ਭਾਈ ਲੌਂਗੋਵਾਲ ਦੇ ਪਹਿਲੀ ਵਾਰ ਵਿਧਾਇਕ ਬਣਨ ਤੋਂ ਬਾਅਦ ਹੋਈ ਸੀ ਅਮ੍ਰਿਤਪਾਲ ਕੌਰ ਡਲੀਆ ਦੀ ਸ਼ਾਦੀ
ਹਰਿੰਦਰ ਨਿੱਕਾ ਬਰਨਾਲਾ 3 ਮਈ 2020
ਸ੍ਰੋਮਣੀ ਗੁਰੂਦਾਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਧਰਮ ਪਤਨੀ ਅਮ੍ਰਿਤਪਾਲ ਕੌਰ ਡਲੀਆ ਦੇ ਅਚਾਣਕ ਹੋਏ ਅਕਾਲ ਚਲਾਣੇ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਲੋਕ ਸੰਪਰਕ ਵਿਭਾਗ ਦੇ ਰਿਟਾਇਰਡ ਸੰਯੁਕਤ ਡਾਇਰੈਕਟਰ ਅਤੇ ਭਾਈ ਲੌਂਗੋਵਾਲ ਦੇ ਗੁਰ ਭਾਈ ਗੋਪਾਲ ਸਿੰਘ ਦਰਦੀ ਨੇ ਕਿਹਾ ਕਿ ਅਮ੍ਰਿਤਪਾਲ ਕੌਰ ਡਲੀਆ ਦੀ ਮੌਤ ਨਾਲ ਜਿੱਥੇ ਸਮਾਜ ਨੂੰ ਵੱਡਾ ਘਾਟਾ ਪਿਆ ਹੈ, ਉੱਥੇ ਹੀ ਉਨਾਂ ਨੂੰ ਨਿੱਜੀ ਤੌਰ ਤੇ ਵੀ ਗਹਿਰੀ ਸੱਟ ਲੱਗੀ ਹੈ। ਉਨ੍ਹਾਂ ਭਾਈ ਲੌਂਗੋਵਾਲ ਦੇ ਪਰਿਵਾਰ ਨਾਲ ਆਪਣੀ ਸਾਂਝ ਬਾਰੇ ਗੱਲ ਕਰਦਿਆਂ ਦੱਸਿਆ ਕਿ ਭਾਈ ਲੌਂਗੋਵਾਲ ਤੇ ਮੈਂ ਦੋਵੇਂ ਹੀ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਇੱਕੋ ਸਮੇਂ ਚੇਲੇ ਰਹੇ ਹਾਂ। ਗੁਰ ਭਾਈ ਦਾ ਰਿਸ਼ਤਾ ਸਾਡੇ ਪਰਿਵਾਰਿਕ ਰਿਸ਼ਤੇ ਚ, ਬਦਲ ਗਿਆ। ਉਨ੍ਹਾਂ ਕਿਹਾ ਡਲੀਆ ਤੇ ਭਾਈ ਲੌਂਗੋਵਾਲ ਦੀ ਸ਼ਾਦੀ ਭਾਈ ਲੌਂਗੋਵਾਲ ਦੇ ਪਹਿਲੀ ਵਾਰ ਵਿਧਾਇਕ ਬਣਨ ਤੋਂ ਬਾਅਦ 1986 ਚ, ਹੋਈ ਸੀ। ਉਨ੍ਹਾਂ ਕਿਹਾ ਕਿ ਵਿਆਹ ਤੋਂ ਬਾਅਦ ਡਲੀਆ ਨੂੰ ਸਰਕਾਰੀ ਟੀਚਰ ਦੇ ਤੌਰ ਤੇ ਨੌਕਰੀ ਮਿਲ ਗਈ। ਦਰਦੀ ਨੇ ਕਿਹਾ ਕਿ ਭਾਈ ਲੌਂਗੋਵਾਲ ਦੇ ਸਰਕਾਰ ਚ ਮੰਤਰੀ ਬਣਨ ਅਤੇ ਐਸਜੀਪੀਸੀ ਦਾ ਪ੍ਰਧਾਨ ਬਣ ਜਾਣ ਦੇ ਬਾਵਜੂਦ ਡਲੀਆ ਦੇ ਵਰਤਾਉ ਚ ਕੋਈ ਫਰਕ ਦੇਖਣ ਨੂੰ ਨਹੀਂ ਮਿਲਿਆ। ਡਲੀਆ ਮੰਡੇਰ ਸਰਕਾਰੀ ਸਕੂਲ ਤੋਂ ਬਤੌਰ ਪ੍ਰਿੰਸੀਪਲ ਰਿਟਾਇਰ ਹੋਈ। ਉਨ੍ਹਾਂ ਕਿਹਾ ਕਿ ਡਲੀਆ ਪੂਰੀ ਜਿੰਦਗੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ ਦੇ ਸਿਧਾਂਤ ਤੇ ਪਹਿਰਾ ਦਿੰਦੇ ਰਹੇ। ਉਨ੍ਹਾਂ ਕਿਹਾ ਕਿ ਡਲੀਆ ਦਾ ਪਰਿਵਾਰ ਸਿੱਖੀ ਨੂੰ ਪ੍ਰਣਾਇਆ ਹੋਇਆ ਪਰਿਵਾਰ ਹੈ। ਡਲੀਆ ਦੀ ਭੈਣ ਬੀਬਾ ਇੰਦਰਜੀਤ ਕੌਰ ਵੀ ਪਿੰਗਲਵਾੜਾ ਦਾ ਪ੍ਰਬੰਧ ਸੰਭਾਲ ਰਹੀ ਹੈ। ਵਪਾਰ ਮਹਾਂਸੰਘ ਦੇ ਪ੍ਰਧਾਨ ਲਲਿਤ ਗਰਗ,
ਸੰਸਥਾਪਕ ਪ੍ਰੇਮ ਪ੍ਰੀਤਮ ਜਿੰਦਲ ਨੇ ਭਾਈ ਲੌਂਗੋਵਾਲ ਦੀ ਪਤਨੀ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਅਤੇ ਸੂਬਾਈ ਅਕਾਲੀ ਆਗੂ ਜਤਿੰਦਰ ਜਿੰਮੀ ਅਤੇ ਸਾਬਕਾ ਸੈਨਿਕ ਵਿੰਗ ਦੇ ਰਾਸ਼ਟਰੀ ਨੇਤਾ ਇੰਜੀਨੀਅਰ ਗੁਰਜਿੰਦਰ ਸਿੰਘ ਸਿੱਧੂ ਤੇ ਹੋਰ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਭਾਈ ਲੌਂਗੋਵਾਲ ਦੀ ਪਤਨੀ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਹੈ।