ਹਰਿੰਦਰ ਨਿੱਕਾ , ਬਰਨਾਲਾ 17 ਸਤੰਬਰ 2022
ਪੁੱਟਿਆ ਪਹਾੜ ਤੇ ਨਿੱਕਲਿਆ ਚੂਹਾ ਵਾਲੀ ਕਹਾਵਤ ,ਪੁਲਿਸ ਵੱਲੋਂ ਅੱਜ ਸ਼ਹਿਰ ਦੀ ਨਸ਼ਿਆਂ ਲਈ ਬਦਨਾਮ ਬਸਤੀ ‘ਚ ਕਈ ਘੰਟਿਆਂ ਤੱਕ ਚਲਾਏ ਸਰਚ ਅਭਿਆਨ ਤੇ ਪੂਰੀ ਤਰਾਂ ਢੁੱਕਦੀ ਹੈ। ਜੀ ਹਾਂ, ਐੱਸ.ਐੱਸ.ਪੀ. ਸੰਦੀਪ ਕੁਮਾਰ ਮਲਿਕ ਦੀ ਅਗਵਾਈ ‘ਚ ਪੁਲਿਸ ਦੀ ਵੱਡੀ ਨਫਰੀ ਨੇ ਸਰਚ ਅਭਿਆਨ ਸ਼ੁਰੂ ਕੀਤਾ ਗਿਆ। ਜ਼ੇਰ-ਏ- ਨਿਗਰਾਨੀ ਖੁਦ ਏ.ਡੀ.ਜੀ. ਪੀ. ਪ੍ਰੋਵੀਜ਼ਨਿੰਗ, ਸ੍ਰੀ ਜੀ. ਨਾਗੇਸ਼ਵਰ ਰਾਉ ਨੇ ਕੀਤੀ। ਪ੍ਰਾਪਤ ਵੇਰਵਿਆਂ ਮੁਤਾਬਿਕ ” ਕੋਰਡਨ ਐਂਡ ਸਰਚ ਅਪ੍ਰੇਸ਼ਨ ” ਚ ਵਿੱਚ ਏ.ਡੀ.ਜੀ. ਪੀ. , ਐਸ.ਐਸ.ਪੀ. ਸੰਦੀਪ ਮਲਿਕ ਤੇ ਐਸ.ਪੀ.ਐਚ. ਮੇਜ਼ਰ ਸਿੰਘ ਤੋਂ ਇਲਾਵਾ 5 ਡੀ.ਐਸ.ਪੀ. , 10 ਦੇ ਕਰੀਬ ਇੰਸਪੈਕਟਰ ਤੇ ਸਬ ਇੰਸਪੈਕਟਰ , ਏ.ਐਸ.ਆਈ, ਹੌਲਦਾਰ ਤੇ ਮਹਿਲਾ ਤੇ ਪੁਰਸ਼ ਕਰੀਬ 300 ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਬਸਤੀ ਦਾ ਪੱਤਾ-ਪੱਤਾ ਛਾਣ ਮਾਰਿਆ, ਪਰੰਤੂ ਨਫਰੀ ਦੇ ਹਿਸਾਬ ਨਾਲ, ਨਸ਼ਿਆਂ ਦੀ ਰਿਕਵਰੀ ਮਾਮੂਲੀ ਹੀ ਸਾਹਮਣੇ ਆਈ ਹੈ। ਬੇਸ਼ੱਕ ਇੱਕੋ ਦਿਨ ਸੂਬੇ ਵਿੱਚ ਚੱਲੇ ਸਪੈਸ਼ਲ ਸਰਚ ਅਭਿਆਨ ਦੌਰਾਨ ਬਰਨਾਲਾ ਜਿਲ੍ਹਾ ਰਿਕਵਰੀ ਨੂੰ ਲੈ ਕੇ ਪਹਿਲੇ ਤਿੰਨ ਜਿਲ੍ਹਿਆਂ ਵਿੱਚ ਸ਼ੁਮਾਰ ਹੋਇਆ ਦੱਸਿਆ ਜਾ ਰਿਹਾ ਹੈ। ਪੁਲਿਸ ਬੁਲਾਰੇ ਅਨੁਸਾਰ ਅੱਜ ਦੇ ਤਲਾਸ਼ੀ ਅਭਿਆਨ ਵਿੱਚ ਐਨਡੀਪੀਐਸ ਐਕਟ ਤਹਿਤ 4 ਜਣਿਆਂ ਦੇ ਖਿਲਾਫ 4 ਹੀ ਐਫ.ਆਈ.ਆਰ. ਦਰਜ਼ ਕੀਤੀਆਂ ਗਈਆਂ ਹਨ। ਗਿਰਫਤਾਰ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਸਿਰਫ 480 ਟ੍ਰਾਮਾਡੋਲ ਦੀਆਂ ਗੋਲੀਆਂ, 10 ਗ੍ਰਾਮ ਸਮੈਕ , 100 ਗ੍ਰਾਮ ਸੁਲਫਾ ਅਤੇ 14 ਹਜ਼ਾਰ 460 ਰੁਪਏ ਡਰੱਗ ਮਨੀ ਬਰਾਮਦ ਹੋਈ ਹੈ। ਜਦੋਂਕਿ ਆਬਕਾਰੀ ਐਕਟ ਦੇ ਤਹਿਤ ਵੀ 2 ਜਣਿਆਂ ਦੇ ਖਿਲਾਫ 2 ਕੇਸ ਦਰਜ਼ ਕੀਤੇ ਗਏ ਹਨ, ਦੋਵਾਂ ਗਿਰਫਤਾਰ ਦੋਸ਼ੀਆਂ ਦੇ ਕਬਜ਼ੇ ਵਿੱਚੋਂ 33 ਬੋਤਲਾਂ ਸ਼ਰਾਬ ਬਰਾਮਦ ਹੋਈ ਹੈ। ਪੁਲਿਸ ਨੂੰ ਦੋਸ਼ੀਆਂ ਦੇ ਕਬਜ਼ੇ ਵਿੱਚੋਂ 3 ਦੋ ਪਹੀਆ ਵਹੀਕਲ ਅਤੇ 1 ਚਾਰ ਪਹੀਆ ਵਹੀਕਲ ਵੀ ਮਿਲਿਆ ਹੈ। ਬੇਸ਼ੱਕ ਪੁਲਿਸ ਅਧਿਕਾਰੀ ਇਸ ਨਿਗੂਣੀ ਰਿਕਵਰੀ ਨੂੰ ਹੀ ਵੱਡੀ ਪ੍ਰਾਪਤੀ ਦੱਸ ਕੇ ਆਪਣੀ ਪਿੱਠ ਆਪ ਹੀ ਥਪਥਪਾ ਰਹੇ ਹਨ। ਪਰੰਤੂ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੀ ਸੱਭ ਤੋਂ ਵਧੇਰੇ ਨਸ਼ਿਆਂ ਲਈ ਬਦਨਾਮ ਬਸਤੀ ਵਿੱਚੋਂ ਮਾਮੂਲੀ ਰਿਕਵਰੀ, ਸਰਚ ਅਭਿਆਨ ਦੀ ਸੂਹ, ਬਸਤੀ ਵਾਲਿਆਂ ਨੂੰ ਪਹਿਲਾਂ ਮਿਲੇ ਹੋਣ ਵੱਲ ਇਸ਼ਾਰਾ ਜਰੂਰ ਕਰ ਰਹੀ ਹੈ। ਬਾਕੀ ਹਕੀਕਤ ਕੀ ਹੈ, ਇਹ ਤਾਂ ਹਾਲੇ ਸਮੇਂ ਦੀ ਕੁੱਖ ਵਿੱਚ ਪਲ ਰਿਹਾ ਸਵਾਲ ਹੈ।