ਸਰਕਾਰੀ ਹਾਈ ਸਕੂਲ ਨਰੜੂ ਦੇ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ
ਪਟਿਆਲਾ, 23 ਅਗਸਤ (ਰਾਜੇਸ਼ ਗੋਤਮ)
ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪੁੱਜੇ ਸਰਕਾਰੀ ਹਾਈ ਸਕੂਲ ਨਰੜੂ ਦੇ ਵਿਦਿਆਰਥੀਆਂ ‘ਚ ਸ਼ਾਮਲ 9ਵੀਂ ਜਮਾਤ ਦੇ ਵਿਦਿਆਰਥੀ ਹਰਮਨ ਸਿੰਘ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਹ ਕਦੇ ਡਿਪਟੀ ਕਮਿਸ਼ਨਰ ਦੀ ਕੁਰਸੀ ‘ਤੇ ਵੀ ਬੈਠ ਸਕੇਗਾ। ਪਰੰਤੂ ਉਸ ਦੇ ਅੰਤਰਮਨ ‘ਚ ਸੰਜੋਇਆ ਡੀ.ਸੀ. ਬਣਨ ਦਾ ਸੁਪਨਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਾਕਾਰ ਕਰ ਦਿੱਤਾ।
ਇਹ 9ਵੀਂ ਤੇ 10ਵੀਂ ਜਮਾਤ ਦੇ 39 ਵਿਦਿਆਰਥੀ ਆਪਣੇ ਅਧਿਅਪਕਾਂ ਸਾਇੰਸ ਮਿਸਟ੍ਰੈਸ ਸੁਰਭੀ ਗੁਪਤਾ ਤੇ ਡੀ.ਪੀ. ਹਰਪਾਲ ਸਿੰਘ ਦੀ ਅਗਵਾਈ ਹੇਠ ਇੱਥੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਕੈਰੀਅਰ ਗਾਇਡੈਂਸ ਲੈਣ ਪੁੱਜੇ ਸਨ। ਇਨ੍ਹਾਂ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਨੂੰ ਮਿਲਣ ਦੀ ਇੱਛਾ ਜਤਾਈ ਤਾਂ ਸਾਕਸ਼ੀ ਸਾਹਨੀ ਨੇ ਆਪਣੇ ਸਾਰੇ ਰੁਝੇਵੇਂ ਕੁਝ ਪਲਾਂ ਲਈ ਲਾਂਭੇ ਕਰਦਿਆਂ ਇਨ੍ਹਾਂ ਵਿਦਿਆਰਥੀਆਂ ਨੂੰ ਮਿਲਣ ਦੀ ਪਹਿਲ ਕੀਤੀ। ਇਨ੍ਹਾਂ ਬੱਚਿਆਂ ਨੂੰ ਜਦੋਂ ਇਕੱਲੇ-ਇਕੱਲੇ ਨੂੰ ਸਾਕਸ਼ੀ ਸਾਹਨੀ ਨੇ ਭਵਿੱਖ ਦੀਆਂ ਯੋਜਨਾਵਾਂ ਪੁੱਛੀਆਂ ਤਾਂ ਕਿਸੇ ਨੇ ਕੁਝ ਤੇ ਕਿਸੇ ਨੇ ਕੁੱਝ ਦੱਸਿਆ ਤਾਂ ਹਰਮਨ ਸਿੰਘ ਨੇ ਕਿਹਾ ਕਿ ਉਹ ਡੀ.ਸੀ. ਬਣਨਾ ਚਾਹੁੰਦਾ ਹੈ ਤਾਂ ਡਿਪਟੀ ਕਮਿਸ਼ਨਰ ਨੇ ਸਾਰੇ ਬੱਚਿਆਂ ਨੂੰ ਉਨ੍ਹਾਂ ਦੇ ਰੁਝਾਨ ਮੁਤਾਬਕ ਮਾਰਗ ਦਰਸ਼ਨ ਕਰਦਿਆਂ ਹਰਮਨ ਸਿੰਘ ਨੂੰ ਆਪਣੀ ਕੁਰਸੀ ‘ਤੇ ਬਿਠਾ ਕੇ ਉਸ ਨੂੰ ਮੁਕਾਬਲੇ ਦੇ ਇਮਿਤਹਾਨ ਪਾਸ ਕਰਨ ਦੀ ਸਹੀ ਸੇਧ ਦਿੱਤੀ। ਹਰਮਨ ਸਿੰਘ ਨੇ ਕਿਹਾ ਕਿ ਉਸਨੇ ਤਾਂ ਸੁਪਨਾ ਵੀ ਨਹੀਂ ਸੀ ਲਿਆ ਕਿ ਉਹ ਕਦੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਦੀ ਕੁਰਸੀ ‘ਤੇ ਬੈਠ ਵੀ ਸਕੇਗਾ। ਪਰੰਤੂ ਡਿਪਟੀ ਕਮਿਸ਼ਨਰ ਮੈਡਮ ਨੇ ਮੇਰਾ ਸੁਪਨਾ ਸਾਕਾਰ ਕਰ ਦਿੱਤਾ ਹੈ ਅਤੇ ਉਹ ਖ਼ੂਬ ਮਿਹਨਤ ਕਰੇਗਾ। ਬਾਕੀ ਬੱਚਿਆਂ ਨੇ ਵੀ ਬਹੁਤ ਉਤਸ਼ਾਹ ਨਾਲ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਕੇ ਮਿਹਨਤ ਕਰਨ ਦਾ ਪ੍ਰਣ ਲਿਆ। ਸਾਕਸ਼ੀ ਸਾਹਨੀ ਨੇ ਸਾਰੇ ਬੱਚਿਆਂ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਬੱਚੇ ਵੱਡੇ ਸੁਪਨੇ ਦੇਖਣ ਅਤੇ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੇ ਮਾਪਿਆਂ ਅਤੇ ਅਧਿਆਪਕਾਂ ਤੋਂ ਮਦਦ ਲੈਣ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਵਿਦਾਅ ਕੀਤਾ। ਇਸ ਮੌਕੇ ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ ਵੀ ਮੌਜੂਦ ਸਨ।