ਬਰਨਾਲਾ ’ਚ ਫਸੇ ਕਸ਼ਮੀਰੀਆਂ ਦੀ ਪ੍ਰਸ਼ਾਸਨ ਤੇ ਸਰਕਾਰ ਦੇ ਯਤਨਾਂ ਸਦਕਾ ਹੋਈ ਵਾਪਸੀ

Advertisement
Spread information
* ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੋ ਬੱਸਾਂ ਜੰਮੂ-ਕਸ਼ਮੀਰ ਲਈ ਕੀਤੀਆਂ ਰਵਾਨਾ
* ਕਸ਼ਮੀਰੀ ਪਰਿਵਾਰਾਂ ਵੱਲੋਂ ਡਿਪਟੀ ਕਮਿਸ਼ਨਰ ਦਾ ਸ਼ੁਕਰੀਆ; ਕਿਹਾ, ਹੁਣ ਆਪਣੇ ਘਰੀਂ ਮਨਾ ਸਕਣਗੇ ਰਮਜ਼ਾਨ
ਸੋਨੀ ਪਨੇਸਰ ਬਰਨਾਲਾ, 3 ਮਈ 2020
ਬਰਨਾਲਾ ਵਿਚ ਫਸੇ 59 ਕਸ਼ਮੀਰੀ ਵਿਅਕਤੀਆਂ ਦੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਕੀਤੇ ਯਤਨਾਂ ਬਦੌਲਤ ਅੱਜ ਘਰ ਵਾਪਸੀ ਹੋ ਗਈ ਹੈ। ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋੋਂ ਕਸ਼ਮੀਰੀ ਪਰਿਵਾਰਾਂ ਦੀਆਂ ਦੋ ਬੱਸਾਂ ਨੂੰ ਰਵਾਨਾ ਕੀਤਾ ਗਿਆ ਹੈ। ਇਸ ਮੌਕੇ ਇਨ੍ਹਾਂ ਪਰਿਵਾਰਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸ਼ੁਕਰੀਆ ਅਦਾ ਕੀਤਾ, ਜਿਨ੍ਹਾਂ ਦੇ ਯਤਨਾਂ ਸਦਕਾ ਉਹ ਰਮਜ਼ਾਨ ਦਾ ਪਵਿੱਤਰ ਮਹੀਨਾ ਆਪਣੇ ਘਰ ਮਨਾ ਸਕਣਗੇ। ਇਹ ਪਰਿਵਾਰ ਪੱਤੀ ਰੋਡ, ਧਨੌਲਾ ਰੋਡ ਤੇ ਪੁਰਾਣੇ ਬਾਜ਼ਾਰ ਵਿਖੇ ਰਹਿ ਰਹੇ ਸਨ।  ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੰਮੂ ਅਤੇ ਕਸ਼ਮੀਰ ਦੇ 59 ਵਿਅਕਤੀ ਕਰਫਿਊ ਕਾਰਨ ਬਰਨਾਲਾ ਵਿਖੇ ਫਸੇ ਹੋਏ ਹਨ, ਜੋ ਆਪਣੇ ਵਪਾਰ ਖਾਤਿਰ ਅਤੇ ਕੁਝ ਰਿਸ਼ਤੇਦਾਰਾਂ ਨੂੰ ਮਿਲਣ ਇੱਥੇ ਆਏ ਸਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਇੱਥੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਾਈਆਂ ਗਈਆਂ ਅਤੇ ਜੰਮੂ-ਕਸ਼ਮੀਰ ਸਰਕਾਰ ਨਾਲ ਰਾਬਤਾ ਬਣਾਇਆ ਗਿਆ, ਜਿਸ ਨੇ ਕਸ਼ਮੀਰੀ ਪਰਿਵਾਰਾਂ ਨੂੰ ਜੰਮੂ-ਕਸ਼ਮੀਰ ਸਰਹੱਦ ਤੱਕ ਭੇਜਣ ਦੀ ਇਜਾਜ਼ਤ ਦਿੱਤੀ। ਇਸ ਤੋਂ ਅੱਗੇ ਉਥੋਂ ਦੀ ਸਰਕਾਰ ਵੱੱਲੋਂ ਸਬੰਧਤ ਪਰਿਵਾਰਾਂ ਨੂੰ ਘਰੋਂ-ਘਰੀ ਪਹੁੰਚਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਮਹਿਲਾਵਾਂ ਅਤੇ ਬੱਚੇ ਵੀ ਹਨ, ਜੋ ਅੱਜ ਵਾਪਸ ਭੇਜੇ ਗਏ ਹਨ ਤਾਂ ਜੋ ਇਹ ਪਰਿਵਾਰ ਰਮਜ਼ਾਨ ਦੇ ਪਵਿੱਤਰ ਮਹੀਨੇ ਮੌਕੇ ਆਪਣਿਆਂ ਕੋਲ ਪੁੱਜ ਸਕਣ।
ਉਨ੍ਹਾਂ ਦੱਸਿਆ ਕਿ ਅੱਜ ਰਵਾਨਗੀ ਮੌਕੇ ਇਨ੍ਹਾਂ ਪਰਿਵਾਰਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੰਡੇ ਗਏ ਹਨ ਅਤੇ ਦੋਵੇਂ ਬੱਸਾਂ ਸੈਨੇਟਾਈਜ਼ ਕਰਵਾ ਕੇ ਭੇਜੀਆਂ ਗਈਆਂ। ਸਾਰੇ ਵਿਅਕਤੀਆਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਸਕਰੀਨਿੰਗ ਕਰਵਾਈ ਗਈ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਿਸੇ ਵੀ ਵਿਅਕਤੀ ਨੂੰ ਖੰਘ, ਜੁਕਾਮ ਜਾਂ ਬੁਖਾਰ ਤਾਂ ਨਹੀਂ ਹੈ। ਇਸ ਦੇ ਨਾਲ ਹੀ ਸਬੰਧਤ ਡਰਾਈਵਰਾਂ ਤੇ ਕੰਡਕਟਰਾਂ ਨੂੰ ਵੀ ਲੋੜੀਂਦਾ ਸਾਮਾਨ ਮੁਹੱਈਆ ਕਰਾਇਆ ਗਿਆ ਹੈ।
ਅੱਜ ਘਰ ਵਾਪਸੀ ਮੌਕੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਇਨ੍ਹਾਂ ਯਾਤਰੀਆਂ ’ਚੋਂ ਜਾਵੇਦ ਖਾਨ ਨੇ ਦੱਸਿਆ ਕਿ ਉਹ ਕੰਮ-ਕਾਰ ਦੇ ਸਿਲਸਿਲੇ ਵਿਚ ਇੱਥੇ ਆਏ ਸਨ, ਪਰ ਕਰਫਿਊ/ਤਾਲਾਬੰਦੀ ਕਾਰਨ ਇੱਥੇ ਹੀ ਫਸ ਗਏ। ਉਨ੍ਹਾਂ ਆਖਿਆ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਸ਼ੁਕਰਗੁਜ਼ਾਰ ਹਨ ਅਤੇ ਬੇਹੱਦ ਖੁਸ਼ ਵੀ ਹਨ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੀ ਸੁਣਵਾਈ ਕੀਤੀ ਹੈ ਅਤੇ ਹੁਣ ਉਹ ਆਪਣੇ ਘਰ ਵਾਪਸ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪਵਿੱਤਰ ਰਮਜ਼ਾਨ ਆਪਣਿਆਂ ਨਾਲ ਮਨਾ ਸਕਣਗੇ।
ਅੱਜ ਬੱਸਾਂ ਰਵਾਨਾ ਕਰਨ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਰੂਹੀ ਦੁੱਗ ਤੇ ਸਹਾਇਕ ਕਮਿਸ਼ਨਰ ਸ੍ਰੀ ਰਵਿੰਦਰ ਕੁਮਾਰ ਅਰੋੜਾ ਵੀ ਹਾਜ਼ਰ ਸਨ। ਵਰਣਨਯੋਗ ਹੈ ਕਿ 22 ਅਪ੍ਰੈਲ ਨੂੰ ਕਸ਼ਮੀਰੀਆਂ ਦੇ ਲੌਕਡਾਉਨ ਚ, ਫਸੇ ਹੋਣ ਦਾ ਮੁੱਦਾ ਬਰਨਾਲਾ ਟੂਡੇ ਨੇ ਪ੍ਰਮੁੱਖਤਾ ਨਾਲ ਖਬਰ ਨਸ਼ਰ ਕਰਕੇ ਉਠਾਇਆ ਸੀ ਅਤੇ ਉਨਾਂ ਦੀ ਅਵਾਜ ਪ੍ਰਸ਼ਾਸ਼ਨ ਤੱਕ ਪਹੁੰਚਾਈ ਸੀ।
Advertisement
Advertisement
Advertisement
Advertisement
Advertisement
error: Content is protected !!