ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਕੀਤਾ ਗਿਆ ਮੁਫਤ ਇਲਾਜ
ਰਘਵੀਰ ਹੈਪੀ , ਬਰਨਾਲਾ, 3 ਅਗਸਤ 2022
ਸਿਹਤ ਵਿਭਾਗ ਬਰਨਾਲਾ ਵੱਲੋਂ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਸਾਲ 2022 ਵਿੱਚ ਜ਼ਿਲਾ ਬਰਨਾਲਾ ਨਾਲ ਸਬੰਧਤ ਜਮਾਂਦਰੂ ਦਿਲ ਦੀ ਬਿਮਾਰੀ (ਦਿਲ ਵਿੱਚ ਸੁਰਾਖ) ਤੋਂ ਪੀੜਤ ਕੁੱਲ 12 ਬੱਚਿਆਂ ਦਾ ਸਫਲ ਅਪਰੇਸ਼ਨ ਬਿਲਕੁਲ ਮੁਫਤ ਕੀਤਾ ਗਿਆ। ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਚੰਗੀ ਸਿਹਤ ਲਈ ਵਚਨਬੱਧਤਾ ਪ੍ਰਗਟਾਉਦਿਆਂ ਜਨਵਰੀ 2022 ਤੋਂ ਜੁਲਾਈ 2022 ਤੱਕ ਉਨਾਂ 12 ਬੱਚਿਆਂ ਦੀ ਪਛਾਣ ਕਰਕੇ ਬਿਲਕੁਲ ਮੁਫਤ ਇਲਾਜ ਕਰਵਾਇਆ ਗਿਆ, ਜੋ ਬੱਚੇ ਜਮਾਂਦਰੂ ਦਿਲ ਦੀ ਬਿਮਾਰੀ ਤੋਂ ਪੀੜਤ ਸਨ। ਉਨਾਂ ਦੱਸਿਆ ਕਿ ਸਿਹਤ ਬਲਾਕ ਧਨੌਲਾ ਤੋਂ 4 ਬੱਚੇ, ਸਿਹਤ ਬਲਾਕ ਤਪਾ ਤੋਂ 3 ਬੱਚੇ, ਸਿਹਤ ਬਲਾਕ ਮਹਿਲ ਕਲਾਂ ਤੋਂ 3 ਬੱਚੇ ਅਤੇ ਅਰਬਨ ਬਰਨਾਲਾ ਸਿਹਤ ਬਲਾਕ ਤੋਂ 2 ਬੱਚਿਆਂ ਦੇ ਦਿਲ ਦੇ ਸਫਲ ਆਪ੍ਰੇਸ਼ਨ ਮੁਫਤ ਕੀਤੇ ਗਏ।
ਡਾ. ਔਲਖ ਨੇ ਦੱਸਿਆ ਕਿ ਇਸ ਵਿੱਚੋਂ 11 ਦਿਲ ਦੀਆਂ ਸਰਜਰੀਆਂ ਫੋਰਟਿਸ ਹਸਪਤਾਲ ਮੁਹਾਲੀ ਅਤੇ 1 ਦਿਲ ਦੀ ਸਰਜਰੀ ਡੀ.ਐਮ.ਸੀ. ਲੁਧਿਆਣਾ ਵਿਖੇ ਆਰ.ਬੀ.ਐਸ.ਕੇ. ਸਿਹਤ ਸਹੂਲਤ ਅਧੀਨ ਬਿਲਕੁਲ ਮੁਫਤ ਕਰਵਾਈ ਗਈ ਹੈ। ਉਨਾਂ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਨਮੇ ਬੱਚੇ, ਆਂਗਣਵਾੜੀ ਵਿੱਚ ਰਜਿਸਟਰਡ ਬੱਚਿਆਂ, ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜਦੇ ਪਹਿਲੀ ਤੋਂ ਬਾਰਵੀਂ ਜਮਾਤ (18 ਸਾਲ ਤੱਕ) ਦੇ ਬੱਚਿਆਂ ਦਾ ਮੋਬਾਈਲ ਹੈਲਥ ਟੀਮਾਂ ਦੁਆਰਾ ਮੁਆਇਨਾ ਕੀਤਾ ਜਾਂਦਾ ਹੈ ਤੇ ਰੈਫਰ ਕੀਤੇ ਗਏ ਬੱਚਿਆਂ ਦੀਆਂ 30 ਜਮਾਂਦਰੂ ਬਿਮਾਰੀਆਂ ਦਾ ਇਲਾਜ ਪੰਜਾਬ ਰਾਜ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਕਮਿਉਨਟੀ ਹੈਲਥ ਸੈਂਟਰਾਂ, ਸਬ ਡਵੀਜ਼ਨਲ ਤੇ ਜ਼ਿਲਾ ਹਸਪਤਾਲਾਂ, ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ, ਫਰੀਦਕੋਟ, ਪਟਿਆਲਾ ਅਤੇ ਪੀ.ਜੀ.ਆਈ. ਚੰਡੀਗੜ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਬੱਚਿਆਂ ਦਾ ਇਲਾਜ ਪੀ.ਜੀ.ਆਈ. ਚੰਡੀਗੜ, ਡੀ.ਐਮ.ਸੀ./ਸੀ.ਐਮ.ਸੀ. ਲੁਧਿਆਣਾ, ਫੋਰਟਿਸ ਅਤੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਐਸ.ਏ.ਐਸ. ਨਗਰ (ਮੁਹਾਲੀ) ’ਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ।
ਡਾ. ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ’ਤੇ ਇਸ ਸਕੀਮ ਅਧੀਨ ਬੱਚਿਆਂ ਦੇ ਕੀਤੇ ਜਾਂਦੇ ਚੈਕਅੱਪ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕਰਨ ਲਈ ਜ਼ਿਲਾ ਪ੍ਰਸ਼ਾਸਨ, ਸਿੱਖਿਆ ਵਿਭਾਗ, ਆਂਗਣਵਾੜੀ ਵਿਭਾਗ ਨਾਲ ਤਾਲਮੇਲ ਕੀਤਾ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਬੱਚਿਆਂ ਦਾ ਇਲਾਜ ਕੀਤਾ ਜਾ ਸਕੇ।
ਮੇਰੇ ਪੁੱਤ ਨੂੰ ਨਵੀਂ ਜ਼ਿੰਦਗੀ ਮਿਲੀ: ਜਤਿੰਦਰ ਕੁਮਾਰ
ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਇਲਾਜ ਕਰਵਾਉਣ ਵਾਲੇ ਬਰਨਾਲਾ ਵਾਸੀ ਜਤਿੰਦਰ ਕੁਮਾਰ ਨੇ ਕਿਹਾ ਕਿ ਉਨਾਂ ਦੇ ਪੁੱਤ ਯਸ਼ਵੰਤ ਦੇ ਦਿਲ ਦੀ ਸਰਜਰੀ ਮੁਫਤ ਹੋਈ ਹੈ ਤੇ ਪੁੱਤ ਨੂੰ ਨਵੀ ਜ਼ਿੰਦਗੀ ਮਿਲੀ ਹੈ, ਜਿਸ ਲਈ ਉਹ ਸਿਹਤ ਵਿਭਾਗ ਤੇ ਸਰਕਾਰ ਦਾ ਧੰਨਵਾਦ ਕਰਦੇ ਹਨ।