ਪੰਜਾਬ ਕਿਸਾਨ ਕਮਿਸ਼ਨ ਦੇ ਨਵ ਨਿਯੁਕਤ ਚੇਅਰਮੈਨ ਡਾਃ ਸੁਖਪਾਲ ਸਿੰਘ ਤੇ ਵਿਧਾਇਕ ਬੀਬਾ ਸਰਬਜੀਤ ਕੌਰ ਮਾਣੂਕੇ ਦਾ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨ
ਲੁਧਿਆਣਾ, 10 ਸਤੰਬਰ (ਦਵਿੰਦਰ ਡੀ ਕੇ)
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬ ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਦੇ ਨਵ ਨਿਯੁਕਤ ਚੇਅਰਮੈਨ ਤੇ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਰਥ ਸ਼ਾਸਤਰੀ ਡਾਃ ਸੁਖਪਾਲ ਸਿੰਘ (ਸਾਬਕਾ ਪ੍ਰੋਫੈਸਰ ਤੇ ਮੁਖੀ, ਅਰਥ ਸ਼ਾਸਤਰ ਤੇ ਸਮਾਜ ਸ਼ਾਸਤਰ ਵਿਭਾਗ ਪੀ ਏ ਯੂ ਲੁਧਿਆਣਾ) ਤੇ ਜਗਰਾਉਂ ਤੋਂ ਦੂਜੀ ਵਾਰ ਵਿਧਾਇਕ ਚੁਣੀ ਗਈ ਬੀਬਾ ਸਰਬਜੀਤ ਕੌਰ ਮਾਣੂਕੇ ਅਤੇ ਉਨ੍ਹਾਂ ਦੇ ਪਤੀ ਪ੍ਰੋਃ ਸੁਖਵਿੰਦਰ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ। ਬੀਬਾ ਸਰਬਜੀਤ ਕੌਰ ਮਾਣੂੰਕੇ ਨੂੰ ਸਰਦਾਰਨੀ ਜਸਵਿੰਦਰ ਕੌਰ ਗਿੱਲ ਨੇ ਫੁਲਕਾਰੀ ਪਹਿਨਾ ਕੇ ਸਨਮਾਨਿਤ ਕੀਤਾ।
ਇਨ੍ਹਾਂ ਸ਼ਖਸੀਅਤਾਂ ਬਾਰੇ ਜਾਣਕਾਰੀ ਦਿੰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਡਾਃ ਸੁਖਪਾਲ ਸਿੰਘ ਨੇ ਪਿਛਲੇ ਵੀਹ ਸਾਲਾਂ ਦੌਰਾਨ ਪੇਂਡੂ ਕਰਜ਼ਦਾਰੀ, ਕਿਸਾਨ ਖ਼ੁਦਕੁਸ਼ੀਆਂ, ਖੇਤੀ ਕਾਮਿਆਂ ਦੀ ਕਰਜ਼ਦਾਰੀ ਅਤੇ ਖੇਤੀ ਛੱਡ ਚੁਕੇ ਪੰਜਾਬੀ ਕਿਸਾਨਾਂ ਸਬੰਧੀ ਖੋਜ ਆਰਾਰਿਤ ਰੀਪੋਰਟਾਂ ਲਿਖਤੀ ਰੂਪ ਵਿੱਚ ਪੇਸ਼ ਕਰਕੇ ਕੌਮੀ ਤੇ ਕੌਮਾਂਤਰੀ ਪੱਧਰ ਤੇ ਨਾਮਣਾ ਖੱਟਿਆ ਹੈ। ਪੰਜਾਬੀ ਯੂਨੀਃ ਪਟਿਆਲਾ ਤੋਂ ਐੱਮ ਏ ਇਕਨਾਮਿਕਸ ਤੇ ਡਾਕਟਰੇਟ ਕਰਕੇ ਪਹਿਲਾਂ ਕੁਝ ਸਮਾਂ ਐੱਸ ਡੀ ਕਾਲਿਜ ਬਰਨਾਲਾ ਚ ਪੜ੍ਹਾਇਆ ਅਤੇ ਮਗਰੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਆ ਗਏ। ਪੰਜਾਬ ਸਰਕਾਰ ਨੇ ਸਿਰਕੱਢ ਅਰਥ ਸ਼ਾਸਤਰੀ ਨੂੰ ਪੰਜਾਬ ਕਿਸਾਨ ਕਮਿਸ਼ਨ ਦੀ ਵਾਗਡੋਰ ਸੰਭਾਲ ਕੇ ਦੂਰਦ੍ਰਿਸ਼ਟੀ ਤੋਂ ਕੰਮ ਲਿਆ ਹੈ। ਸੂਬੇ ਦੀ ਖੇਤੀ ਯੋਜਨਾਕਾਰੀ ਨੂੰ ਇਸ ਵੇਲੇ ਯਕੀਨਨ ਕਰੜੇ ਤੇ ਸੁਹਿਰਦ ਫ਼ੈਸਲਿਆਂ ਦੀ ਲੋੜ ਹੈ।
ਬੀਬਾ ਸਰਬਜੀਤ ਕੌਰ ਮਾਣੂੰਕੇ ਬਾਰੇ ਉਨ੍ਹਾਂ ਕਿਹਾ ਕਿ ਉਹ ਸਾਡੀ ਬੇਟੀ ਸਮਾਨ ਹੈ ਕਿਉਂਕਿ ਰਾਮਗੜੀਆ ਗਰਲਜ਼ ਕਾਲਿਜ ਵਿੱਚ ਮੇਰੀ 1993 ਚ ਵਿੱਛੜੀ ਜੀਵਨ ਸਾਥਣ ਪ੍ਰੋਃ ਨਿਰਪਜੀਤ ਕੌਰ ਦੀ ਪਿਆਰੀ ਵਿਦਿਆਰਥੀ ਰਹੀ ਹੈ। ਜਗਰਾਉਂ ਤੋਂ ਦੂਜੀ ਵਾਰ ਵਿਧਾਇਕ ਬਣ ਕੇ ਉਸ ਨੇ ਇਸ ਹਲਕੇ ਦੀ ਵਿਕਾਸ ਗਤੀ ਤੇਜ਼ ਕੀਤੀ ਹੈ।
ਬੀਬਾ ਸਰਬਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਜਗਰਾਉਂ ਰਾਏਕੋਟ ਮਾਰਗ ਤੇ ਪੈਂਦੇ ਸਵਾ ਸਦੀ ਪੁਰਾਣੇ ਪੁਲ ਦੀ ਥਾਂ ਉਸ ਨਵਾਂ ਪੁਲ ਉਸਾਰਨ ਦੀ ਮਨਜ਼ੂਰੀ ਲੈ ਲਈ ਗਈ ਹੈ। ਲਾਲਾ ਲਾਜਪਤ ਰਾਏ ਯਾਦਗਾਰ, ਆਈ ਟੀ ਆਈ , ਆੜ੍ਹਤੀ ਭਵਨ ਤੋਂ ਬਿਨਾ ਕਈ ਵੱਡੇ ਪ੍ਰਾਜੈਕਟ ਪਾਸ ਕਰਵਾ ਲਏ ਹਨ ਜਦ ਕਿ ਬੁਨਿਆਦੀ ਖੇਡ ਢਾਂਚਾ ਉਸਾਰਨ ਲਈ ਸਪੋਰਟਸ ਸਟੈਡੀਅਮ ਤੇ ਇਨਡੋਰ ਸਟੇਡੀਅਮ ਲਈ ਵੀ ਪੰਜਾਬ ਤੇ ਭਾਰਤ ਸਰਕਾਰ ਨਾਲ ਲਿਖਾਪੜ੍ਹੀ ਜਾਰੀ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਪੂਰੇ ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਵੀ ਸਰਕਾਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਵਿੱਚ ਜਗਰਾਉਂ ਵਿਖੇ ਕੋਈ ਵਿਸ਼ੇਸ਼ ਯਾਦਗਾਰੀ ਭਵਨ ਵੀ ਵਿਚਾਰ ਅਧੀਨ ਹੈ ਕਿਉਂਕਿ ਉਹ ਇਥੋਂ ਦੀ ਜੇ ਬੀ ਟੀ ਸੰਸਥਾ ਵਿੱਚੋਂ ਪੜ੍ਹ ਕੇ ਮਗਰੋਂ ਗੋਆ ਦੀ ਆਜ਼ਾਦੀ ਵਿੱਚ ਕੁੱਦ ਕੇ ਸ਼ਹਾਦਤ ਪ੍ਰਾਪਤ ਕਰ ਗਏ ਸਨ। ਉਨ੍ਹਾਂ ਦੇ ਵੱਡੇ ਭਰਾਤਾ ਤੇ ਸਿਰਕੱਢ ਪੰਜਾਬੀ ਕਵੀ ਪ੍ਰਿੰਸੀਪਲ ਤਖ਼ਤ ਸਿੰਘ ਜੀ ਇਥੇ ਹੀ ਅਗਵਾੜ ਗੁੱਜਰਾਂ ਵਿੱਚ ਰਹਿੰਦੇ ਰਹੇ ਸਨ।
ਇਸ ਮੌਕੇ ਬੋਲਦਿਆਂ ਗੁਰਪ੍ਰੀਤ ਸਿੰਘ ਤੂਰ ਨੇ ਪੁਲ ਪਰਵਾਨਗੀ ਦੀ ਮੁਬਾਰਕ ਦੇਂਦਿਆਂ ਸੁਝਾਅ ਦਿੱਤਾ ਕਿ ਅਖਾੜੇ ਵਾਲੇ ਪੁਲ਼ ਦੀ ਇਤਿਹਾਸਕ ਤੇ ਸਾਹਿੱਤਕ ਮਹਾਨਤਾ ਵੀ ਹੈ ਕਿਉਂਕਿ ਮਾਲਵੇ ਦੇ ਸਿਰਕੱਢ ਕਵੀਸ਼ਰ ਬਾਬੂ ਰਜਬ ਅਲੀ ਜੀ ਨੇ ਸਭ ਤੋਂ ਵੱਧ ਸਮਾਂ ਇਸ ਪੁਲ਼ ਨੇੜਲੀ ਨਹਿਰੀ ਕੋਠੀ ਵਿੱਚ ਗੁਜ਼ਾਰਿਆ। ਉਨ੍ਹਾਂ ਦੀ ਯਾਦ ਵਿੱਚ ਇਸ ਰਮਣੀਕ ਨਹਿਰੀ ਕੰਢੇ ਨੂੰ ਯਾਤਰਾ ਸਥਾਨ ਵਜੋਂ ਵੀ ਵਿਕਸਤ ਕੀਤਾ ਜਾ ਸਕਦਾ ਹੈ। ਬੀਬਾ ਜੀ ਨੇ ਭਰੋਸਾ ਦਿਵਾਇਆ ਕਿ ਉਹ ਇਸ ਦਿਸ਼ਾ ਵਿੱਚ ਯਤਨ ਕਰਨਗੇ।