ਆਜ਼ਾਦ ਨਗਰ ਵਾਸੀਆਂ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਡਾ. ਰਜਿੰਦਰ ਪਾਲ
ਰਘਵੀਰ ਹੈਪੀ, ਬਰਨਾਲਾ 9 ਸਤੰਬਰ 2022
ਆਜ਼ਾਦ ਨਗਰ ਬਰਨਾਲਾ ਦੀ ਸੰਘਣੀ ਵਸੋਂ ਵਿੱਚ ਨਗਰ ਵਾਸੀਆਂ ਨੂੰ ਭਰੋਸੇ ਵਿੱਚ ਲੈਣ ਤੋਂ ਬਿਨਾਂ ਹੀ ਬਿਨਾਂ ਕਿਸੇ ਮਨਜ਼ੂਰੀ ਦੇ ਜਬਰੀ ਮੋਬਾਈਲ ਟਾਵਰ ਲਾਉਣ ਦਾ ਇਨਕਲਾਬੀ ਕੇਂਦਰ,ਪੰਜਾਬ ਦੀ ਅਗਵਾਈ’ਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਅੱਜ ਸਵੇਰੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਨਗਰ ਨਿਵਾਸੀਆਂ ਨੂੰ ਇਨਕਲਾਬੀ ਕੇਂਦਰ, ਪੰਜਾਬ ਦੇ ਜਿਲ੍ਹਾ ਪੑਧਾਨ ਡਾ ਰਜਿੰਦਰ ਪਾਲ, ਸਕੱਤਰ ਡਾ ਸੁਖਵਿੰਦਰ ਸਿੰਘ ਨੇ ਕਿਹਾ ਕਿ ਕੁੱਝ ਅਸਰ ਰਸੂਖ ਵਾਲੇ ਵਿਅਕਤੀ ਆਪਣੇ ਮੁਨਾਫ਼ੇ ਦੀ ਧੁੱਸ ਵਜੋਂ ਅਜਿਹੇ ਮੋਬਾਈਲ ਟਾਵਰ ਲਗਾ ਰਹੇ ਹਨ। ਇਹ ਟਾਵਰ ਮਿਉਂਸਪਲ ਅਧਿਕਾਰੀਆਂ ਦੀ ਸ਼ਹਿ ਤੇ ਸਾਰੇ ਕਾਨੂੰਨਾਂ ਨੂੰ ਛਿੱਕੇ ਤੇ ਟੰਗ ਕੇ ਲਗਾਏ ਜਾ ਰਹੇ ਹਨ। ਮੋਬਾਈਲ ਟਾਵਰ ਲੱਗਣ ਨਾਲ ਮਨੁੱਖੀ ਸਿਹਤ ਉੱਤੇ ਬਹੁਤ ਮਾੜਾ ਪੑਭਾਵ ਪੈਂਦਾ ਹੈ।
ਰੇਡੀਏਸ਼ਨ ਦਾ ਪੑਭਾਵ ਕੈਂਸਰ ਜਿਹੀਆਂ ਨਾਮੁਰਾਦ ਬਿਮਾਰੀਆਂ ਪੈਦਾ ਕਰਦਾ ਹੈ। ਅਜਿਹੇ ਮੋਬਾਈਲ ਟਾਵਰ ਲਾਉਣ ਵਾਸਤੇ ਮਿਉਂਸਪਲ ਅਧਿਕਾਰੀਆਂ ਕੋਲੋਂ ਅਗਾਊਂ ਮਨਜ਼ੂਰੀ ਲੈਣ ਦੀ ਲੋੜ ਹੁੰਦੀ ਹੈ। ਆਲੇ ਦੁਆਲੇ ਦੇ ਬਸ਼ਿੰਦਿਆਂ ਕੋਲੋਂ ਮੋਬਾਈਲ ਟਾਵਰ ਲਾਉਣ ਲਈ ਸਹਿਮਤੀ ਦੀ ਲੋੜ ਹੁੰਦੀ ਹੈ। ਆਜ਼ਾਦ ਨਗਰ ਵਾਸੀਆਂ ਗੁਲਵੰਤ ਸਿੰਘ,ਬਲਦੇਵ ਮੰਡੇਰ, ਸੁਖਦੇਵ ਸਿੰਘ,ਖੁਸ਼ਮੰਦਰਪਾਲ,ਹਾਕਮ ਸਿੰਘ,ਹਰਜੀਤ ਸਿੰਘ,ਜਰਨੈਲ ਕੌਰ, ਮਿੱਠੋ ਕੌਰ, ਚਮਕੌਰ ਸਿੰਘ,ਰਣਜੀਤ ਸਿੰਘ,ਕਰਨੈਲ ਸਿੰਘ,ਰਣਬੀਰ ਸਿੰਘ ਨੇ ਦੱਸਿਆ ਕਿ ਕੱਲੵ ਜਦੋਂ ਬਿਨਾਂ ਕਿਸੇ ਮਨਜ਼ੂਰੀ ਅਤੇ ਆਲੇ ਦੁਆਲੇ ਦੇ ਬਸ਼ਿੰਦਿਆਂ ਨੂੰ ਸੂਚਿਤ ਕੀਤੇ ਇਹ ਮੋਬਾਈਲ ਟਾਵਰ ਲੱਗਣ ਦਾ ਪਤਾ ਲੱਗਾ ਤਾਂ ਡੀਸੀ ਬਰਨਾਲਾ ਨੂੰ ਲਿਖਤੀ ਰੂਪ’ਚ ਵਫਦ ਨੇ ਮਿਲਕੇ ਇਹ ਮੋਬਾਈਲ ਟਾਵਰ ਨਾਂ ਲਾਉਣ ਦੀ ਮੰਗ ਕੀਤੀ ਸੀ। ਪਰ ਅੱਜ ਮੋਬਾਈਲ ਟਾਵਰ ਦਾ ਸਮਾਨ ਧੜਾ ਧੜ ਫਿੱਟ ਕਰਨ ਦੀ ਭਿਣਕ ਆਜ਼ਾਦ ਨਗਰ ਵਾਸੀਆਂ ਨੂੰ ਪਈ ਤਾਂ ਫੌਰੀ ਤੌਰ ਤੇ ਵੱਡੀ ਗਿਣਤੀ ਵਿੱਚ ਮਰਦ-ਔਰਤਾਂ ਇਕੱਠੇ ਹੋਕੇ ਜੋਰਦਾਰ ਨਾਅਰੇਬਾਜ਼ੀ ਕਰਕੇ ਮੋਬਾਈਲ ਟਾਵਰ ਦੀ ਉਸਾਰੀ ਦਾ ਕੰਮ ਬੰਦ ਕਰਨ ਦੀ ਚਿਤਾਵਨੀ ਦਿੱਤੀ।
ਬੁਲਾਰਿਆਂ ਕਿਹਾ ਕਿ ਅੰਨ੍ਹੇ ਮੁਨਾਫ਼ੇ ਦੀ ਧੁੱਸ ਵਿੱਚ ਗੑਸਤ ਮੁੱਠੀਭਰ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਨਗਰ ਨਿਵਾਸੀਆਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਕਦਾਚਿਤ ਨਹੀਂ ਦਿੱਤੀ ਜਾਵੇਗੀ। ਜਲਦ ਹੀ ਇਸ ਧੱਕੇਸ਼ਾਹੀ ਨੂੰ ਰੋਕਣ ਲਈ ਐਕਸ਼ਨ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇੱਕ ਵਾਰ ਭਾਵੇਂ ਮੋਬਾਈਲ ਟਾਵਰ ਲਾਉਣ ਵਾਲੀ ਕੰਪਨੀ ਨੇ ਲੋਕਾਂ ਦੇ ਵਿਰੋਧ ਨੂੰ ਭਾਂਪਦਿਆਂ ਕੰਮ ਬੰਦ ਕਰ ਦਿੱਤਾ ਪਰ ਆਗੂਆਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਇਸ ਮੋਬਾਈਲ ਟਾਵਰ ਦੀ ਉਸਾਰੀ ਦਾ ਕੰਮ ਮੁਕੰਮਲ ਰੂਪ’ਚ ਬੰਦ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਸਮੇਂ ਗੁਰਤੇਜ ਸਿੰਘ ਚੀਮਾ, ਹਰਬੰਸ ਸਿੰਘ, ਹਰਚਰਨ ਸਿੰਘ, ਜਗਤਾਰ ਸਿੰਘ, ਤਰਸੇਮ ਸਿੰਘ, ਸੱਤਪਾਲ ਫੌਜ਼ੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਜ਼ਾਦ ਨਗਰ ਵਾਸੀ ਹਾਜ਼ਰ ਸਨ।