ਲੋਕਾਂ ਦੀ ਜਾਨ-ਮਾਲ ਦਾ ਖੌਅ ਬਣੇ ਰੇਲਵੇ ਪੁਲ ਦੇ ਗਲਤ ਡੀਜ਼ਾਈਨ ਨੂੰ ਦਰੁਸਤ ਕਰਨ ਦੀ ਮੰਗ
ਬਰਨਾਲਾ: 17 ਸਤੰਬਰ, 2022 (ਰਘੁਵੀਰ ਹੈੱਪੀ)
ਬਰਨਾਲਾ ਦੇ ਕਚਹਿਰੀ ਚੌਕ ਨੂੰ ਬਾਜਾਖਾਨਾ ਰੋਡ ਨਾਲ ਜੋੜਨ ਵਾਲਾ ਰੇਲਵੇ ਓਵਰ ਬਰਿੱਜ ਆਪਣੇ ਗਲਤ ਡੀਜ਼ਾਈਨ ਕਾਰਨ ਲੋਕਾਂ ਦੀ ਜਾਨ-ਮਾਲ ਦਾ ਖੌਅ ਬਣਿਆ ਹੋਇਆ ਹੈ। ਇਸ ਪੁਲ ਦੇ ਉਪਰੋਂ ਲੰਘ ਕੇ ਬਾਜਾਖਾਨਾ ਰੋਡ ਨੂੰ ਜਾਣ ਵਾਲੇ ਅਤੇ ਇਸ ਨੂੰ ਪਾਰ ਕਰਕੇ ਦੂਸਰੀ ਤਰਫ ਜਾਣ ਪਿੰਡਾਂ ਨੂੰ ਜਾਣ ਤੇ ਆਉਣ ਵਾਲੇ ਲੋਕ ਹਰ ਦਿਨ ਵੱਡੇ ਛੋਟੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ।ਇਨਕਲਾਬੀ ਕੇਂਦਰ ਦੀ ਪਹਿਲਕਦਮੀ ‘ਤੇ ਨੇੜਲੇ ਵਾਰਡਾਂ ਅਤੇ ਖੁੱਡੀ ਕਲਾਂ ਸਾਈਡ ‘ਤੇ ਪੈਂਦੇ ਅੱਧੀ ਦਰਜਨ ਪਿੰਡਾਂ ਦੇ ਨੁੰਮਾਇੰਦੇ ਜਿਲ੍ਹਾ ਪ੍ਰਸ਼ਾਸਨ ਨੂੰ ਮਿਲ ਕੇ ਪੁਲ ਦੇ ਡੀਜ਼ਾਈਨ ਨੂੰ ਦਰੁਸਤ ਕਰਨ ਲਈ ਮੰਗ ਪੱਤਰ ਦੇ ਚੁੱਕੇ ਹਨ। ਇਹ ਮਸਲਾ ਸਬੰਧਤ ਮਹਿਕਮੇ ਦੇ ਧਿਆਨ ਵਿੱਚ ਕਈ ਵਾਰ ਲਿਆਂਦਾ ਗਿਆ ਹੈ ਪਰ ਅਧਿਕਾਰੀਆਂ ਦੇ ਕੰਨ ‘ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਨੂੰ ਸ਼ਾਇਦ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਹੈ।
ਪੁਲ ਹੇਠਲੇ ਪਾਰਕ ਵਿੱਚ ਇਲਾਕਾ ਨਿਵਾਸੀਆਂ ਦੀ ਇਸ ਮਸਲੇ ਸੰਬੰਧੀ ਬੁਲਾਈ ਮੀਟਿੰਗ ਨੂੰ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਪ੍ਰਧਾਨ ਨਰੈਣ ਦੱਤ, ਜਿਲ੍ਹਾ ਪ੍ਰਧਾਨ ਡਾਕਟਰ ਰਾਜਿੰਦਰ ਪਾਲ ਅਤੇ ਬੀਕੇਯੂ ਡਕੌਂਦਾ ਦੇ ਆਗੂ ਬਾਬੂ ਸਿੰਘ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਇਸ ਪੁਲ ਦਾ ਨਿਰਮਾਣ ਗਲਤ ਹੋਇਆ ਹੈ ਜਿਸ ਕਾਰਨ ਹਰ ਰੋਜ ਹਾਦਸੇ ਵਾਪਰ ਰਹੇ ਹਨ।ਪ੍ਰਸ਼ਾਸਨ ਮਸਲੇ ਪ੍ਰਤੀ ਸੰਜੀਦਾ ਦਿਖਾਈ ਨਹੀਂ ਦਿੰਦਾ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 25 ਸਤੰਬਰ ਦਿਨ ਐਤਵਾਰ ਨੂੰ ਸ਼ਾਮ 5 ਵਜੇ ਇਸ ਪੁਲ ਹੇਠਲੇ ਪਾਰਕ ਵਿੱਚ ਪ੍ਰਭਾਵਿਤ ਵਾਰਡਾਂ ਤੇ ਪਿੰਡਾਂ ਦੇ ਲੋਕਾਂ ਦੀ ਇੱਕ ਵੱਡੀ ਮੀਟਿੰਗ ਬੁਲਾਈ ਜਾਵੇਗੀ ਜਿਸ ਵਿੱਚ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਇਸ ਸਮੇਂ ਸੰਘਰਸ਼ ਲਈ ਐਕਸ਼ਨ ਕਮੇਟੀ ਵੀ ਚੁਣੀ ਜਾਵੇਗੀ। ਆਗੂਆਂ ਨੇ ਸਭ ਇਲਾਕਾ ਤੇ ਪਿੰਡ ਨਿਵਾਸੀਆਂ ਨੂੰ ਵਧ ਚੜ ਕੇ ਮੀਟਿੰਗ ਵਿੱਚ ਹਾਜਰ ਹੋਣ ਦੀ ਅਪੀਲ ਕੀਤੀ। ਇਸ ਸਮੇਂ ਹਰਚਰਨ ਚਹਿਲ, ਡਾ ਸੁਖਵਿੰਦਰ ਸਿੰਘ, ਦਰਸ਼ਨ ਚੀਮਾ, ਅਵਤਾਰ ਸਿੰਘ, ਮਹਿੰਦਰ ਸਿੰਘ, ਪਵਿੱਤਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ।