EO ਨੂੰ ਸੌਂਪਿਆ ਪੱਤਰ , 3 ਮਹੀਨਿਆਂ ਤੋਂ ਮੀਤ ਪ੍ਰਧਾਨ ਦਾ ਅਹੁਦਾ ਪਿਆ ਖਾਲੀ
ਹਰਿੰਦਰ ਨਿੱਕਾ , ਬਰਨਾਲਾ 29 ਜੁਲਾਈ 2022
ਨਗਰ ਕੌਂਸਲ ਦੇ ਮੀਤ ਪ੍ਰਧਾਨ ਦਾ ਅਹੁਦਾ ਤਿੰਨ ਮਹੀਨਿਆਂ ਤੋਂ ਖਾਲੀ ਪਿਆ ਹੈ। ਇਸ ਅਹੁਦੇ ਦੀ ਚੋਣ ਕਰਵਾਉਣ ਲਈ ਅੱਜ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਕੌਂਸਲਰਾਂ ਦੇ ਦਸਤਖਤਾਂ ਵਾਲਾ ਇੱਕ ਪੱਤਰ ਕੌਂਸਲ ਦੇ ਕਾਰਜ਼ ਸਾਧਕ ਅਫਸਰ ਨੂੰ ਸੌਂਪਿਆ। ਪੱਤਰ ਵਿੱਚ ਕਿਹਾ ਗਿਆ ਹੈ ਕਿ 15-04-2022 ਨੂੰ ਨਗਰ ਕੌਂਸਲ ਬਰਨਾਲਾ ਦੇ ਮੀਤ ਪ੍ਰਧਾਨ ਦਾ ਇੱਕ ਸਾਲ ਦਾ ਸਮਾਂ ਪੂਰਾ ਹੋ ਚੁੱਕਾ ਹੈ । ਉਦੋਂ ਤੋਂ ਹੁਣ ਤੱਕ ਇਹ ਸੀਟ ਖਾਲੀ ਪਈ ਹੈ। ਕੌਂਸਲਰਾਂ ਨੇ ਮੰਗ ਕੀਤੀ ਕਿ ਮੀਤ ਪ੍ਰਧਾਨ ਦੇ ਅਹੁਦੇ ਲਈ , ਚੋਣ ਲਈ ਕਾਰਵਾਈ ਜਲਦੀ ਤੋਂ ਜਲਦੀ ਅਮਲ ਵਿੱਚ ਲਿਆਦੀ ਜਾਵੇ ਤਾਂਕਿ ਪਬਲਿਕ ਨੂੰ ਕਿਸੇ ਤਰਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਕਾਰਜ ਸਾਧਕ ਅਫਸਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਕੌਂਸਲਰਾਂ ਵੱਲੋਂ ਮੀਤ ਪ੍ਰਧਾਨ ਦੇ ਅਹੁਦੇ ਦੀ ਚੋਣ ਸਬੰਧੀ ਦਿੱਤੀ ਦੁਰਖਾਸਤ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਉਣ ਪੱਤਰ ਐਸ.ਡੀ.ਐਮ. ਬਰਨਾਲਾ ਨੂੰ ਭੇਜਿਆ ਜਾਵੇਗਾ। ਉੱਧਰ ਮੀਤ ਪ੍ਰਧਾਨ ਦੇ ਅਹੁਦੇ ਦੀ ਚੋਣ ਸਬੰਧੀ ਮੰਗ ਕਰਨ ਤੋਂ ਬਾਅਦ ਨਗਰ ਕੌਂਸਲ ਦੀ ਰਾਜਨੀਤੀ ਵਿੱਚ ਉਬਾਲ ਆ ਗਿਆ ਹੈ। ਕਿਉਂਕਿ ਸੂਬੇ ਦੀ ਸੱਤਾ ਵਿੱਚ ਬਦਲਾਅ ਆਉਣ ਤੋਂ ਬਾਅਦ, ਨਗਰ ਕੌਂਸਲ ਦੀ ਰਾਜਨੀਤੀ ਹੈਂਗ , ਜਿਹੀ ਹੋ ਕੇ ਰਹਿ ਗਈ ਸੀ। ਵਰਨਣਯੋਗ ਹੈ ਕਿ ਨਗਰ ਕੌਂਸਲ ਦੇ 31 ਕੌਂਸਲਰ ਹਨ , ਇੱਕ ਵੋਟ , ਹਲਕਾ ਵਿਧਾਇਕ ਦੀ ਵੀ ਹੈ। ਸੂਤਰਾਂ ਅਨੁਸਾਰ ਹਾਲੇ ਤੱਕ ਆਮ ਆਦਮੀ ਪਾਰਟੀ ਕੋਲ , ਆਪਣੀ ਧਿਰ ਦਾ ਮੀਤ ਪ੍ਰਧਾਨ ਬਣਾਉਣ ਲਈ ਲੋੜੀਂਦਾ ਬਹੁਮਤ ਨਹੀਂ ਹੈ। ਇਸੇ ਕਾਰਣ ਹੀ, ਪ੍ਰਸ਼ਾਸ਼ਨ ਮੀਤ ਪ੍ਰਧਾਨ ਦੀ ਚੋਣ ਕਰਵਾਉਣ ਤੋਂ ਹੱਥ ਪਿੱਛੇ ਖਿੱਚ ਰਿਹਾ ਹੈ।