ਖੇਤੀਬਾੜੀ ਵਿਭਾਗ ਵੱਲੋਂ ਇਨਸਿਟੂ ਸਕੀਮ ਅਧੀਨ ਸਾਲ 2022-23 ਦੌਰਾਨ ਸਬਸਿਡੀ ’ਤੇ ਦਿੱਤੀਆਂ ਜਾਣਗੀਆਂ 229 ਆਧੁਨਿਕ ਮਸ਼ੀਨਾਂ : ਅਸ਼ੋਕ ਕੁਮਾਰ
ਫ਼ਤਹਿਗੜ੍ਹ ਸਾਹਿਬ, 31 ਅਗਸਤ (ਪੀ.ਟੀ.ਨੈਟਵਰਕ)
ਪਰਾਲੀ ਦੀ ਸੁਚੱਜੀ ਸੰਭਾਲ ਲਈ ਜਿਥੇ ਸਰਕਾਰ ਵੱਲੋਂ ਵੱਡੀ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਹੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਲ 2022-23 ਦੌਰਾਨ 229 ਆਧੁਨਿਕ ਮਸ਼ੀਨਾਂ ਸਬਸਿਡੀ ’ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਖੇਤੀ ਮਸ਼ੀਨਰੀ ਵਿਅਕਤੀਗਤ ਕਿਸਾਨਾਂ ਨੂੰ 50 ਫੀਸਦੀ ਅਤੇ ਕਿਸਾਨ ਗਰੁੱਪਾਂ ਤੇ ਸਹਿਕਾਰੀ ਸਭਾਵਾਂ ਨੂੰ 80 ਫੀਸਦੀ ਸਬਸਿਡੀ ’ਤੇ ਦਿੱਤੀਆਂ ਜਾਣਗੀਆਂ। ਇਹ ਜਾਣਕਾਰੀ ਸਹਾਇਕ ਕਮਿਸ਼ਨਰ (ਜਨਰਲ) ਸ਼੍ਰੀ ਅਸ਼ੋਕ ਕੁਮਾਰ ਨੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਬਸਿਡੀ ’ਤੇ ਖੇਤੀ ਮਸ਼ੀਨਰੀ ਉਪਲਬਧ ਕਰਵਾਉਣ ਲਈ ਕੱਢੇ ਗਏ ਡਰਾਅ ਮੌਕੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਇੱਕ ਗੰਭੀਰ ਚੁਣੋਤੀ ਦੀ ਤਰ੍ਹਾਂ ਸਾਹਮਣੇ ਆ ਰਹੀ ਹੈ ਜਿਸ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਤ ਹੁੰਦਾ ਹੈ ਉਥੇ ਹੀ ਇਸ ਦੇ ਮਨੁੱਖੀ ਸਿਹਤ ’ਤੇ ਵੀ ਮਾੜੇ ਪ੍ਰਭਾਵ ਪੈਂਦੇ ਹਨ। ਜਿਸ ਨੂੰ ਰੋਕਣ ਲਈ ਪ੍ਰਸ਼ਾਸ਼ਨ ਵੱਲੋ਼ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।
ਸ਼੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਸਿਖਲਾਈ ਵਿਭਾਗ ਵੱਲੋਂ ਸਾਲ 2021-22 ਦੌਰਾਨ 329 ਆਧੁਨਿਕ ਖੇਤੀ ਮਸ਼ੀਨਰੀ ’ਤੇ 17 ਕਰੋੜ 01 ਲੱਖ 62 ਹਜ਼ਾਰ 517 ਰੁਪੲ ਦੀ ਸਬਸਿਡੀ ਮੁਹੱਈਆ ਕਰਵਾਈ ਗਈ ਹੈ ਅਤੇ ਇਸ ਦੌਰਾਨ 187 ਵਿਅਕਤੀਗਤ ਕਿਸਾਨਾਂ, 132 ਕਿਸਾਨ ਗਰੁੱਪਾਂ, 9 ਸਹਿਕਾਰੀ ਸਭਾਵਾਂ ਤੇ ਇੱਕ ਪੰਚਾਇਤ ਨੂੰ ਇਹ ਮਸ਼ੀਨਰੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਲ 2022-23 ਦੌਰਾਨ 63 ਸੁਪਰ ਸੀਡਰ, 01 ਸੁਪਰ ਐਸ.ਐਮ.ਐਸ., 01 ਪੈਡੀ ਚੌਪਰ/ਮਲਚਰ, 24 ਐਮ.ਬੀ. ਪਲੌਅ, 01 ਹੈਪੀ ਸੀਡਰ, 23 ਜੀਰੋ ਟਿੱਲ ਡਰਿੱਲ, 14 ਬੇਲਰ, 14 ਰੇਕ, 01 ਕਰਾਪ ਰੀਪਰ ਤੇ 20 ਸਰਬ ਮਾਸਟਰ ਮੁਹੱਈਆ ਕਰਵਾਏ ਜਾਣਗੇ ਜਦੋ਼ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਕਿਸਾਨਾਂ ਨੂੰ 3 ਸੁਪਰ ਸੀਡਰ, 2 ਜੀਰੋ ਟਿੱਲ ਡਰਿੱਲ, 01 ਬੇਲਰ, 01 ਰੇਕ, 05 ਸਹਿਕਾਰੀ ਸਭਾਵਾਂ ਅਤੇ 02 ਕਿਸਾਨ ਗਰੁੱਪਾਂ ਨੂੰ ਇਹ ਮਸ਼ੀਨਰੀ ਉਪਲਬਧ ਕਰਵਾਈ ਜਾਵੇਗੀ।