ਅਫ਼ਰੀਕਨ ਸਵਾਇਨ ਫੀਵਰ ਦੇ ਲੱਛਣ ਸਾਹਮਣੇ ਆਉਣ ‘ਤੇ ਸੂਰ ਪਾਲਕ ਤੁਰੰਤ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕਰਨ-ਡਿਪਟੀ ਕਮਿਸ਼ਨ
ਪਟਿਆਲਾ, 20 ਅਗਸਤ (ਰਾਜੇਸ਼ ਗੌਤਮ)
ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਪਸ਼ੂ ਪਾਲਕਾਂ, ਖਾਸ ਕਰਕੇ ਸੂਰ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਸੂਰਾਂ ‘ਚ ਅਫ਼ਰੀਕਨ ਸਵਾਇਨ ਫੀਵਰ ਦੇ ਕਿਸੇ ਵੀ ਤਰ੍ਹਾਂ ਦੇ ਲੱਛਣ ਸਾਹਮਣੇ ਆਉਣ ‘ਤੇ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕੀਤਾ ਜਾਵੇ। ਸਾਕਸ਼ੀ ਸਾਹਨੀ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਪਣੇ ਪਸ਼ੂ ਪਾਲਕਾਂ ਦਾ ਇਸ ਮੁਸ਼ਕਿਲ ਘੜੀ ‘ਚ ਹਰ ਪੱਖੋਂ ਸਾਥ ਦੇ ਰਹੀ ਹੈ ਅਤੇ ਇਸ ਬਿਮਾਰੀ ਦੀ ਰੋਕਥਾਮ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।
ਇਸੇ ਦੌਰਾਨ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਵੱਲੋਂ ਅਫ਼ਰੀਕਨ ਸਵਾਇਨ ਫੀਵਰ ਦੀ ਰੋਕਥਾਮ, ਨਿਯੰਤਰਨ ਤੇ ਖਾਤਮੇ ਦੇ ਉਦੇਸ਼ ਨਾਲ ਪੰਜਾਬ ਰਾਜ ਨੂੰ ਨਿਯੰਤਰਿਤ ਖੇਤਰ ਐਲਾਨੇ ਜਾਣ ਅਤੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਤੇ ਸਨੌਰੀ ਅੱਡੇ ਨੂੰ ਇਨਫੈਕਟਿਡ ਏਰੀਆ ਘੋਸ਼ਿਤ ਕਰਨ ਮਗਰੋਂ ਡਿਪਟੀ ਕਮਿਸ਼ਨਰ ਨੇ ਇੱਕ ਹੁਕਮ ਜਾਰੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਦੀ ਅਗਵਾਈ ਹੇਠ ਇੱਕ ਜ਼ਿਲ੍ਹਾ ਪੱਧਰੀ ਕਮੇਟੀ ਦਾ ਵੀ ਗਠਨ ਕੀਤਾ ਹੈ।
ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ ਨੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਇਸ ਕਮੇਟੀ ‘ਚ ਸ਼ਾਮਲ ਸਮੂਹ ਐਸ.ਡੀ.ਐਮਜ਼, ਸੰਯੁਕਤ ਕਮਿਸ਼ਨਰ ਨਗਰ ਨਿਗਮ ਨਮਨ ਮੜਕਨ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਗੁਰਚਰਨ ਸਿੰਘ, ਨਗਰ ਨਿਗਮ ਦੇ ਸਿਹਤ ਅਫ਼ਸਰ ਡਾ. ਜਸਬੀਰ ਕੌਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਚੈਨ ਸਿੰਘ ਪਪੜਾ ਤੇ ਹੋਰ ਅਧਿਕਾਰੀਆਂ ਨਾਲ ਆਨ-ਲਾਈਨ ਬੈਠਕ ਕੀਤੀ। ਏ.ਡੀ.ਸੀ. ਥਿੰਦ ਨੇ ਇਸ ਮੌਕੇ ਅਫ਼ਰੀਕਨ ਸਵਾਇਨ ਫੀਵਰ ਦੀ ਰੋਕਥਾਮ ਲਈ ਕੀਤੇ ਜਾ ਰਹੇ ਪ੍ਰਬੰਧਾਂ ਸਮੇਤ ਮ੍ਰਿਤਕ ਸੂਰਾਂ ਦੇ ਸਰੀਰਾਂ ਦੇ ਨਿਪਟਾਰੇ ਬਾਬਤ ਚਰਚਾ ਕਰਕੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ।
ਇਸੇ ਦੌਰਾਨ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਅਫ਼ਰੀਕਨ ਸਵਾਇਨ ਫੀਵਰ ਬਿਮਾਰੀ ਦਾ ਮਨੁੱਖਾਂ ਨੂੰ ਕੋਈ ਖ਼ਤਰਾ ਨਹੀਂ ਹੈ ਪਰੰਤੂ ਸੂਰ ਪਾਲਕ ਆਪਣੇ ਸੂਰਾਂ ‘ਚ ਤੇਜ ਬੁਖ਼ਾਰ, ਕੰਨਾਂ ਜਾਂ ਪੇਟ ‘ਤੇ ਖ਼ੂਨ ਦੇ ਧੱਬੇ ਅਤੇ ਅਚਾਨਕ ਜ਼ਿਆਦਾ ਗਿਣਤੀ ‘ਚ ਸੂਰਾਂ ਦੀ ਮੌਤ ਹੋਣ ਦੀ ਸੂਰਤ ‘ਚ ਨਜ਼ਦੀਕੀ ਪਸ਼ੂ ਸੰਸਥਾ ਵਿਖੇ ਸੰਪਰਕ ਕਰਨ ਅਤੇ ਜਾਰੀ ਪਾਬੰਦੀਆਂ ਦੀ ਪਾਲਣਾ ਯਕੀਨੀ ਬਣਾਉਣ। ਵਧੇਰੇ ਜਾਣਕਾਰੀ ਵਾਸਤੇ ਹੈਲਪਲਾਈਨ ਫੋਨ ਨੰਬਰ 0175-2970225 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।