ਫਾਜਿ਼ਲਕਾ ਜਿ਼ਲ੍ਹੇ ਵਿਚ ਹਾਲੇ ਤੱਕ ਪਰਾਲੀ ਸਾੜਨ ਦਾ ਇਕ ਵੀ ਮਾਮਲਾ ਨਹੀਂ ਆਇਆ-ਡਿਪਟੀ ਕਮਿਸ਼ਨਰ
ਫਾਜਿ਼ਲਕਾ, 11 ਅਕਤੂਬਰ (ਪੀਟੀ ਨਿਊਜ਼)
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਸ ਨੇ ਪਰਾਲੀ ਪ੍ਰਬੰਧਨ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਦੱਸਿਆ ਹੈ ਕਿ ਹਾਲੇ ਤੱਕ ਫਾਜਿ਼ਲਕਾ ਜਿ਼ਲ੍ਹੇ ਵਿਚ ਪਰਾਲੀ ਸਾੜਨ ਦਾ ਇਕ ਵੀ ਮਾਮਲਾ ਰਿਪੋਰਟ ਨਹੀਂ ਹੋਇਆ ਹੈ। ਉਨ੍ਹਾਂ ਨੇ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਤੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬਾੜੀ ਸਮੇਤ ਦੂਜ਼ੇ ਵਿਭਾਗਾਂ ਨੂੰ ਵੱਡਾ ਹੰਭਲਾ ਮਾਰਨ ਦੇ ਨਿਰਦੇਸ਼ ਦਿੱਤੇ ਹਨ।
ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਨੇ ਇਸ ਮੌਕੇ ਕਿਸਾਨਾਂ ਵੱਲੋਂ ਮਿਲ ਰਹੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਪਰਾਲੀ ਸਾੜਨ ਦੀ ਮਾੜੀ ਪ੍ਰਥਾ ਨੂੰ ਬੰਦ ਕਰੀਏ ਕਿਉਂਕਿ ਇਸਦਾ ਸਭ ਤੋਂ ਵੱਧ ਸਿੱਧਾ ਅਸਿੱਧਾ ਅਸਰ ਕਿਸਾਨਾਂ ਤੇ ਹੀ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪਰਾਲੀ ਦਾ ਧੂੰਆ ਜਿੱਥੇ ਸਭ ਤੋਂ ਪਹਿਲਾਂ ਸਾਨੂੰ ਖੁਦ ਨੂੰ ਪ੍ਰਭਾਵਿਤ ਕਰਦਾ ਹੈ ਉਥੇ ਹੀ ਇਸ ਨਾਲ ਜਮੀਨ ਦੇ ਪੋਸ਼ਕ ਤੱਤ ਸੜ੍ਹ ਕੇ ਸੁਆਹ ਹੋ ਜਾਂਦੇ ਹਨ ਅਤੇ ਜਮੀਨਾਂ ਬੰਜਰ ਹੋਣ ਲੱਗਦੀਆਂ ਹਨ।
ਇਸ ਮੌਕੇ ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਨੋਡਲ ਅਫ਼ਸਰ ਹਰ ਕਿਸਾਨ ਦੇ ਘਰ ਘਰ ਜਾ ਕੇ ਉਸਨਾਲ ਸਿੱਧਾ ਰਾਬਤਾ ਕਾਇਮ ਕਰਕੇ ਉਸਨੂੰ ਪਰਾਲੀ ਪ੍ਰਬੰਧਨ ਲਈ ਪਿੰਡ ਵਿਚ ਉਪਲਬੱਧ ਮਸ਼ੀਨਾਂ ਦੀ ਜਾਣਕਾਰੀ, ਪਰਾਲੀ ਪ੍ਰਬੰਧਨ ਦੇ ਤਰੀਕੇ, ਪਰਾਲੀ ਨਾ ਸਾੜਨ ਦੇ ਫਾਇਦੇ ਆਦਿ ਦੀ ਜਾਣਕਾਰੀ ਦੇਣ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਫਿਰ ਵੀ ਕੋਈ ਪਰਾਲੀ ਸਾੜੇਗਾ ਤਾਂ ਉਸ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਹੋਵੇਗੀ ਅਤੇ ਜਮੀਨ ਦੇ ਰਿਕਾਰਡ ਵਿਚ ਲਾਲ ਐਂਟਰੀ ਵੀ ਕੀਤੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਆਈਏਐਸ ਨੇ ਇਸ ਮੌਕੇ ਕਿਹਾ ਕਿ ਹਰੇਕ ਪਿੰਡ ਵਿਚ ਉਪਲਬੱਧ ਮਸ਼ੀਨਾਂ ਅਤੇ ਉਸ ਪਿੰਡ ਵਿਚ ਝੋਨੇ ਦੀ ਕਾਸਤ ਕਰਨ ਵਾਲੇ ਕਿਸਾਨਾਂ ਦੀਆਂ ਸੂਚੀਆਂ ਨੋਡਲ ਅਫ਼ਸਰਾਂ ਨੂੰ ਉਪਲਬੱਧ ਕਰਵਾ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਤੁਰੰਤ ਮੈਪਿੰਗ ਕਰਕੇ ਸਬੰਧਤ ਕਿਸਾਨ ਨੂੰ ਜਾਣਕਾਰੀ ਦਿੱਤੀ ਜਾਵੇ ਕਿ ਉਹ ਕਿੱਥੋਂ ਮਸ਼ੀਨ ਲੈ ਸਕਦਾ ਹੈ।ਇਸੇ ਤਰਾਂ ਉਨ੍ਹਾਂ ਨੇ ਕਲਸਟਰ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਨੋਡਲ ਅਫ਼ਸਰਾਂ ਨੂੰ ਮੋਬਾਇਲ ਐਪ ਦੀ ਤੁਰੰਤ ਸਿਖਲਾਈ ਦਿੱਤੀ ਜਾਵੇ।
ਬੈਠਕ ਵਿਚ ਐਸਡੀਐਮ ਸ੍ਰੀ ਅਕਾਸ਼ ਬਾਂਸਲ, ਸ੍ਰੀ ਰਵਿੰਦਰ ਸਿੰਘ ਅਰੋੜਾ, ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਰਾਜਿੰਦਰ ਕੰਬੋਜ਼ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।