ਹਰਿੰਦਰ ਨਿੱਕਾ , ਬਰਨਾਲਾ 23 ਜੁਲਾਈ 2022
ਬਰਨਾਲਾ ਮਾਨਸਾ ਰੋਡ ਤੇ ਸਥਿਤ ਧੌਲਾ ਨੇੜੇ ਟਰਾਈਡੈਂਟ ਫੈਕਟਰੀ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਾਣੀ ਅਤੇ ਜਮੀਨਾਂ ਬਚਾਓ ਮੁਹਿੰਮ ਦੇ ਤਹਿਤ ਲਾਏ ਪੰਜ ਰੋਜ਼ਾ ਮੋਰਚੇ ਦੇ ਅੱਜ ਤੀਜੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਅਤੇ ਕਿਸਾਨ ਮਜ਼ਦੂਰ ਤੇ ਹੋਰ ਕਿਰਤੀ ਲੋਕ ਸ਼ਾਮਲ ਹੋਏ ।
ਸਟੇਜ ਸੰਚਾਲਨ ਦਾ ਕੰਮ ਔਰਤਾਂ ਨੇ ਸੰਭਾਲਿਆ । ਅੱਜ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ,ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਔਰਤ ਆਗੂ ਪਰਮਜੀਤ ਕੌਰ ਪਿੱਥੋ, ਰਾਜ ਕੌਰ ਕੋਟ ਦੁੱਨਾ ਅਤੇ ਜਸਵਿੰਦਰ ਕੌਰ ਬਹਾਦਰਪੁਰ ਨੇ ਕਿਹਾ ਕਿ ਟਰਾਈਡੈਂਟ ਕੰਪਨੀ ਦੀ ਇਹ ਫੈਕਟਰੀ ਰੋਜ਼ਾਨਾ ਦੋ ਕਰੋੜ ਸਤਾਈ ਲੱਖ ਲੀਟਰ ਨਹਿਰੀ ਅਤੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰਦੀ ਹੈ ਤੇ ਰੋਜ਼ਾਨਾ ਹੀ ਦੋ ਕਰੋੜ ਛੇ ਲੱਖ ਲੀਟਰ ਪ੍ਰਦੂਸ਼ਤ ਪਾਣੀ ਬਿਨਾਂ ਸਾਫ ਕੀਤੇ ਡਰੇਨ ਅਤੇ ਧਰਤੀ ਹੇਠਾਂ ਸੁੱਟਦੀ ਹੈ । ਜਿਸ ਨਾਲ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਗਿਆ ਹੈ ਪਾਣੀ ਚੋਂ ਜ਼ਹਿਰੀਲੀਆਂ ਗੈਸਾਂ ਦੀ ਬਦਬੋ ਨੇ ਇਲਾਕੇ ਦੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ ।ਉਨ੍ਹਾਂ ਕਿਹਾ ਕਿ ਪੂਰੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲੇ ਅਤੇ ਨਹਿਰੀ, ਦਰਿਆਈ ਪਾਣੀਆਂ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਲੋਕ ਮੁੱਲ ਦਾ ਪਾਣੀ ਪੀਣ ਦੇ ਲਈ ਮਜਬੂਰ ਹੋ ਜਾਣ । ਪਾਣੀ ਵੇਚ ਕੇ ਲੋਕਾਂ ਦੀ ਆਰਥਿਕ ਲੁੱਟ ਕਰਨ ਲਈ ਕੰਪਨੀਆਂ ਨੇ ਪਾਣੀ ਸਾਫ਼ ਕਰਨ ਲਈ ਵੱਡੇ ਵੱਡੇ ਪ੍ਰਾਜੈਕਟ ਲਾਉਣੇ ਸ਼ੁਰੂ ਕਰ ਦਿੱਤੇ ਹਨ । ਲਾਰਸਨ ਐਂਡ ਟੂਬਰੋ ਕੰਪਨੀ ਨੇ ਜਿਲਾ ਮੋਗਾ ਦੇ ਪਿੰਡ ਦੌਧਰ ਵਿਚ ਪ੍ਰਾਜੈਕਟ ਲਾਉਣਾ ਸ਼ੁਰੂ ਕੀਤਾ ਹੋਇਆ ਹੈ ਜੋ ਰੋਜ਼ਾਨਾ 11 ਕਰੋੜ 49 ਲੱਖ ਲੀਟਰ ਨਹਿਰੀ ਪਾਣੀ ਬਿਨਾਂ ਕੋਈ ਪੈਸੇ ਦਿੱਤੇ ਵਰਤੇਗੀ ਅਤੇ ਅੱਗੇ ਇਸ ਨੂੰ ਮਾਮੂਲੀ ਸਾਫ ਕਰਕੇ ਲੋਕਾਂ ਨੂੰ ਮੁੱਲ ਵੇਚੇਗੀ।
ਲੁਧਿਆਣਾ ਅਤੇ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੇਣ ਤੋਂ ਸਰਕਾਰ ਨੇ ਆਪਣਾ ਹੱਥ ਪਿੱਛੇ ਖਿੱਚ ਕੇ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰ ਦਿੱਤਾ ਹੈ ।ਹੌਲੀ ਹੌਲੀ ਪੂਰੇ ਪੰਜਾਬ ਵਿਚ ਜਲ ਘਰਾਂ ਦਾ ਖ਼ਾਤਮਾ ਕਰ ਕੇ ਪੀਣ ਵਾਲੇ ਪਾਣੀ ਦਾ ਕੰਮ ਕੰਪਨੀਆਂ ਹਵਾਲੇ ਹੋਵੇਗਾ । ਸ੍ਰੀ ਕੋਕਰੀ ਕਲਾਂ ਨੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੱਲ ਰਹੇ ਪਾਣੀ ਬਚਾਓ ਅੰਦੋਲਨ ਵਿੱਚ ਆਪਣਾ ਹਿੱਸਾ ਪਾਉਣ ਤਾਂ ਜੋ ਪਾਣੀਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਚ ਦਿੱਤੇ ਜਾਣ ਤੋਂ ਰੋਕਿਆ ਜਾ ਸਕੇ ਅਤੇ ਫੈਕਟਰੀਆਂ ਤੇ ਸ਼ਹਿਰਾਂ ਦੇ ਸੀਵਰੇਜ ਦੇ ਪਾਣੀ ਨੂੰ ਦਰਿਆਵਾਂ ਨਦੀਆਂ ਅਤੇ ਧਰਤੀ ਹੇਠਾਂ ਬਿਨਾਂ ਸਾਫ ਕੀਤੇ ਸੁੱਟਣ ਤੋਂ ਰੋਕਿਆ ਜਾ ਸਕੇ ।
ਇਸ ਮੌਕੇ ਔਰਤ ਆਗੂ ਕਰਮਜੀਤ ਕੋੌਰ ਲਹਿਰਾ ਖਾਨਾ ,ਬਲਵਿੰਦਰ ਕੌਰ ਬੱਛੋਆਣਾ ਅਤੇ ਮਨਜੀਤ ਕੌਰ ਕਾਹਨੇ ਕੇ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਪਾਣੀਆਂ ਦੇ ਮੁੱਦੇ ਤੇ ਵੋਟ ਬਟੋਰੂ ਅਤੇ ਫ਼ਿਰਕਾਪ੍ਰਸਤ ਪਾਰਟੀਆਂ ਆਪਸ ਵਿੱਚ ਲੜਾ ਕੇ ਹੱਕੀ ਮੰਗਾਂ ਲਈ ਸਾਂਝੇ ਸੰਘਰਸ਼ ਨੂੰ ਪਿੱਛੇ ਸੁੱਟਣਾ ਚਾਹੁੰਦੇ ਹਨ ।ਇਹ ਲੋਕ ਹਰਿਆਣਾ ਅਤੇ ਰਾਜਸਥਾਨ ਨੂੰ ਪਾਣੀ ਜਾਣ ਤੋਂ ਰੋਕਣ ਲਈ ਸਿਰ ਧੜ ਦੀ ਬਾਜ਼ੀ ਲਾਉਣ ਦੇ ਨਾਅਰੇ ਦੇ ਰਹੇ ਹਨ ਪਰ ਜਿਸ ਕੁਦਰਤੀ ਸੋਮੇ ਪਾਣੀ ਤੇ ਕਾਰਪੋਰੇਟ ਘਰਾਣੇ ਕਬਜ਼ਾ ਕਰ ਰਹੇ ਹਨ ਉਨ੍ਹਾਂ ਖ਼ਿਲਾਫ਼ ਇਹ ਲੋਕ ਇਕ ਸ਼ਬਦ ਵੀ ਨਹੀਂ ਬੋਲ ਰਹੇ ।ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਇਕੱਠੇ ਹੋ ਕੇ ਨਾ ਲੜੇ ਤਾਂ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਰਾਜਸਥਾਨ ਦੇ ਲੋਕ ਤਾਂ ਕੀ ਪੰਜਾਬ ਦੇ ਲੋਕਾਂ ਨੂੰ ਵੀ ਪਾਣੀ ਦੀ ਇੱਕ ਵੀ ਬੂੰਦ ਬਿਨਾਂ ਪੈਸੇ ਦਿੱਤੇ ਨਹੀਂ ਮਿਲੇਗੀ ਕਿਉਂਕਿ ਦਰਿਆਵਾਂ ਅਤੇ ਧਰਤੀ ਹੇਠਲੇ ਪਾਣੀ ਤੇ ਕੰਪਨੀ ਦੇ ਅਧਿਕਾਰ ਹੋ ਜਾਣਗੇ ਜਿਸ ਲਈ ਸਰਕਾਰ ਨਵੀਆਂ ਨੀਤੀਆਂ ਅਤੇ ਕਾਨੂੰਨ ਬਣਾ ਰਹੀ ਹੈ । ਇਸ ਮੌਕੇ ਤੀਰਥ ਸਿੰਘ ਚੜਿੱਕ ਦੀ ਨਿਰਦੇਸ਼ਨਾ ਹੇਠ ਸ਼ਹੀਦ ਭਗਤ ਸਿੰਘ ਚੇਤਨਾ ਮੰਚ ਵੱਲੋਂ ਨੁੱਕੜ ਨਾਟਕ ” ਸੁਲਗਦੀ ਧਰਤੀ ” ਪੇਸ ਕੀਤਾ ।
One thought on “ਗੰਭੀਰ ਦੋਸ਼- ਫੈਕਟਰੀ ਦੇ ਪ੍ਰਦੂਸ਼ਣ ਨੇ ਦੁੱਭਰ ਕੀਤਾ ਲੋਕਾਂ ਦਾ ਜਿਉਣਾ”
Comments are closed.