ਭਾਰਤ ਛੱਡੋ ਅੰਦੋਲਨ ਦੀ 80ਵੀਂ ਵਰ੍ਹੇਗੰਢ ਮੌਕੇ ਜਮਹੂਰੀ ਅਧਿਕਾਰ ਸਭਾ ਕਰੇਗੀ ਰੋਸ ਰੈਲੀ
ਪ੍ਰਦੀਪ ਸਿੰਘ ਕਸਬਾ , ਸੰਗਰੂਰ, 25 ਜੁਲਾਈ 2022
ਆਜ਼ਾਦੀ ਸੰਘਰਸ਼ ਦੌਰਾਨ ਲੜੇ ਗਏ “ਭਾਰਤ ਛੱਡੋ ਅੰਦੋਲਨ” ਦੀ ਅੱਸੀਵੀਂ ਵਰੇਗੰਢ ਮੌਕੇ ਸਾਮਰਾਜੀ ਜਕੜ ਤੋਂ ਭਾਰਤ ਨੂੰ ਮੁੱਕਤ ਕਰਾਉਣ ਅਤੇ ਫਿਰਕੂ ਤਾਕਤਾਂ ਨੂੰ ਭਾਂਜ ਦੇ ਕੇ ਦੇਸ਼ ਦੇ ਲੋਕਾਂ ਨੂੰ ਆਪਣੀ ਜਮਾਤੀ ਭਾਈਚਾਰਕ ਏਕਤਾ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦੇਣ ਲਈ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜਿਲ੍ਹਾ ਇਕਾਈ ਸੰਗਰੂਰ ਵਲੋਂ 8 ਅਗਸਤ ਨੂੰ ਸਥਾਨਕ ਪ੍ਰਜਾਪਤ ਧਰਮਸ਼ਾਲਾ ਵਿਚ ਰੈਲੀ ਕੀਤੀ ਜਾਵੇਗੀ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਾਨਯੋਗ ਰਾਸ਼ਟਰਪਤੀ ਨੂੰ ਸੰਬੋਧਿਤ ਮੰਗ ਪੱਤਰ ਦਿੱਤਾ ਜਾਵੇਗਾ।
ਜਮਹੂਰੀ ਅਧਿਕਾਰ ਸਭਾ ਦੇ ਸਵਰਨਜੀਤ ਸਿੰਘ, ਜਿਲਾ ਸਕੱਤਰ ਕੁਲਦੀਪ ਸਿੰਘ ਅਤੇ ਪ੍ਰੈਸ ਸਕੱਤਰ ਜੁਝਾਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਇਕ ਪਾਸੇ ਦੇਸ਼ ਆਜ਼ਾਦੀ ਦਾ 75 ਸਾਲਾ ਅੰਮ੍ਰਿਤ ਮਹਾਂਉਤਸਵ ਮਨਾ ਰਿਹਾ ਹੈ। ਦੂਜੇ ਪਾਸੇ ਇਹਨਾਂ 75 ਸਾਲਾਂ ਵਿਚ ਦੇਸ਼ ਵਿਚ ਸਾਮਰਾਜੀ ਸੰਸਥਾਵਾਂ ਦੀ ਜਕੜ ਹੋਰ ਮਜਬੂਤ ਹੋਈ ਹੈ। ਸਾਮਰਾਜੀ ਨੀਤੀਆਂ ਕਾਰਨ ਦੇਸ਼ ਵਿੱਚ ਆਰਥਿਕ ਨਾਬਰਾਬਰੀ ਤੇਜੀ ਨਾਲ ਵਧੀ ਹੈ।
ਆਗੂਆਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਦਿੱਤੇ ਜਾ ਰਹੇ ਮੰਗ ਪੱਤਰ ਰਾਹੀਂ ਪਿਛਲੇ ਦਿਨੀਂ ਸੁਪਰੀਮ ਕੋਰਟ ਵਲੋਂ ਇਨਸਾਫ ਲੈਣ ਲਈ ਪਹੁੰਚ ਕਰ ਰਹੇ ਸਮਾਜਿਕ ਕਾਰਜਕਰਤਾਵਾਂ ਤੀਸਤਾ ਸੀਤਲਵਾੜ ਅਤੇ ਹਿਮਾਂਸ਼ੂ ਕੁਮਾਰ ਖਿਲਾਫ ਕੇਸ ਦਰਜ ਕਰਨ ਅਤੇ ਜੁਰਮਾਨਾ ਕਰਨ ਸੰਬੰਧੀ ਕੀਤੇ ਫੈਸਲਿਆਂ ਤੇ ਨਜਰਸਾਨੀ ਕਰਨ ਦੀ ਮੰਗ ਕੀਤੀ ਜਾਵੇਗੀ ।
ਮੀਟਿੰਗ ਵਿਚ ਸੂਬਾ ਆਗੂ ਵਿਸ਼ਵ ਕਾਂਤ ਤੋਂ ਇਲਾਵਾ ਜਿਲ੍ਹਾ ਆਗੂ ਮਨਧੀਰ ਸਿੰਘ, ਗੁਰਪ੍ਰੀਤ ਕੌਰ, ਦਾਤਾ ਸਿੰਘ ਨਮੋਲ, ਮੁਖਤਿਆਰ ਸਿੰਘ, ਜਗਰੂਪ ਸਿੰਘ, ਵਿਸਾਖਾ ਸਿੰਘ ਧੂਰੀ, ਦਰਸਨ ਸਿੰਘ ਕੁਨਰਾਂ, ਗੁਰਜੰਟ ਸਿੰਘ ਬਡਰੁੱਖਾਂ, ਸੁਖਵਿੰਦਰ ਸਿੰਘ ਅਤੇ ਲਾਲ ਚੰਦ ਹਾਜਰ ਸਨ।