ਨਵੇਂ ਸਿਰਿਉਂ ਕਰੋ ਕੰਮ ਦੀ ਵੰਡ , ਔਰਤਾਂ ਖ਼ਿਲਾਫ਼ ਹੋ ਰਹੀ ਘਰੇਲੂ ਤੇ ਸਰਕਾਰੀ ਹਿੰਸਾ ਲਈ ਜਾਰੀ 112 ਪੁਲਿਸ ਹੈਲਪ ਲਾਈਨ ਨੰਬਰ ਤੇ ਆਉਣ ਵਾਲੀਆਂ ਸ਼ਿਕਾਇਤਾਂ ਨੂੰ ਐਫਆਈਆਰ ਮੰਨਿਆ ਜਾਵੇ – ਚਰਨਜੀਤ ਕੌਰ
ਹਰਿੰਦਰ ਨਿੱਕਾ ਬਰਨਾਲਾ/ਸੰਗਰੂਰ 2 ਮਈ 2020 ਇਸਤਰੀ ਜਾਗ੍ਰਿਤੀ ਮੰਚ ਦੇ ਸੱਦੇ ਤੇ ਬਰਨਾਲਾ ਅਤੇ ਸੰਗਰੂਰ ਜਿਲ੍ਹਿਆਂ ਦੇ ਵੱਖ ਵੱਖ ਖੇਤਰਾਂ ਵਿੱਚ, ਲੌਕਡਾਉਨ ਦੇ ਦਿਨਾਂ ਚ, ਵਧੀ ਘਰੇਲੂ ਹਿੰਸਾ ਦੇ ਖਿਲਾਫ ਔਰਤਾਂ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਵਿਰੁੱਧ ਰੋਹਲੀ ਅਵਾਜ਼ ਚ, ਗਰਜ਼ੀਆਂ। ਔਰਤਾਂ ਨੇ ਬਰਨਾਲਾ ਸ਼ਹਿਰ ਅਤੇ ਆਸਪਾਸ ਦੇ ਪੇਂਡੂ ਖੇਤਰਾਂ ਅੰਦਰ ਰੋਸ ਪ੍ਰਦਰਸ਼ਨ ਕੀਤਾ। ਔਰਤਾਂ ਨੇ ਇੱਕ ਸੁਰ ਹੋ ਕੇ ਘਰੇਲੂ ਕੰਮ ਦੀ ਨਵੇਂ ਸਿਰਿਉਂ ਵੰਡ ਅਤੇ ਔਰਤਾਂ ਤੇ ਹੋ ਰਹੇ ਅੱਤਿਆਚਾਰਾਂ ਨੂੰ ਠੱਲਣ ਲਈ ਸਰਕਾਰ ਵੱਲੋਂ ਦਿੱਤੇ 112 ਪੁਲਿਸ ਹੈਲਪ ਲਾਈਨ ਨੰਬਰ ਤੇੱ ਆਉਣ ਵਾਲੀਆਂ ਸ਼ਿਕਾਇਤਾਂ ਨੂੰ ਐਫਆਈਆਰ ਹੀ ਮੰਨਣ ਜਿਹੀਆਂ ਮੰਗਾਂ ਨੂੰ ਉਭਾਰਿਆ । ਇਸ ਸਬੰਧੀ ਗੱਲਬਾਤ ਕਰਦਿਆਂ ਮੰਚ ਦੀ ਜਿਲ੍ਹਾ ਆਗੂ ਚਰਨਜੀਤ ਕੌਰ ਤੇ ਗੰਮਦੂਰ ਕੌਰ ਕੂਲਰੀਆਂ ਨੇ ਕਿਹਾ ਕਿ ਸਮਾਜ ਦੀ ਸ਼ੁਰੂਆਤ ਵਿੱਚ ਕੰਮ ਦੀ ਵੰਡ ਔਰਤ ਅਤੇ ਮਰਦ ਦੇ ਵਿੱਚ ਬਰਾਬਰ ਸੀ । ਪਰ ਕੁਝ ਵਿਸ਼ੇਸ਼ ਹਾਲਤਾਂ ਵਿੱਚ ਘਰੇਲੂ ਕੰਮ ਸਿਰਫ ਔਰਤਾਂ ਦੇ ਹਿੱਸੇ ਹੀ ਰਹਿ ਗਿਆ। ਜੋਕਿ ਅੱਜ ਤੱਕ ਬਿਨਾਂ ਕਿਸੇ ਬਦਲਾਉ ਦੇ ਸਦੀਆਂ ਤੋਂ ਜਾਰੀ ਹੈ। ਔਰਤਾਂ ਖ਼ਿਲਾਫ਼ ਹਿੰਸਾ ਦੀ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ, ਜਿਵੇਂ ਕਿ ਭਾਰਤ ਬੰਦ ਦੌਰਾਨ ਪੰਜਾਬ ਵਿੱਚ ਇੱਕ ਜਵਾਨ ਧੀ ਨੂੰ ਮਾਪਿਆਂ ਵਲੋਂ ਗਲਾਂ ਘੁੱਟ ਕੇ ਮਾਰ ਦੇਣਾ,ਔਰਤਾਂ ਨਾਲ ਸ਼ਰੇਆਮ ਅਸ਼ਲੀਲ ਹਰਕਤਾਂ,ਔਰਤ ਨਾਲ ਗੈਂਗਰੇਪ ਮੁੱਖ ਘਟਨਾਵਾਂ ਹਨ । ਇਸ ਤੋਂ ਇਲਾਵਾ ਤਿਹਾੜ ਜੇਲ ਵਿੱਚ ਬੰਦ ਸਾਫੂਰਾ ਜਾਰਗਰ ਨੂੰ ਗਰਭਵਤੀ ਹੋਣ ਦੇ ਬਾਵਜੂਦ ਸਰਕਾਰੀ ਹਿੰਸਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ । 112 ਪੁਲਿਸ ਹੈਲਪ ਲਾਈਨ ਨੰਬਰ ਤੇ ਆਉਣ ਵਾਲੀਆਂ ਸ਼ਿਕਾਇਤਾਂ ਨੂੰ ਪੁਲਿਸ ਐਫ.ਆਈ. ਆਰ ਨਾ ਮੰਨ ਕੇ ਸਿਰਫ ਫ਼ਾਲਤੂ ਕੈਟਾਗਿਰੀ ,ਚ ਰੱਖਦੀ ਹੈ। ਇਸਤਰੀ ਜਾਗ੍ਰਿਤੀ ਮੰਚ ਵਲੋਂ ਮੰਗ ਕੀਤੀ ਗਈ ਕਿ ਘਰੇਲੂ ਕੰਮ ਦੀ ਮੁੜ ਤੋਂ ਵੰਡ ਕੀਤੀ ਜਾਵੇ। ਔਰਤਾਂ ਖ਼ਿਲਾਫ਼ ਘਰੇਲੂ ਅਤੇ ਸਰਕਾਰੀ ਹਿੰਸਾ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ। ਹੈਲਪ ਲਾਈਨ ਨੰਬਰ 112 ਤੇ ਆਉਣ ਵਾਲੀਆਂ ਸ਼ਿਕਾਇਤਾਂ ਨੂੰ ਐਫ.ਆਈ.ਆਰ.ਹੀ ਮੰਨਿਆ ਜਾਵੇ। ਤਿਹਾੜ ਜੇਲ ਵਿਚ ਬੰਦ ਸਾਫੂਰਾ ਜਾਰਗਰ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਉਸ ਤੇ ਮਾਨਸਿਕ ਅਤੇ ਸਰੀਰਕ ਅੱਤਿਆਚਾਰਾਂ ਲਈ ਜਿੰਮੇਵਾਰ ਅਧਿਕਾਰੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।