ਸਿਹਤ ਵਿਭਾਗ ਵੱਲੋਂ ਵਿਸ਼ਵ ਦਿਲ ਦਿਵਸ ਮੌਕੇ ਜਾਗਰੁਕਤਾ ਸਭਾ ਆਯੋਜਿਤ
ਫਿਰੋਜ਼ਪੁਰ (ਬਿੱਟੂ ਜਲਾਲਾਬਾਦੀ)
ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਰਾਜਿੰਦਰ ਪਾਲ ਦੁਆਰਾ ਉਲੀਕੀਆਂ ਗਈਆਂ ਗਤੀਵਿਧੀਆਂ ਦੇ ਸਿਲਸਿਲੇ ਵਿੱਚ ਵਿਸ਼ਵ ਦਿਲ ਦਿਵਸ ਨੂੰ ਸਮਰਪਿਤ ਇੱਕ ਜਾਗਰੂਕਤਾ ਸਭਾ ਜ਼ਿਲਾ ਹਸਪਤਾਲ ਫਿਰੋਜ਼ਪੁਰ ਦੇ ਓ.ਪੀ.ਡੀ. ਬਲਾਕ ਵਿਖੇ ਆਯੋਜਿਤ ਕੀਤੀ ਗਈ। ਇਸ ਅਵਸਰ ਤੇ ਸੰਸਥਾ ਦੇ ਮੈਡੀਕਲ ਸਪੈਸ਼ਲਿਸਟ ਅਤੇ ਕਾਰਜਕਾਰੀ ਐਸ.ਐਮ.ਓ. ਡਾ:ਗੁਰਮੇਜ਼ ਗੋਰਾਇਆ ਨੇ ਹਾਜ਼ਰੀਨ ਨੂੰ ਦਿਲ ਦੇ ਰੋਗਾਂ ਦੇ ਕਾਰਨ,ਲੱਛਣ ਅਤੇ ਇਲਾਜ਼ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਦਿਲ ਦੇ ਰੋਗ ਲਾਈਫ ਸਟਾਈਲ ਦੀ ਬੀਮਾਰੀਆਂ ਵਿੱਚੋਂ ਇੱਕ ਹਨ। ਡਾ:ਗੋਰਾਇਆ ਨੇ ਖੁਲਾਸਾ ਕੀਤਾ ਕਿ ਢੁਕਵੀਂ ਸ਼ਰੀਰਕ ਗਤੀਵਿਧੀ/ਐਕਸਰਸਾਈਜ਼ ਅਤੇ ਸਹੀ ਖਾਣ ਪਾਣ ਨਾਲ ਦਿਲ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ।ਉਹਨਾਂ ਇਹ ਵੀ ਦੱਸਿਆ ਕਿ ਦਿਲ ਦੇ ਰੋਗਾਂ ਤੋਂ ਬਚਾਅ ਲਈ ਹਰ ਵਿਅਕਤੀ ਨੂੰ ਆਪਣਾ ਵਜ਼ਨ ਅਤੇ ਬੌਡੀ ਮਾਸ ਇੰਡੈਕਸ ਕੰਟਰੋਲ ਵਿੱਚ ਰੱਖਣਾ ਚਾਹੀਦਾ ਹੈ। ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣਾ ਚਾਹੀਦਾ ਇਸ ਲਈ ਖੁਰਾਕ ਵਿੱਚ ਵਾਧੂ ਨਮਕ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ ਅਤੇ ਫਾਸਟ ਫੂਡ ਦੀ ਵਰਤੋਂ ਨਾ ਕੀਤੀ ਜਾਵੇ। ਇਸ ਦਿਹਾੜੇ ਤੇ ਜ਼ਿਲਾ ਨਿਵਾਸੀਆਂ ਦੇ ਨਾਮ ਇਕ ਸੰਦੇਸ਼ ਵਿੱਚ ਸਿਵਲ ਸਰਜਨ ਡਾ:ਰਾਜਿੰਦਰ ਪਾਲ ਨੇ ਕਿਹਾ ਹੈ ਕਿ 30 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਸਾਲ ਵਿੱਚ ਇਕ ਵਾਰ ਜਰੂਰ ਆਪਣੇ ਸ਼ਰੀਰ ਦੀ ਮੁਕੰਮਲ ਜਾਂਚ ਕਰਵਾਉਣੀ ਚਾਹੀਦੀ ਹੈ ਜੋ ਕਿ ਸਰਕਾਰੀ ਹਸਪਤਾਲਾਂ ਵਿਖੇ ਮੁਫਤ ਉਪਲੱਬਧ ਹੈ।ਵਿਭਾਗ ਦੇ ਮਾਸ ਮੀਡੀਆ ਅਫਸਰ ਰੰਜੀਵ ਨੇ ਜਾਗਰੂਕਤਾ ਸਭਾ ਦੌਰਾਨ ਕਿਹਾ ਕਿ ਦਿਲ ਸਾਡੇ ਸ਼ਰੀਰ ਦਾ ਅਹਿਮ ਅੰਗ ਹੈ ਜੋ ਕਿ ਦਿਨ ਰਾਤ ਨਿਰੰਤਰ ਸਾਡੇ ਸ਼ਰੀਰ ਦੇ ਹਰ ਅੰਗ ਤੱਕ ਖੂਣ ਨੂੰ ਪਹੁੰਚਾ ਊਰਜਾ ਦਾ ਸੰਚਾਰ ਕਰਦਾ ਰਹਿੰਦਾ ਹੈ। ਸਾਨੂੰ ਆਪਣੀ ਚੰਗੀ ਸਿਹਤ ਅਤੇ ਦਿਲ ਦੀ ਸੰਭਾਲ ਲਈ ਡਾਕਟਰ ਸਾਹਿਬਾਣ ਵੱਲੋਂ ਦੱਸੇ ਸੁਝਾਵਾਂ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ।ਇਸ ਮੌਕੇ ਦਫਤਰ ਸਿਵਲ ਸਰਜਨ ਦੇ ਐਨ.ਸੀ.ਡੀ. ਕੰਸਲਟੈਂਟ ਡਾ: ਸੋਨੀਆ ਚੌਧਰੀ, ਮੈਡੀਕਲ ਸਪੈਸ਼ਲਿਸਟ ਡਾ: ਜਤਿੰਦਰ ਕੋਛੜ, ਡਾ:ਨਵੀਨ ਸੇਠੀ ਅਤੇ ਵਿਭਾਗ ਦੇ ਹੋਰ ਅਧਿਕਾਰੀ ਕਰਮਚਾਰੀ ਵੀ ਹਾਜ਼ਰ ਸਨ।