ਕਿਹਾ, ਜਿਮ ਦਾ ਸਾਮਾਨ ਛੇਤੀ ਮੁਹੱਈਆ ਕਰਾਇਆ ਜਾਵੇਗਾ
ਪੂਰੀ ਸਮਰੱਥਾ ਨਾਲ ਮੁੜ ਵਸੇਬਾ ਕੇਂਦਰ ਚਲਾਉਣ ਦੇ ਦਿੱਤੇ ਆਦੇਸ਼
ਸੋਨੀ ਪਨੇਸਰ , ਬਰਨਾਲਾ, 24 ਅਗਸਤ 2022
ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਵੱਲੋਂ ਅੱਜ ਮੁੜ ਵਸੇਬਾ ਕੇਂਦਰ ਸੋਹਲ ਪੱਤੀ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਉਨਾਂ ਨਸ਼ਾ ਛੱਡ ਚੁੱਕੇ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ ’ਚ ਲਿਆਉਣ ਲਈ ਸੈਂਟਰ ’ਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਨਿਰੀਖਣ ਕੀਤਾ।ਉਨਾਂ ਕਿਹਾ ਕਿ ਪੰਜਾਬ ਸਰਕਾਰੀ ਦੀ ਨਸ਼ਿਆਂ ਵਿਰੋਧੀ ਮੁਹਿੰਮ ਤਹਿਤ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਮੁਹਿੰਮ ਜਾਰੀ ਹੈ ਤਾਂ ਜੋ ਨਸ਼ਾ ਛੱਡਣ ਲਈ ਦਾਖਲ ਮਰੀਜ਼ਾਂ ਅਤੇ ਨਸ਼ਾ ਛੱਡ ਚੁੱਕੇ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਲਈ ਸੰਜੀਦਾ ਉਪਰਾਲੇ ਕੀਤੇ ਜਾ ਸਕਣ। ਇਸ ਮੌਕੇ ਉਨਾਂ ਸਿਹਤ ਵਿਭਾਗ ਨੂੰ ਪੂਰੀ ਸਮਰੱਥਾ ਨਾਲ ਮੁੜ ਵਸੇਬਾ ਕੇਂਦਰ ਚਲਾਉਣ ਦੇ ਆਦੇਸ਼ ਦਿੱਤੇ। ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਇਸ ਵੇਲੇ 50 ਦੇ ਕਰੀਬ ਬੈੱਡ ਮੁੜ ਵਸੇਬਾ ਕੇਂਦਰ ਅਧੀਨ, ਜਦੋਂਕਿ ਕੁਝ ਬੈੱਡ ਕੋਵਿਡ ਕੇਅਰ ਸੈਂਟਰ ਅਧੀਨ ਹਨ। ਡਿਪਟੀ ਕਮਿਸ਼ਨਰ ਨੇ ਆਖਿਆ ਕਿ ਇਸ ਵੇਲੇ ਕੋੋਵਿਡ ਦਾ ਪ੍ਰਭਾਵ ਘੱਟ ਹੈ ਅਤੇ ਕੋਵਿਡ ਦੇ ਮਰੀਜ਼ ਕੇਂਦਰ ’ਚ ਨਹੀਂ ਹਨ, ਇਸ ਲਈ ਸਾਰੇ ਬੈੱਡ ਮੁੜ ਵਸੇਬਾ ਕੇਂਦਰ ਅਧੀਨ ਰੱਖੇ ਜਾਣ। ਉਨਾਂ ਕਿਹਾ ਕਿ ਮਗਨਰੇਗਾ ਰਾਹੀਂ ਮੁੁੜ ਵਸੇਬਾ ਕੇਂਦਰ ਦੀ ਸਫਾਈ ਕਰਵਾਈ ਜਾਵੇਗੀ। ਉਨਾਂ ਸਿਹਤ ਅਧਿਕਾਰੀਆਂ ਨੂੰ ਘਰੇਲੂ ਬਗੀਚੀ (ਕਿਚਨ ਗਾਰਡਨ) ਬਣਾਉਣ ਲਈ ਵੀ ਆਖਿਆ ਤਾਂ ਜੋ ਇਥੇ ਦਾਖਲ ਮਰੀਜ਼ ਕੁਦਰਤ ਨਾਲ ਜੁੜ ਸਕਣ ਅਤੇ ਵੱਖ ਵੱਖ ਕੰਮਾਂ ’ਚ ਰੁੱਝੇ ਰਹਿਣ। ਇਸ ਦੇ ਨਾਲ ਹੀ ਉਨਾਂ ਦੀ ਮਾਨਸਿਕ ਮਜ਼ਬੂਤੀ ਲਈ ਜਿਮ ਦਾ ਸਾਮਾਨ ਮੁਹੱਈਆ ਕਰਾਉਣ ਅਤੇ ਉਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਪਰਾਲੇ ਕਰਨ ਲਈ ਵੀ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਉਨਾਂ ਕਿਹਾ ਕਿ ਸੈਂਟਰ ’ਚ ਸਾਕਾਰਾਤਮਕ ਮਾਹੌਲ ਸਿਰਜਿਆ ਜਾਵੇ ਤਾਂ ਜੋ ਨਸ਼ਾ ਛੱਡ ਚੁੱਕੇ ਵਿਅਕਤੀ ਚੰਗੀ ਸੋਚ ਨਾਲ ਇੱਥੋਂ ਜਾਣ ਅਤੇ ਨਸ਼ਿਆਂ ਤੋਂ ਹਮੇਸ਼ਾ ਦੂਰ ਰਹਿਣ।
ਇਸ ਮੌਕੇ ਉਨਾਂ ਕੇਂਦਰ ’ਚ ਦਾਖਲ ਵਿਅਕਤੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨਾਂ ਤੋਂ ਸਹੂਲਤਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ, ਐਸਡੀਐਮ ਗੋਪਾਲ ਸਿੰਘ, ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ, ਡਿਪਟੀ ਮੈਡੀਕਲ ਕਮਿਸ਼ਨਰ ਗੁਰਮਿੰਦਰ ਕੌਰ ਔਜਲਾ, ਐਸਐਮਓ ਤਪਿੰਦਰਜੋਤ ਕੌਸ਼ਲ, ਡਾ. ਲਿਪਸੀ ਮੋਦੀ ਵੀ ਹਾਜ਼ਰ ਸਨ।