ਫ਼ੌਜ ‘ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਜਰੂਰੀ ਗੱਲਾਂ ਵੱਲ ਧਿਆਨ ਦੇਣ- ਭਰਤੀ ਡਾਇਰੈਕਟਰ
ਪਟਿਆਲਾ, 10 ਸਤੰਬਰ (ਬੀ.ਪੀ. ਸੂਲਰ)
ਆਰਮੀ ਰਿਕਰੂਟਿੰਗ ਦਫ਼ਤਰ, ਪਟਿਆਲਾ ਵਲੋਂ 17 ਸਤੰਬਰ 2022 ਤੋਂ 30 ਸਤੰਬਰ 2022 ਤੱਕ ਭਰਤੀ ਰੈਲੀ ਕਰਵਾਈ ਜਾ ਰਿਹਾ ਹੈ। ਹੋਰ ਜਾਣਕਾਰੀ ਦਿੰਦਿਆਂ ਆਰਮੀ ਰਿਕਰੂਟਿੰਗ ਡਾਇਰੈਕਟਰ ਕਰਨਲ ਅਸੀਸ ਲਾਲ ਨੇ ਦੱਸਿਆ ਕਿ ਇਸ ਭਰਤੀ ਲਈ ਕੁੱਲ 27000 ਉਮੀਦਵਾਰਾਂ ਨੇ ਅਪਲਾਈ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ ਸਾਰੇ ਚਾਹਵਾਨ ਉਮੀਦਾਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਸਾਰੇ ਉਮੀਦਵਾਰ ਜੇ ਹੋ ਸਕੇ ਤਾਂ ਨੀਂਬੂ ਪਾਣੀ ਜਾਂ ਓ.ਆਰ.ਐੱਸ ਦਾ ਘੋਲ ਆਦਿ ਪੀ ਕੇ ਹਾਈਡਰੇਟਿਡ ਜ਼ਰੂਰ ਰਹਿਣ। ਨੌਜਵਾਨ ਆਪਣੇ ਨਾਲ ਪਾਣੀ ਜਾਂ ਜੂਸ ਦੇ ਪੈਕੇਟ ਵੀ ਜਰੂਰ ਰੱਖਣ ਜਦਕਿ ਰੈਲੀ ਵਾਲੀ ਥਾਂ ‘ਤੇ ਉਮੀਦਵਾਰਾਂ ਲਈ ਪਾਣੀ ਦੀ ਸਹੂਲਤ ਵੀ ਹੋਵੇਗੀ।
ਕਰਨਲ ਲਾਲ ਨੇ ਕਿਹਾ ਕਿ ਉਮੀਦਵਾਰਾਂ ਨੂੰ ਦੌੜ ਅਤੇ ਗਰਾਊਂਡ ਟੈਸਟਾਂ ਤੋਂ ਇੱਕ ਰਾਤ ਪਹਿਲਾਂ ਸਿਹਤਮੰਦ ਭੋਜਨ ਖਾਣਾ ਚਾਹੀਦਾ ਹੈ। ਉਮੀਦਵਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਦੌੜ ਲਈ ਮੈਡੀਕਲ ਤੌਰ ‘ਤੇ ਫਿੱਟ ਹਨ।ਉਮੀਦਵਾਰਾਂ ਨੂੰ ਸਾਰੀਆਂ ਸ਼੍ਰੇਣੀਆਂ ਲਈ ਜਾਤੀ ਸਰਟੀਫਿਕੇਟ ਨਾਲ ਰੱਖਣਾ ਚਾਹੀਦਾ ਹੈ ਭਾਵ ਜਿਸ ਲਈ ਉਹ ਭਰਤੀ ਹੋਣ ਆਏ ਹਨ, ਇਸ ਵਿੱਚ ਜਨਰਲ ਡਿਊਟੀ, ਕਲਰਕ/ਐੱਸ ਕੇ ਟੀ , ਤਕਨੀਕੀ ਅਤੇ ਹੋਰ ਟ੍ਰੇਡ, ਆਦਿ ਲਈ ਆਪਣੇ ਯੋਗ ਦਸਤਾਵੇਜ ਆਪਣੇ ਨਾਲ ਰੱਖਣ।
ਇਸ ਤੋਂ ਬਿਨਾ ਫੌਜ ਵਲੋਂ ਦਰਸਾਏ ਅਨੁਸਾਰ www.joinindianarmy.nic.in ਉਪਰ ਉਪਲਬਧ ਰੈਲੀ ਨੋਟੀਫਿਕੇਸ਼ਨ ਦੇ ਅੰਤਿਕਾ-ਡੀ ਦੇ ਅਨੁਸਾਰ ਹਲਫ਼ੀਆ ਬਿਆਨ ਵੀ ਤਿਆਰ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਪਟਿਆਲਾ ਤੋਂ ਬਾਹਰੋਂ ਆਉਣ ਵਾਲੇ ਉਮੀਦਵਾਰਾਂ ਲਈ ਮਲਟੀਪਰਪਜ਼ ਸਕੂਲ, ਪਾਸੀ ਰੋਡ, ਸਿਵਲ ਲਾਈਨ ਨੇੜੇ, ਪਟਿਆਲਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਖਾਣੇ ਅਤੇ ਰਾਤ ਨੂੰ ਰਹਿਣ ਦੀ ਸਹੂਲਤ ਉਪਲਬਧ ਹੋਵੇਗੀ ਅਤੇ ਨਾਲ ਹੀ ਗੁਰਦੁਆਰਾ ਦੂਖ ਨਿਵਾਰਨ ਦੇ ਪ੍ਰਬੰਧਕਾਂ ਨੇ ਵੀ ਗੁਰਦੁਆਰਾ ਸਾਹਿਬ ਵਿਖੇ ਰੈਲੀ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਲਈ ਰਾਤ ਠਹਿਰਣ ਅਤੇ ਲੰਗਰ ਦਾ ਪ੍ਰਬੰਧ ਕੀਤਾ ਹੈ।ਭਰਤੀ ਡਾਇਰੈਕਟਰ ਨੇ ਇਸ ਰੈਲੀ ਨੂੰ ਸਫ਼ਲ ਬਣਾਉਣ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ।