ਦਵਿੰਦਰ ਡੀ.ਕੇ. ਲੁਧਿਆਣਾਃ 1 ਅਗਸਤ 2022
ਲੰਬੀ(ਮੁਕਤਸਰ) ਹਲਕੇ ਤੋਂ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸਿਰਮੌਰ ਅਕਾਲੀ ਆਗੂ ਸਃ ਪਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਪੰਜਾਬ ਵਿਧਾਨ ਸਭਾ ਵਿੱਚ ਪਹੁੰਚੇ ਵਿਧਾਨਕਾਰ ਸਃ ਗੁਰਮੀਤ ਸਿੰਘ ਖੁੱਡੀਆਂ ਨੇ ਬੀਤੀ ਸ਼ਾਮ ਲੁਧਿਆਣਾ ਵਿੱਚ ਕਿਹਾ ਹੈ ਕਿ ਪੰਜਾਬੀ ਸਿਆਸਤਦਾਨਾਂ ਵਿੱਚ ਸਾਹਿੱਤ ਪੜ੍ਹਨ ਦੀ ਘਾਟ ਭਵਿੱਖ ਲਈ ਖ਼ਤਰਨਾਕ ਹੈ। ਸਾਹਿੱਤ, ਕੋਮਲ ਕਲਾਵਾਂ ਤੇ ਸੰਗੀਤ ਮਨੁੱਖੀ ਸ਼ਖ਼ਸੀਅਤ ਨੂੰ ਸਮਤੋਲ ਵਿੱਚ ਉਸਾਰਦੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਸਾਬਕਾ ਮੈਂਬਰ ਪਾਰਲੀਮੈਂਟ ਨੂੰ ਖ਼ਾਲਸਾ ਕਾਲਿਜ ਅੰਮ੍ਰਿਤਸਰ ਵਿੱਚ ਪੜ੍ਹਦਿਆਂ ਆਪਣੇ ਅਧਿਆਪਕਾਂ ਪਾਸੋਂ ਸਾਹਿੱਤ , ਇਕਿਹਾਸ ਤੇ ਸੱਭਿਆਚਾਰ ਬਾਰੇ ਪੜ੍ਹਨ ਦੀ ਪ੍ਰੇਰਨਾ ਮਿਲੀ ਸੀ ਅਤੇ ਆਖਰੀ ਸਵਾਸਾਂ ਵੇਲੇ ਉਹ ਪਰਿਵਾਰ ਨੂੰ ਵੱਡੀ ਲਾਇਬਰੇਰੀ ਸੌਂਪ ਕੇ ਗਏ ਜਿਸ ਕਾਰਨ ਸਾਡੇ ਸਾਰੇ ਪਰਿਵਾਰ ਨੂੰ ਪੜ੍ਹਨ ਦਾ ਸ਼ੌਕ ਹੈ। ਉਨ੍ਹਾਂ ਕਿਹਾ ਕਿ ਸਾਹਿੱਤ ਤੇ ਸੱਭਿਆਚਾਰਕ ਦਿਲਚਸਪੀਆਂ ਕਾਰਨ ਹੀ ਮੇਰਾ ਵੱਡੇ ਪੰਜਾਬੀ ਲੇਖਕਾਂ ਤੇ ਸਭਿਆਚਾਰਕ ਹਸਤੀਆਂ ਨਾਲ ਨੇੜ ਹੈ।
ਇਸ ਮੌਕੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਃ ਗੁਰਮੀਤ ਸਿੰਘ ਖੁੱਡੀਆਂ ਨੂੰ ਵਿਧਾਇਕ ਬਣਨ ਉਪਰੰਤ ਪਹਿਲੀ ਵਾਰ ਘਰ ਮਿਲਣ ਆਉਣ ਤੇ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਆਪਣੀਆਂ ਲਿਖੀਆਂ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ। ਪ੍ਰੋਃ ਗਿੱਲ ਨੇ ਕਿਹਾ ਕਿ ਪਹਿਲਾਂ ਪਹਿਲ ਹਰ ਚੰਗਾ ਸਿਆਸਤਦਾਨ ਚੰਗਾ ਪਾਠਕ ਤੇ ਕਈ ਵਾਰ ਸਿਰਕੱਢ ਲੇਖਕ ਵੀ ਹੁੰਦਾ ਸੀ। ਉਨ੍ਹਾਂ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਜੀ ਦੀ ਮਿਸਾਲ ਦੇਂਦਿਆਂ ਕਿਹਾ ਕਿ ਉਹ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਹਾਣੀ ਲੇਖਕ, ਕਵੀ,ਸੁਤੰਤਰਤਾ ਸੰਗਰਾਮੀਏ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਮੈਂਬਰ ਪਾਰਲੀਮੈਂਟ ਤੇ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ। ਪੰਜਾਬੀ ਕਵੀ ਸਃ ਪ੍ਰੇਮ ਸਿੰਘ ਪ੍ਰੇਮ ਪੰਜਾਬ ਦੇ ਸਿੱਖਿਆ ਮੰਤਰੀ ਰਹੇ। ਕਪੂਰ ਸਿੰਘ ਆਈ ਸੀ ਐੱਸ, ਗਿਆਨੀ ਲਾਲ ਸਿੰਘ ਕਮਲਾ ਅਕਾਲੀ ਮੈਂਬਰ ਪਾਰਲੀਮੈਂਟ ਰਹੇ।
ਇਸ ਮੌਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਸੰਚਾਰ ਕੇਂਦਰ ਦੇ ਸੀਨੀਅਰ ਅਧਿਆਪਕ ਡਾਃ ਨਿਰਮਲ ਜੌੜਾ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਸੇਵਾ ਮੁਕਤ ਨਿਗਰਾਨ ਇੰਜਨੀਅਰ ਸਃ ਸੁਖਬੀਰ ਸਿੰਘ ਜਾਖੜ ਵੀ ਹਾਜ਼ਰ ਸਨ। ਸਃ ਜਾਖੜ ਨੂੰ ਵੀ ਪੁਸਤਕਾਂ ਦਾ ਸੈੱਟ ਭੇਂਟ ਕੀਤਾ ਗਿਆ।