ਏ.ਪੀ.ਈ.ਡੀ.ਏ. ਅਤੇ ਪੰਜਾਬ ਐਗਰੋ ਵੱਲੋਂ ਬਾਗਬਾਨੀ ਕਿਸਾਨਾਂ ਦੇ ਉਤਪਾਦਾਂ ਦੇ ਨਿਰਯਾਤ ਸਬੰਧੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ
ਲੁਧਿਆਣਾ, 09 ਸਤੰਬਰ (ਦਵਿੰਦਰ ਡੀ ਕੇ)
ਖੇਤੀਬਾੜੀ ਅਤੇ ਪ੍ਰੋਸੈਸਡ ਉਤਪਾਦ ਨਿਰਯਾਤ ਵਿਕਾਸ ਅਥਾਰਟੀ (ਏ.ਪੀ.ਈ.ਡੀ.ਏ.), ਵਣਜ ਅਤੇ ਉਦਯੋਗ ਮੰਤਰਾਲੇ ਅਤੇ ਪੰਜਾਬ ਐਗਰੋ ਵੱਲੋਂ ਬਾਗਬਾਨੀ ਕਿਸਾਨਾਂ ਦੇ ਉਤਪਾਦਾਂ ਦੇ ਨਿਰਯਾਤ ਸਬੰਧੀ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਪੰਜਾਬ ਐਗਰੋ ਪੰਜਾਬ ਦੇ ਬਾਗਬਾਨੀ ਉਤਪਾਦਾਂ ਨੂੰ ਅੱਗੇ ਲਿਆਉਣ ਲਈ ਪੰਜਾਬ ਸੂਬੇ ਦੀ ਨੋਡਲ ਏਜੰਸੀ ਵਜੋਂ ਕਾਰਜ਼ਸੀਲ ਹੈ ਅਤੇ ਅਜਿਹੀਆਂ ਪਹਿਲਕਦਮੀਆਂ ਰਾਹੀਂ ਕਿਸਾਨਾਂ ਦੀ ਭਲਾਈ ਲਈ ਤਨਦੇਹੀ ਨਾਲ ਕੰਮ ਕਰ ਰਹੀ ਹੈ। ਅੰਮ੍ਰਿਤਸਰ ਤੋਂ ਯੂਕੇ ਅਤੇ ਕੈਨੇਡਾ ਲਈ ਉਡਾਣਾਂ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਇਸ ਗਤੀਵਿਧੀ ਦੀ ਰਣਨੀਤਕ ਯੋਜਨਾ ਬਣਾਈ ਗਈ ਹੈ।
ਇਸ ਪ੍ਰੋਗਰਾਮ ਮੌਕੇ ਪ੍ਰੋਸੈਸਡ ਉਤਪਾਦ ਨਿਰਯਾਤ ਵਿਕਾਸ ਅਥਾਰਟੀ, ਪੰਜਾਬ ਐਗਰੋ, ਖੇਤਰੀ ਪਲਾਂਟ ਕੁਆਰੰਟੀਨ ਦਫਤਰ, ਅੰਮ੍ਰਿਤਸਰ (ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ), ਬਾਗਬਾਨੀ ਵਿਭਾਗ, ਪੰਜਾਬ ਸਰਕਾਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਵਿਦੇਸ਼ੀ ਵਪਾਰ ਦੇ ਡਾਇਰੈਕਟਰ ਜਨਰਲ (ਡੀ.ਜੀ.ਐਫ.ਟੀ.) ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਅਤੇ 150 ਤੋਂ ਵੱਧ ਬਾਗਬਾਨੀ ਕਿਸਾਨਾਂ ਵੱਲੋਂ ਸ਼ਿਰਕਤ ਕੀਤੀ ਅਤੇ ਪੰਜਾਬ ਤੋਂ ਬਾਗਬਾਨੀ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਤਜ਼ਰਬੇ ਸਾਂਝੇ ਕੀਤੇ। ਮਹਾਰਾਸ਼ਟਰ ਰਾਜ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੇ ਵਿਸ਼ਾ ਮਾਹਿਰ ਨੇ ਵੀ ਬਾਗਬਾਨੀ ਕਿਸਾਨਾਂ ਦੀ ਨਿਰਯਾਤ ਦੀ ਤਿਆਰੀ ਨੂੰ ਮਜ਼ਬੂਤ ਕਰਨ ਲਈ ਆਪਣੀ ਪ੍ਰਾਪਤੀ ‘ਤੇ ਚਾਨਣਾ ਪਾਇਆ।
ਵੱਖ-ਵੱਖ ਕਿਸਾਨ ਉਤਪਾਦਕ ਸੰਸਥਾਵਾਂ ਦੇ ਮੈਂਬਰ ਅਤੇ ਬਹੁਤ ਸਾਰੇ ਸੰਭਾਵੀ ਨਿਰਯਾਤਕਾਂ ਨੇ ਵੀ ਇਸ ਪ੍ਰੋਗਰਾਮ ਵਿੱਚ ਉਤਸ਼ਾਹ ਨਾਲ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਹੱਲ ਲਈ ਮਾਹਿਰਾਂ ਨਾਲ ਗੱਲਬਾਤ ਕੀਤੀ ਅਤੇ ਮੁੱਦਿਆਂ ਬਾਰੇ ਮਾਹਿਰਾਂ ਨਾਲ ਵਿਸਥਾਰ ਵਿੱਚ ਚਰਚਾ ਕੀਤੀ। ਕਿਸਾਨਾਂ ਨੇ ਬਾਗਬਾਨੀ ਫਸਲਾਂ ਦੇ ਵਾਢੀ ਤੋਂ ਪਹਿਲਾਂ ਅਤੇ ਵਾਢੀ ਤੋਂ ਬਾਅਦ ਦੇ ਪ੍ਰਬੰਧਨ ਬਾਰੇ ਵਿਆਪਕ ਜਾਣਕਾਰੀ ਪ੍ਰਾਪਤ ਕੀਤੀ ਜਿਸ ਵਿੱਚ ਅੰਤਰਰਾਸ਼ਟਰੀ ਆਯਾਤ ਅਤੇ ਪੌਦਿਆਂ ਦੀ ਕੁਆਰੰਟੀਨ ਲੋੜਾਂ, ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਦੀ ਪਾਲਣਾ, ਚੰਗੇ ਖੇਤੀਬਾੜੀ ਤਜ਼ਰਬੇ, ਨਿਰਯਾਤ ਦਸਤਾਵੇਜ਼ ਆਦਿ ਸ਼ਾਮਲ ਹਨ।