲ ਗੰਭੀਰ ਜਖਮੀ ਹੋਏ ਵਰਕਰਾਂ ਦੇ ਇਲਾਜ ਲਈ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਦਿੱਤੀ ਜਾਂਦੀ।
ਸਰਕਾਰੀ ਤੌਰ’ਤੇ ਇਲਾਜ ਵੀ ਨਹੀਂ ਕਰਵਾਇਆ ਜਾਂਦਾ। ਗਊਸ਼ਾਲਾ ਵਿੱਚ ਸਹੀ ਢੰਗ ਨਾਲ ਸੰਭਾਲ ਲਈ ਗਿਣਤੀ ਅਨੁਸਾਰ ਘੱਟੋ-ਘੱਟ ਇੱਕ ਦਰਜਣ ਹੋਰ ਕਾਮਿਆਂ ਦੀ ਲੋੜ ਹੈ। ਇਸ ਸਮੇਂ ਗੱਲਬਾਤ ਕਰਦਿਆਂ ਭਾਕਿਯੂ ਏਕਤਾ ਡਕੌਂਦਾ ਪਿੰਡ ਇਕਾਈ ਮਨਾਲ ਦੇ ਆਗੂਆਂ ਗਗਨਦੀਪ ਸਿੰਘ, ਅਮਨਦੀਪ ਸਿੰਘ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ 2015 ਵਿੱਚ ਇਸ ਗਊਸ਼ਾਲਾ ਲਈ 2000 ਰੁਪਏ ਪ੍ਰਤੀ ਏਕੜ ਪ੍ਰਤੀ ਸਾਲ ਠੇਕਾ ਦੇਣਾ ਤਹਿ ਕੀਤਾ ਸੀ। ਉਹ ਵੀ ਲੰਬੇ ਸਮੇਂ ਤੋਂ ਅਦਾ ਨਹੀਂ ਕੀਤਾ ਜਾ ਰਿਹਾ। ਜਦੋਂਕਿ ਇਹ ਕਾਮੇ ਦਿਨ ਰਾਤ ਗਊਆਂ ਦੀ ਸੰਭਾਲ ਕਰਦੇ ਹਨ। ਇਸ ਸਾਰੀ ਹਾਲਾਤ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਕਿਯੂ ਏਕਤਾ ਡਕੌਂਦਾ ਅਤੇ ਵਰਕਰਾਂ ਕਰਨੈਲ ਸਿੰਘ,ਸੁਰਜੀਤ ਸਿੰਘ,ਜਗਸੀਰ ਸਿੰਘ, ਦਰਸ਼ਨ ਸਿੰਘ,ਗੁਰਮੀਤ ਸਿੰਘ,ਅਜਮੇਰ ਸਿੰਘ,ਅਮਨਦੀਪ ਸਿੰਘ ਨੇ ਜਿਲ੍ਹਾ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਹੈ ਕਿ ਗਊਸ਼ਾਲਾ ਵਿੱਚ ਕੰਮ ਕਰਦੇ ਕਾਮਿਆਂ ਦੀਆਂ ਉਜਰਤਾਂ ਵਿੱਚ ਵਧੀ ਹੋਈ ਮਹਿੰਗਾਈ ਅਨੁਸਾਰ ਵਾਧਾ ਕੀਤਾ ਜਾਵੇ, ਪੱਕਾ ਕੀਤਾ ਜਾਵੇ, ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ, ਸਾਲ ਵਿੱਚ ਚਾਰ ਵਰਦੀਆਂ ਦਿੱਤੀਆਂ ਜਾਣ, ਲੋੜ ਅਨੁਸਾਰ ਹੋਰ ਕਾਮੇ ਭਰਤੀ ਕੀਤੇ ਜਾਣ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਭਾਕਿਯੂ ਏਕਤਾ ਡਕੌਂਦਾ ਇਨ੍ਹਾਂ ਕਾਮਿਆਂ ਨੂੰ ਨਾਲ ਲੈਕੇ ਸੰਘਰਸ਼ ਦਾ ਰਸਤਾ ਅਖਤਿਆਰ ਕਰੇਂਗੀ।