ਅਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਦੇ ਮੌਕੇ ‘ਤੇ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਵਨਨੇਸ ਵਣ ਪਰਿਯੋਜਨਾ ਦਾ ਆਯੋਜਨ
ਪ੍ਰਦੀਪ ਕਸਬਾ , ਬਰਨਾਲਾ , 17 ਅਗਸਤ, 2022
ਭਾਰਤ ਦੀ ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਦਿਵਸ ਮੌਕੇ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਵਨਨੇਸ ਵਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ‘ਵਨਨੇਸ ਵਣ’ ਨਾਮ ਦੇ ਇਸ ਪ੍ਰੋਜੈਕਟ ਦਾ ਆਯੋਜਨ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਭਾਰਤ ਦੇ ਰਾਜਾਂ ਵਿੱਚ ਵਿਸ਼ੇਸ਼ ਸਥਾਨਾਂ ‘ਤੇ ਕੀਤਾ ਗਿਆ। ਜਿਸ ਤਹਿਤ ਲੱਖਾਂ ਰੁੱਖ ਲਗਾਏ ਗਏ ਸਨ ਅਤੇ ਉਹਨਾਂ ਦੀ ਸਾਂਭ ਸੰਭਾਲ ਵੀ ਕੀਤੀ ਜਾ ਰਹੀ ਹੈ। ਇਸ ਮਹਾਂ ਮੁਹਿੰਮ ਵਿਚ ਸੰਤ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਅਤੇ ਸ਼ਰਧਾਲੂਆਂ ਨੇ ਅਹਿਮ ਭੂਮਿਕਾ ਨਿਭਾਈ।
ਇਹ ਮੁਹਿੰਮ ਸੰਤ ਨਿਰੰਕਾਰੀ ਮਿਸ਼ਨ ਦੀ ਬਰਨਾਲਾ ਬ੍ਰਾਂਚ ਵਿੱਚ ਵੀ ਚਲਾਈ ਗਈ । ਇਸ ਪਰਿਯੋਜਨਾ ਤਹਿਤ ਠੀਕਰੀਵਾਲਾ ਰੋਡ ਸਥਿਤ ਪੌਲੀ ਕਲਿਨਿਕ ਵਿੱਚ ਪਿਛਲੇ ਸਾਲ ਬਣੇ ਵਨਨੇਸ ਵਣ ਵਿੱਚ ਹੋਰ ਪੌਦੇ ਲਗਾਏ ਗਏ ਅਤੇ ਪਿਛਲੇ ਸਾਲ ਲਗਏ ਗਏ ਪੌਦਿਆਂ ਦੇ ਆਸ ਪਾਸ ਦੀ ਸਾਫ ਸਫਾਈ ਕੀਤੀ ਗਈ।
ਬਰਨਾਲਾ ਬ੍ਰਾਂਚ ਦੇ ਸੰਯੋਜਕ ਜੀਵਨ ਗੋਇਲ ਨੇ ਦੱਸਿਆ ਕਿ ਇਥੇ ਲਗਾਏ ਗਏ ਪੌਦਿਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਆਲੇ-ਦੁਆਲੇ ਦੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇਗਾ ਅਤੇ ਸਥਾਨਕ ਤਾਪਮਾਨ ‘ਤੇ ਵੀ ਕਾਬੂ ਪਾਇਆ ਜਾਵੇਗਾ। ਸਾਰੇ ਪੌਦੇ ਸਥਾਨਕ ਜਲਵਾਯੂ ਅਤੇ ਭੂਗੋਲਿਕ ਵਾਤਾਵਰਣ ਦੇ ਅਨੁਸਾਰ ਲਗਾਏ ਗਏ ਸਨ। ਪੌਦੇ ਲਗਾਉਣ ਤੋਂ ਬਾਅਦ ਸੰਤ ਨਿਰੰਕਾਰੀ ਮਿਸ਼ਨ ਦੇ ਸੇਵਾਦਾਰ ਤਿੰਨ ਸਾਲ ਤੱਕ ਲਗਾਤਾਰ ਉਨ੍ਹਾਂ ਦੀ ਦੇਖਭਾਲ ਵੀ ਕਰਣਗੇ। ਬਰਨਾਲਾ ਬ੍ਰਾਂਚ ਦੇ ਸੇਵਦਾਰ ਨਿਰੰਤਰ ਇਸ ਸਥਾਨ ਤੇ ਆ ਕੇ ਇਹਨਾਂ ਪੌਦਿਆਂ ਦੀ ਸੁਰੱਖਿਆ, ਖਾਦ ਅਤੇ ਪਾਣੀ ਦੀ ਨਿਰਵਿਘਨ ਵਿਵਸਥਾ ਕਰ ਰਹੇ ਹਨ।
ਅੱਜ ਜਦੋਂ ਧਰਤੀ ਗਲੋਬਲ ਵਾਰਮਿੰਗ ਦੀ ਸਮੱਸਿਆ ਨਾਲ ਜੂਝ ਰਹੀ ਹੈ ਤਾਂ ਅਜਿਹੇ ਸਮੇਂ ‘ਚ ਰੁੱਖ ਲਾਉਣ ਦੀ ਮਹੱਤਤਾ ਹੋਰ ਵੀ ਵਧ ਗਈ ਹੈ। ਸਾਲ 2020 ਤੋਂ, ਕੋਰੋਨਾ ਸੰਕਟ ਨੇ ਸਾਨੂੰ ਸਾਰਿਆਂ ਨੂੰ ਕੁਦਰਤ ਦੇ ਅਨਮੋਲ ਤੋਹਫ਼ੇ ਪ੍ਰਾਣ ਵਾਯੂ, ਭਾਵ ਆਕਸੀਜਨ ਦੀ ਮਹੱਤਤਾ ਨੂੰ ਸਮਝਾਇਆ ਹੈ। ਇਸ ਦੇ ਨਾਲ ਹੀ, ਅਸੀਂ ਇਸ ਦੀ ਘਾਟ ਕਾਰਨ ਪੈਦਾ ਹੋਣ ਵਾਲੇ ਸਾਰੇ ਮਾੜੇ ਪ੍ਰਭਾਵਾਂ ਤੋਂ ਵੀ ਚੰਗੀ ਤਰ੍ਹਾਂ ਜਾਣੂ ਹਾਂ। ਇਹ ਪਤਾ ਹੋਣਾ ਚਾਹੀਦਾ ਹੈ ਕਿ ਮਨੁੱਖ ਦਾ ਜੀਵਨ ਹਵਾ ‘ਤੇ ਆਧਾਰਿਤ ਹੈ, ਜੋ ਸਾਨੂੰ ਸਿਰਫ ਇਨ੍ਹਾਂ ਰੁੱਖਾਂ ਰਾਹੀਂ ਹੀ ਮਿਲਦੀ ਹੈ।
ਓਹਨਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ ਪਿਛਲੇ ਸਾਲ 21 ਅਗਸਤ ਨੂੰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਆਪਣੇ ਕਰ ਕਮਲਾਂ ਦੁਆਰਾ ਕੀਤੀ ਸੀ। ਜਿੱਥੇ ਪੂਰੇ ਭਾਰਤ ਵਿੱਚ 350 ਥਾਵਾਂ ‘ਤੇ 1,50,000 ਦੇ ਕਰੀਬ ਰੁੱਖ ਲਗਾਏ ਗਏ ਸਨ। ਇਸ ਦੇ ਨਾਲ ਹੀ ਸਤਿਗੁਰੂ ਮਾਤਾ ਜੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਪ੍ਰਾਣ ਵਾਯੂ ਜੋ ਸਾਨੂੰ ਇਨ੍ਹਾਂ ਰੁੱਖਾਂ ਤੋਂ ਮਿਲਦਾ ਹੈ, ਧਰਤੀ ‘ਤੇ ਇਸ ਨੂੰ ਸੰਤੁਲਿਤ ਕਰਨ ਲਈ, ਸਾਨੂੰ ਥਾਂ-ਥਾਂ ‘ਤੇ ਜੰਗਲ ਬਣਾਉਣ ਦੀ ਲੋੜ ਹੈ ਤਾਂ ਜੋ ਵਧੇਰੇ ਆਕਸੀਜਨ ਦਾ ਉਤਪਾਦਨ ਕੀਤਾ ਜਾ ਸਕੇ ਅਤੇ ਵਧੇਰੇ ਸ਼ੁੱਧ ਹਵਾ ਪ੍ਰਾਪਤ ਕੀਤੀ ਜਾ ਸਕੇ। ਜਿਸ ਤਰ੍ਹਾਂ ‘ ਵਨਨੇਸ ਵਣ’ ਦਾ ਸਵਰੂਪ ਅਨੇਕਤਾ ਵਿਚ ਏਕਤਾ ਦਾ ਨਜ਼ਰੀਆ ਪੇਸ਼ ਕਰਦਾ ਹੈ, ਉਸੇ ਤਰ੍ਹਾਂ ਮਨੁੱਖ ਨੂੰ ਵੀ ਸਾਰੇ ਭੇਦ- ਭਾਵ ਭੁਲਾ ਕੇ ਸ਼ਾਂਤਮਈ ਭਾਵਨਾ ਵਿਚ ਰਹਿ ਕੇ ਸੰਸਾਰ ਨੂੰ ਨਿਖਾਰਦੇ ਚਲੇ ਜਾਣਾ ਹੈ।
ਸਤਿਗੁਰੂ ਮਾਤਾ ਸੁਦੀਕਸ਼ਾ ਜੀ ਨੇ ਇੱਕ ਉਦਾਹਰਣ ਦਿੱਤੀ ਕਿ ਜਿਸ ਤਰ੍ਹਾਂ ਬਜ਼ੁਰਗਾਂ ਦਾ ਆਸ਼ੀਰਵਾਦ ਸਾਡੇ ਲਈ ਜ਼ਰੂਰੀ ਹੈ, ਉਸੇ ਤਰ੍ਹਾਂ ਰੁੱਖ ਵੀ ਸਾਡੇ ਜੀਵਨ ਲਈ ਬਹੁਤ ਮਹੱਤਵਪੂਰਨ ਹਨ।
ਇਹ ਸਭ ਜਾਣਦੇ ਹਨ ਕਿ ਸੰਤ ਨਿਰੰਕਾਰੀ ਮਿਸ਼ਨ ਇੱਕ ਵਿਸ਼ਵ ਪੱਧਰੀ ਅਧਿਆਤਮਿਕ ਮੰਚ ਹੈ ਜੋ ਸਾਰਿਆਂ ਵਿੱਚ ਪ੍ਰਮਾਤਮਾ ਦੇ ਵਾਸ ਦੇ ਅਧਾਰ ਤੇ ਪਿਆਰ, ਸਹਿਣਸ਼ੀਲਤਾ ਅਤੇ ਏਕਤਾ ਵਿੱਚ ਸਦਭਾਵਨਾ ਦੀ ਵਿਚਾਰਧਾਰਾ ਵਿੱਚ ਵਿਸ਼ਵਾਸ ਕਰਦਾ ਹੈ। ਮਿਸ਼ਨ ਦੁਆਰਾ ਦੇਸ਼ ਭਰ ਵਿੱਚ ਪੌਦੇ ਲਗਾਉਣ ਅਤੇ ਸੰਭਾਲ, ਪਾਣੀ ਦੀ ਸੰਭਾਲ, ਰਹਿੰਦ-ਖੂੰਹਦ ਪ੍ਰਬੰਧਨ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਵਰਗੀਆਂ ਮੁਹਿੰਮਾਂ ਲਗਾਤਾਰ ਚਲਾਈਆਂ ਜਾ ਰਹੀਆਂ ਹਨ।