ਹਰਪ੍ਰੀਤ ਕੌਰ ਬਬਲੀ , ਸੰਗਰੂਰ, 1 ਅਗਸਤ 2022
ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਸਪਤਾਹ ਆਰੰਭ ਹੋ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਸਮਾਨ ਹੈ ਅਤੇ ਇਹ ਬੱਚੇ ਨੂੰ ਕੁਪੋਸ਼ਣ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਸਾਧਾਰਨ ਜਣੇਪੇ ਵਿਚ ਇਕ ਘੰਟੇ ਦੇ ਅੰਦਰ ਅਤੇ ਸਿਜੇਰੀਅਨ ਜਣੇਪੇ ਵਿਚ ਚਾਰ ਤੋਂ ਛੇ ਘੰਟੇ ਦੇ ਅੰਦਰ ਅੰਦਰ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾ ਅਤਿ ਜ਼ਰੂਰੀ ਹੈ । ਮਾਂ ਦਾ ਪਹਿਲਾ ਗਾੜਾ ਪੀਲਾ ਦੁੱਧ ਬੱਚੇ ਨੂੰ ਪਿਲਾਉਣਾ ਬਹੁਤ ਲਾਹੇਵੰਦ ਹੁੰਦਾ ਹੈ ਕਿਉਂਕਿ ਇਹ ਬੱਚੇ ਦੇ ਇਮਿਊਨ ਸਿਸਟਮ ਨੂੰ ਬੜ੍ਹਾਵਾ ਦਿੰਦਾ ਹੈ ਅਤੇ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਸ਼ਕਤੀ ਵਧਾਉਂਦਾ ਹੈ । ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਪਹਿਲੇ ਛੇ ਮਹੀਨੇ ਬੱਚੇ ਨੂੰ ਸਿਰਫ਼ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ। ਛੇ ਮਹੀਨੇ ਤੋਂ ਬਾਅਦ ਬੱਚੇ ਨੂੰ ਅਨੁਪੂਰਕ ਖ਼ੁਰਾਕ ਦਿੱਤੀ ਜਾਵੇ ਜਿਵੇਂ ਖਿਚੜੀ, ਦਲੀਆ, ਉਬਲਿਆ ਹੋਇਆ ਆਲੂ, ਕੇਲਾ, ਦਾਲ ਦਾ ਪਾਣੀ ਆਦਿ, ਬੱਚੇ ਨੂੰ ਡੇਢ ਤੋਂ ਦੋ ਸਾਲ ਤੱਕ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ ਜਾਂ ਇਸ ਤੋਂ ਵੱਧ ਸਮੇਂ ਤੱਕ ਵੀ ਮਾਂ ਦਾ ਦੁੱਧ ਦਿੱਤਾ ਜਾ ਸਕਦਾ ਹੈ ।ਬੱਚਾ ਬਿਮਾਰ ਵੀ ਹੋਵੇ ਤਾਂ ਵੀ ਬੱਚੇ ਨੂੰ ਮਾਂ ਦਾ ਦੁੱਧ ਦਿੰਦੇ ਰਹਿਣਾ ਚਾਹੀਦਾ ਹੈ, ਇਸ ਨਾਲ ਬੱਚੇ ਦੀ ਸਿਹਤ ਵਿਚ ਜਲਦੀ ਸੁਧਾਰ ਹੁੰਦਾ ਹੈ । ਡਾ: ਇੰਦਰਜੀਤ ਸਿੰਗਲਾ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਅਤੇ ਮਾਸ ਮੀਡੀਆ ਵਿੰਗ ਦੀ ਟੀਮ ਨੇ ਹਸਪਤਾਲਾਂ ਵਿਚ ਔਰਤਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ