ਪੰਜਾਬ ਯੂ टी ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਨੇ ਮੰਤਰੀ ਮੀਤ ਹੇਅਰ ਦੇ ਨੁਮਾਇੰਦੇ ਨੂੰ ਸੌਂਪਿਆ ਮੰਗ ਪੱਤਰ
ਬਰਨਾਲਾ (ਲਖਵਿੰਦਰ ਸਿੰਪੀ)
ਪੰਜਾਬ ਤੇ ਯੂ टी ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ ਉਲੀਕੇ ਸੰਘਰਸ਼ ਦੇ ਸੱਦੇ ਤੇ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਕਨਵੀਨਰ ਕਰਮਜੀਤ ਸਿੰਘ ਬੀਹਲਾ, ਖੁਸ਼ਵਿੰਦਰ ਪਾਲ, ਮੋਹਨ ਸਿੰਘ ਵੇਅਰ ਹਾਊਸ, ਗੁਰਦੀਪ ਸਿੰਘ ਚੀਮਾ, ਮਾਸਟਰ ਬਖਸ਼ੀਸ਼ ਸਿੰਘ, ਲੈਕਚਰਾਰ ਨਿਰਮਲ ਸਿੰਘ ਪੱਖੋ, ਸੁਖਵਿੰਦਰ ਸਿੰਘ ਬੋਹਾ, ਰਣਜੀਤ ਰਾਏ ਦੀ ਅਗਵਾਈ ਹੇਠ ਡੀ ਸੀ ਕੰਪਲੈਕਸ ਬਰਨਾਲਾ ਵਿੱਚ ਵਿਸ਼ਾਲ ਰੈਲੀ ਕਰਨ ਉਪਰੰਤ ਕੈਬਨਿਟ ਮੰਤਰੀ ਮੀਤ ਹੇਅਰ ਦੀ ਕੋਠੀ ਵੱਲ ਨੂੰ ਜੋਰਦਾਰ ਨਾਅਰਿਆਂ ਦੀ ਗੂੰਜ ਵਿੱਚ ਰੋਸ ਮਾਰਚ ਕੀਤਾ ਅਤੇ ਮੰਤਰੀ ਮੀਤ ਹੇਅਰ ਦੇ ਪ੍ਰਤੀਨਿਧ ਗੁਰਦੀਪ ਸਿੰਘ ਬਾਠ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਹਰਿੰਦਰ ਮੱਲ੍ਹੀਆਂ, ਰਾਜੀਵ ਕੁਮਾਰ, ਮਨੋਹਰ ਲਾਲ, ਕਾਮਰੇਡ ਖੁਸ਼ੀਆ ਸਿੰਘ, ਬਲਦੇਵ ਸਿੰਘ ਧੌਲਾ, ਨਰਿੰਦਰ ਕੁਮਾਰ ਸਹਿਣਾ, ਗੁਰਚਰਨ ਸਿੰਘ, ਧਰਮਿੰਦਰ ਹੀਰੇ ਆਲਾ, ਸੰਦੀਪ ਕੌਰ ਪੱਤੀ ਆਸ਼ਾ ਵਰਕਰ, ਪਰਮਿੰਦਰ ਸਿੰਘ ਰੁਪਾਲ ਨੇ ਕਿਹਾ ਕਿ ਇਸ ਸਰਕਾਰ ਵੱਲੋਂ ਵੀ ਪਿਛਲੀਆਂ ਸਰਕਾਰਾਂ ਵਾਂਗ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ, ਕੱਚੇ ਮੁਲਾਜ਼ਮਾਂ ਅਤੇ ਮਾਣ ਭੇਟਾ ਉੱਕੀਆ ਪੁੱਕੀਆਂ ਉਜਰਤਾਂ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਛੇਵੇਂ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ, ਬਕਾਇਆ ਡੀ ਏ ਦੀਆਂ ਕਿਸਤਾਂ ਜਾਰੀ ਕਰਨ ਆਦਿ ਮੰਗਾਂ ਨੂੰ ਮੰਨਣ ਦੇ ਬਾਵਜੂਦ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਕਾਰਣ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਆਗੂਆਂ ਨੇ ਇਸ ਮੌਕੇ ਕਿਹਾ ਕਿ 10 ਸਤੰਬਰ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮ ਵਹੀਰਾਂ ਘੱਤ ਕੇ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਲਈ ਪੁੱਜਣਗੇ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਕੋਝੀਆਂ ਨੀਤੀਆਂ ਖਿਲਾਫ ਇੱਕ ਫੈਸਲਾਕੁੰਨ ਸੰਘਰਸ਼ ਲੜਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਜੰਟ ਸਿੰਘ ਬਿਜਲੀ ਬੋਰਡ , ਦਲਜੀਤ ਸਿੰਘ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਸਤਿੰਦਰ ਪਾਲ ਸਿੰਘ ਜੱਸੜ, ਰਮਨਦੀਪ ਸਿੰਗਲਾ, ਸੁਰਿੰਦਰ ਪਾਲ ਕੌਰ ਆਦਰਸ਼ ਸਕੂਲ, ਤੇਜਿੰਦਰ ਸਿੰਘ ਤੇਜੀ, ਕੁਸ਼ਲ ਸਿੰਘੀ, ਗੁਰਮੀਤ ਸੁਖਪੁਰਾ, ਮੇਲਾ ਸਿੰਘ ਕੱਟੂ, ਸ਼ੇਰ ਸਿੰਘ ਫੂਡ ਸਪਲਾਈ, ਜਰਨੈਲ ਸਿੰਘ ਮੂੰਮ, ਪ੍ਰਭਜੋਤ ਸਿੰਘ ਠੁੱਲੀਵਾਲ ਨੇ ਵੀ ਸੰਬੋਧਨ ਕੀਤਾ।