ਅਪਮਾਨ ਦਾ ਕਾਰਣ ਬਣਿਆ, ਮੀਤ ਹੇਅਰ ਦਾ ਸਨਮਾਨ
ਹਰਿੰਦਰ ਨਿੱਕਾ , ਬਰਨਾਲਾ 14 ਅਗਸਤ 2022
ਸ੍ਰੀ ਰਾਮ ਲੀਲਾ ਕਮੇਟੀ ਰਜਿ: ਬਰਨਾਲਾ ਵੱਲੋਂ ਮਾਤਾ ਕੌਸ਼ਲਿਆ ਹਾਲ( ਰਾਮ ਲੀਲਾ ਮੈਦਾਨ) ‘ਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਕਮੇਟੀ ਦਾ ਸ੍ਰਪਰਸਤ ਲਿਖਕੇ ਲੰਘੀ ਕੱਲ੍ਹ ਸ਼ਾਮ ਨੂੰ ਕੀਤਾ ਗਿਆ ਸਨਮਾਨ ਹੀ ਮੀਤ ਹੇਅਰ ਦੇ ਅਪਮਾਨ ਦਾ ਕਾਰਣ ਬਣ ਗਿਆ ਹੈ। ਕੱਲ੍ਹ ਕੀਤੇ ਸਨਮਾਨ ਤੋਂ ਕੁੱਝ ਘੰਟਿਆਂ ਬਾਅਦ ਹੀ ਅੱਜ ਉਸੇ ਰਾਮ ਲੀਲਾ ਮੈਦਾਨ ਵਿੱਚ ਮੀਤ ਹੇਅਰ ਅਤੇ ਆਪ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਸ਼ੁਰੂ ਹੋ ਗਈ। ਮੀਤ ਹੇਅਰ ਦਾ ਸਨਮਾਨ ਕਰਨ ਵਾਲੀ ਧਿਰ ਵੱਲੋਂ ਰਾਮ ਲੀਲਾ ਮੈਦਾਨ ਦੇ ਗੇਟ ਨੂੰ ਲਾਇਆ ਜਿੰਦਾ ਵੀ, ਅੱਜ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਤੋੜ ਦਿੱਤਾ। ਹਾਲਤ ਕਾਫੀ ਤਣਾਅ ਪੂਰਨ ਹੋ ਗਿਆ ਅਤੇ ਹਾਲਤ ਤੇ ਨਜਰ ਰੱਖਣ ਲਈ, ਵੱਡੀ ਗਿਣਤੀ ਪੁਲਿਸ ਨੇ ਵੀ ਮੋਰਚਾ ਸੰਭਾਲ ਲਿਆ।
ਮੀਤ ਹੇਅਰ ਨੇ ਕਿਹਾ, ਮੈਂ ਸ੍ਰੀ ਰਾਮ ਲੀਲਾ ਕਮੇਟੀ ਬਰਨਾਲਾ ਦਾ ਕੋਈ ਸਰਪ੍ਰਸਤ ਨਹੀਂ
ਉੱਧਰ ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੈਂ ਸ੍ਰੀ ਰਾਮ ਲੀਲਾ ਕਮੇਟੀ ਬਰਨਾਲਾ ਦਾ ਕੋਈ ਸਰਪ੍ਰਸਤ ਨਹੀਂ ਹਾਂ ਅਤੇ ਨਾ ਹੀ, ਮੈਂ ਜਾਂ ਮੇਰੀ ਪਾਰਟੀ ਕਿਸੇ ਵੀ ਧਾਰਮਿਕ ਸੰਸਥਾ ਵਿੱਚ ਕੋਈ ਦਖਲਅੰਦਾਜੀ ਕਰਦੇ ਹਾਂ। ਸ਼ਹਿਰ ਦੀਆਂ ਸਾਰੀਆਂ ਹੀ ਧਾਰਮਿਕ ਸੰਸਥਾਵਾਂ ਦਾ ਅਸੀਂ ਸਤਿਕਾਰ ਕਰਦੇ ਹਾਂ। ਮੀਤ ਹੇਅਰ ਨੇ ਕਿਹਾ ਕਿ ਮੈਨੂੰ ਸਨਮਾਨ ਕਰਨ ਲਈ, ਲੰਘੀ ਕੱਲ੍ਹ ਬੁਲਾਇਆ ਗਿਆ ਸੀ, ਇਸ ਤੋਂ ਜਿਆਦਾ ਮੇਰਾ ਕੋਈ ਰੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਹੀ ਮੇਰੇ ਲਈ ਬਹੁਤ ਹੀ ਸਤਿਕਾਰਯੋਗ ਸ੍ਰੀ ਭਾਰਤ ਮੋਦੀ ਜੀ ਤੇ ਉਨ੍ਹਾਂ ਦੀ ਹੋਰ ਟੀਮ ਮੈਨੂੰ ਮਿਲੀ ਸੀ। ਦੋਵਾਂ ਧਿਰਾਂ ਵਿੱਚ ਪੈਦਾ ਹੋਇਆ ਟਕਰਾਅ ਮੰਦਭਾਗਾ ਹੈ, ਮੇਰੀ ਕੋਸ਼ਿਸ਼ ਹੈ ਕਿ ਦੋਵਾਂ ਧਿਰਾਂ ਨੂੰ ਬਿਠਾ ਕੇ ਪੈਦਾ ਹੋਏ ਝਗੜੇ ਦਾ ਸ਼ਾਂਤਮਈ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਸ਼ਹਿਰ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਾ ਕਾਇਮ ਰੱਖਣ ਦੀ ਅਪੀਲ ਵੀ ਕੀਤੀ।
ਮੀਤ ਹੇਅਰ ਖਿਲਾਫ ਹਿੰਦੂ ਸਮਾਜ਼ ਚ ਫੈਲਿਆ ਗੁੱਸਾ
ਬਜਰੰਗ ਦਲ ਦੇ ਸੂਬਾਈ ਆਗੂ ਨੀਲਮਣੀ ਸਮਾਧੀਆ ਨੇ ਰੋਹ ਭਰੀ ਤਕਰੀਰ ਕਰਦਿਆਂ ਕਿਹਾ ਕਿ ਕੈਬਨਿਟ ਮੰਤਰੀ ਮੀਤ ਹੇਅਰ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਹਿੰਦੂ ਸਮਾਜ ਦੀਆਂ ਧਾਰਮਿਕ ਸੰਸਥਾਵਾਂ ਤੇ ਆਪਣੇ ਪਾਰਟੀ ਵਰਕਰਾਂ ਨੂੰ ਅੱਗੇ ਲਾ ਕੇ ਜਬਰਦਸਤੀ ਕਬਜ਼ਾ ਕਰਨ ਲੱਗ ਪਈ, ਇਸ ਨੂੰ ਹਿੰਦੂ ਸਮਾਜ ਚੁੱਪ ਚੁੱਪ ਘਰ ਬਹਿ ਕੇ ਬਰਦਾਸ਼ਤ ਨਹੀਂ ਕਰੇਗਾ। ਨੀਲਮਣੀ ਨੇ ਚਿਤਾਵਨੀ ਦਿੱਤੀ ਕਿ ਜੇਕਰ, ਆਪ ਸਰਕਾਰ ਵਿੱਚ ਦਮ ਹੈ ਤਾਂ ਹੁਣ ਹਿੰਦੂ ਸਮਾਜ਼ ਰਾਮ ਲੀਲਾ ਮੈਦਾਨ ਵਿੱਚ ਡਟਿਆ ਬੈਠਾ ਹੈ। ਉਨ੍ਹਾਂ ਕਿਹਾ ਕਿ ਧਾੜਵੀਆਂ ਵਾਂਗੂ ਧਾਰਮਿਕ ਸੰਸਥਾ ਅਤੇ ਧਰਮ ਅਸਥਾਨ ਤੇ ਕਿਸੇ ਵੀ ਹਾਲਤ ਵਿੱਚ ਆਪ ਸਰਕਾਰ ਨੂੰ ਕਬਜ਼ਾ ਨਹੀਂ ਕਰਨ ਦਿਆਂਗੇ। ਲੋਕਾਂ ਨੂੰ ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਲੰਘੀ ਕੱਲ੍ਹ ਕੈਬਨਿਟ ਮੰਤਰੀ ਮੀਤ ਹੇਅਰ ਦਾ ਸਨਮਾਨ ਕਰਨ ਮੌਕੇ ਵੀ ਬਜਰੰਗ ਦਲ ਦਾ ਆਗੂ ਨੀਲਮਣੀ ਸਮਾਧੀਆ ਜੈਕਾਰੇ ਲਗਾ ਰਿਹਾ ਸੀ ਤੇ ਅੱਜ ਉਹੀ ਆਗੂ ਮੁਰਦਾਬਾਦ ਦੇ ਨਾਅਰੇ ਲਗਾ ਰਿਹਾ ਸੀ।
ਜੁੱਤੀਆਂ ਸਣੇ ਸਟੇਜ ਤੇ ਚੜ੍ਹਨ ਨਾਲ, ਲੱਗੀ ਆਸਥਾ ਨੂੰ ਠੇਸ
ਭਾਜਪਾ ਆਗੂ ਧੀਰਜ ਦੱਧਾਹੂਰ ,ਸਾਬਕਾ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਅਤੇ ਸ੍ਰੀ ਰਾਮ ਲੀਲਾ ਕਮੇਟੀ ਦੇ ਮੀਤ ਪ੍ਰਧਾਨ ਰਜਿੰਦਰ ਗਾਰਗੀ ਆਦਿ ਨੇ ਕਿਹਾ ਕਿ ਲੰਘੀ ਕੱਲ੍ਹ ਮੰਤਰੀ ਮੀਤ ਹੇਅਰ ਦੇ ਸਨਮਾਨ ਸਮਾਰੋਹ ਮੌਕੇ ਸਾਰੇ ਹੀ ਆਗੂ ਧਰਮ ਸਥਾਨ ਦਾ ਰੁਤਬਾ ਰੱਖਦੀ ਸਟੇਜ਼ ਤੇ ਜੁੱਤੀਆਂ ਸਣੇ ਚੜ੍ਹ ਗਏ, ਜਦੋਂਕਿ ਇਸ ਸਟੇਜ ਨੁੰ ਨਤਮਸਤਕ ਹੋ ਕੇ, ਲੋਕ ਸੁੱਖਾਂ ਸੁਖਦੇ ਹਨ ਤੇ ਆਸਥਾ ਰੱਖਣ ਵਾਲਿਆਂ ਦੀਆਂ ਮੁਰਾਦਾਂ ਵੀ ਪੂਰੀਆਂ ਹੁੰਦੀਆਂ ਹਨ। ਸਟੇਜ ਤੇ ਜੁੱਤੀਆਂ ਸਣੇ ਚੜ੍ਹ ਕੇ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚੀ ਹੈ। ਰੋਸ ਪ੍ਰਦਰਸ਼ਨ ਕਰਦੇ ਲੋਕਾਂ ਨੇ ਪ੍ਰਸ਼ਾਸ਼ਨ ਤੋਂ ਹਿੰਦੂ ਸਮਾਰ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ।
ਇੱਕ ਸਦੀ ਪੁਰਾਣੀ ਸੰਸਥਾ ਤੇ ਆਪ ਦਾ ਕਬਜ਼ਾ ਨਹੀਂ ਹੋਣ ਦਿਆਂਗੇ
ਸ੍ਰੀ ਰਾਮ ਲੀਲਾ ਕਮੇਟੀ ਰਜਿ: ਬਰਨਾਲਾ ਦੇ ਪ੍ਰਧਾਨ ਭਾਰਤ ਮੋਦੀ, ਸਕੱਤਰ ਰਾਕੇਸ਼ ਕੁਮਾਰ ਬਬਲੂ, ਸੱਤਪਾਲ ਸੱਤਾ ਆਦਿ ਨੇ ਦੱਸਿਆ ਕਿ ਜਿਹੜੇ ਵਿਅਕਤੀ ਰਾਜਸੀ ਸੱਤਾ ਦੇ ਜ਼ੋਰ ਤੇ ਰਾਮ ਲੀਲਾ ਕਮੇਟੀ ਤੇ ਕਬਜਾ ਕਰਨ ਦੇ ਮੰਸੂਬੇ ਪਾਲ ਰਹੇ ਹਨ, ਉਹ ਆਪਣੇ ਮਨ ਚੋਂ ਭਰਮ ਕੱਢ ਦੇਣ , ਕਿਉਂਕਿ ਹਿੰਦੂ ਸਮਾਜ ਅਜਿਹੀਆਂ ਕੋਝੀਆਂ ਹਰਕਤਾਂ ਨੂੰ ਸਫਲ ਨਹੀਂ ਹੋਣ ਦੇਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਖੁਦ ਨੂੰ ਪ੍ਰਧਾਨ ਅਤੇ ਹੋਰ ਅਹੁਦੇਦਾਰ ਦੱਸ ਰਹੇ ਹਨ, ਉਹ ਇਹ ਦੱਸਣ ਕਿ ਉਨ੍ਹਾਂ ਦੀ ਰਾਮ ਲੀਲਾ ਕਮੇਟੀ ਨੂੰ ਕੀ ਦੇਣ ਹੈ, ਚਿਰਾਂ ਤੋਂ ਅਗਵਾਈ ਕਰਦੀ, ਸਾਡੀ ਟੀਮ ਨੇ ਸ਼ਹਿਰੀਆਂ ਤੋਂ ਲੱਖਾਂ ਰੁਪਏ ਇਕੱਠੇ ਕਰਕੇ, ਮਾਤਾ ਕੌਸ਼ਲਿਆ ਹਾਲ ਤਿਆਰ ਕੀਤਾ ਹੈ,ਜਿੱਥੇ ਹਰ ਤਰਾਂ ਦੀ ਅਧੁਨਿਕ ਸਹੂਲਤ ਵੀ ਮੌਜੂਦ ਹੈ। ਭਾਰਤ ਮੋਦੀ ਨੇ ਕਿਹਾ ਕਿ ਰਾਮ ਭਗਤਾਂ ਵਿੱਚ ਰਾਮ ਲੀਲਾ ਕਮੇਟੀ ਤੇ ਕਬਜ਼ਾ ਕੀਤੇ ਜਾਣ ਦੀਆਂ ਕੌਸ਼ਿਸ਼ਾਂ ਤੋਂ ਬਾਅਦ ਮੀਤ ਹੇਅਰ ਅਤੇ ਉਨ੍ਹਾਂ ਦੇ ਹੋਰ ਆਗੂਆਂ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਾਂਗਰਸ ਸ਼ਹਿਰੀ ਬਲਾਕ ਦੇ ਪ੍ਰਧਾਨ ਮਹੇਸ਼ ਲੋਟਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਆਗੂ ਸੰਜੀਵ ਸ਼ੋਰੀ ਆਦਿ ਆਗੂਆਂ ਨੇ ਆਪ ਆਗੂਆਂ ਵੱਲੋਂ ਰਾਮ ਲੀਲਾ ਕਮੇਟੀ ਤੇ ਕਬਜਾ ਕਰਨ ਦੀ ਕੋਸ਼ਿਸ਼ ਦੀ ਸਖਤ ਨਿੰਦਿਆਂ ਕਰਦਿਆਂ ਕਿਹਾ ਕਿ ਅਸੀਂ, ਪੂਰੀ ਤਰਾਂ ਭਾਰਤ ਮੋਦੀ ਦੀ ਅਗਵਾਈ ਵਾਲੀ ਰਾਮ ਲੀਲਾ ਕਮੇਟੀ ਦੇ ਹੱਕ ‘ਚ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ। ਕਿਸੇ ਵੀ ਹਾਲਤ ਵਿੱਚ ਸ੍ਰੀ ਰਾਮ ਲੀਲਾ ਕਮੇਟੀ ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਇਸ ਮੌਕੇ ਵੱਖ ਵੱਖ ਧਾਰਮਿਕ ਸੰਸਥਾਵਾਂ ਦੇ ਆਗੂ, ਵਰਕਰ ਅਤੇ ਆਮ ਸ਼ਹਿਰੀ ਵੀ ਮੌਜੂਦ ਸਨ। ਵਰਨਣਯੋਗ ਹੈ ਕਿ ਲੰਘੀ ਕੱਲ੍ਹ ਸ੍ਰੀ ਰਾਮ ਲੀਲਾ ਕਮੇਟੀ ਬਰਨਾਲਾ ਦੇ ਜਾਹਿਰ ਕਰਦਾ ਪ੍ਰਧਾਨ ਨਾਭ ਚੰਦ ਜਿੰਦਲ ਦੀ ਅਗਵਾਈ ਵਾਲੀ ਧਿਰ, ਜਿਸ ‘ਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਗਿਣਤੀ ਹੈ, ਵੱਲੋਂ ਕੈਬਨਿਟ ਮੰਤਰੀ ਮੀਤ ਹੇਅਰ ਦਾ ਸਨਮਾਨ ਸਮਾਰੋਹ ਕੀਤਾ ਗਿਆ ਸੀ ਅਤੇ ਪ੍ਰੋਗਰਾਮ ਤੋਂ ਬਾਅਦ ਰਾਮ ਲੀਲਾ ਮੈਦਾਨ ਨੂੰ ਜਿੰਦਾ ਲਾ ਦਿੱਤਾ ਸੀ। ਜਿਹੜਾ ਅੱਜ ਹਿੰਦੂ ਸਮਾਜ਼ ਦੇ ਲੋਕਾਂ ਨੇ ਤੋੜ ਕੇ ਖੁਦ ਆਪਣਾ ਕਬਜ਼ਾ ਕਰ ਲਿਆ। ਦੂਜੀ ਧਿਰ ਦੇ ਪ੍ਰਧਾਨ ਨਾਭ ਚੰਦ ਜਿੰਦਲ ਨੂੰ ਉਨ੍ਹਾਂ ਦਾ ਪੱਖ ਜਾਣਨ ਲਈ, ਸੰਪਰਕ ਕੀਤਾ, ਪਰੰਤੂ ਰਿੰਗ ਜਾਣ ਦੇ ਬਾਵਜੂਦ, ਉਨ੍ਹਾਂ ਫੋਨ ਰਿਸੀਵ ਨਹੀਂ ਕੀਤਾ।