ਕਿਸਾਨਾਂ ਦੀ ਮੰਗ , ਟ੍ਰਾਈਡੈਂਟ ਫੈਕਟਰੀ ਦੇ ਧਰਤੀ ‘ਚ ਪਾਏ ਜਾ ਰਹੇ ਜ਼ਹਿਰੀਲੇ ਪਾਣੀ ਦੀ ਨਿਰਪੱਖ ਲੈਬਾਰਟਰੀ ਤੋਂ ਕਰਾਓ ਜਾਂਚ

Advertisement
Spread information

ਹਰਿੰਦਰ ਨਿੱਕਾ , ਬਰਨਾਲਾ 22 ਜੁਲਾਈ 2022

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸੰਸਾਰ ਬੈਂਕ ਤੋਂ ‘ਪਾਣੀ ਬਚਾਓ ਖੇਤੀ ਬਚਾਓ” ਦੇ ਪੰਜ ਰੋਜ਼ਾ ਮੋਰਚੇ ਤਹਿਤ ਟਰਾਈਡੈਂਟ ਫੈਕਟਰੀ ਧੌਲਾ (ਬਰਨਾਲਾ) ਦੇ ਸਾਹਮਣੇ ਅੱਜ ਦੂਜੇ ਦਿਨ ਕਿਸਾਨ ਮਰਦ ਔਰਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ ।
     ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਦੇਸ਼ ਦੇ ਹਾਕਮਾਂ ਅਤੇ ਸਰਕਾਰ ਪੱਖੀ ਬੁੱਧੀਜੀਵੀਆਂ ਵੱਲੋਂ ਦੁਹਾਈ ਪਿੱਟੀ ਜਾ ਰਹੀ ਹੈ ਕਿ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਅਤੇ ਡੂੰਘਾ ਹੋ ਰਿਹਾ ਹੈ ,ਦਰਿਆਵਾਂ ਅਤੇ ਨਹਿਰਾਂ ਦਾ ਪਾਣੀ ਵੀ ਜ਼ਹਿਰੀਲਾ ਹੋ ਚੁੱਕਿਆ ਹੈ ਜੋ ਕਿ ਪੀਣ ਯੋਗ ਨਹੀਂ ।ਇਸ ਦਾ ਦੋਸ਼ ਵੀ ਕਿਸਾਨਾਂ ਸਿਰ ਹੀ ਮੜ੍ਹਿਆ ਜਾ ਰਿਹਾ ਹੈ ਕਿ ਕਿਸਾਨ ਲਗਾਤਾਰ ਕਣਕ ਝੋਨੇ ਦੀ ਖੇਤੀ ਕਾਰਨ ਧਰਤੀ ਹੇਠੋਂ ਪਾਣੀ ਕੱਢ ਰਹੇ ਹਨ ਅਤੇ ਜ਼ਿਆਦਾ ਰਸਾਇਣਕ ਖਾਦਾਂ ਵਰਤ ਕੇ ਪਾਣੀ ਜ਼ਹਿਰੀਲਾ ਕਰ ਰਹੇ ਹਨ ।
       ਸ੍ਰੀ ਉਗਰਾਹਾਂ ਨੇ ਕਿਹਾ ਕਿ ਅਸਲ ਵਿਚ ਪਾਣੀ ਨੂੰ ਡੂੰਘਾ ਤੇ ਜ਼ਹਿਰੀਲਾ ਕਰਨ ਦਾ ਕਾਰਨ ਸੰਸਾਰ ਬੈਂਕ ਦੇ ਨਿਰਦੇਸ਼ਾਂ ਤਹਿਤ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਬਣਾਈਆਂ ਜਾ ਰਹੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਹਨ । ਉਨ੍ਹਾਂ ਕਿਹਾ ਕਿ ਕੌਮੀ ਬਹੁਕੌਮੀ ਸਰਮਾਏਦਾਰਾਂ ਕੰਪਨੀਆਂ ਦੀਆਂ ਸਨਅਤਾਂ ਵੱਲੋਂ ਲਗਾਤਾਰ ਪਾਣੀ ਨੂੰ ਪ੍ਰਦੂਸ਼ਿਤ ਕਰ ਕੇ ਧਰਤੀ ਹੇਠਾਂ ਅਤੇ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਹੈ ਜਿਨ੍ਹਾਂ ਤੇ ਸਰਕਾਰ ਜਾਂ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ । ਉਨ੍ਹਾਂ ਕਿਹਾ ਕਿ ਇਸ ਰਾਹੀਂ ਕੰਪਨੀਆਂ ਨੂੰ ਦੂਹਰੇ ਤੀਹਰੇ ਮੁਨਾਫ਼ੇ ਹੋ ਰਹੇ ਹਨ । ਪਾਣੀ ਦੇ ਪ੍ਰਦੂਸ਼ਣ ਹੋਣ ਕਾਰਨ ਜ਼ਿਆਦਾ ਬੀਮਾਰੀਆਂ ਫੈਲ ਰਹੀਆਂ ਹਨ ਜਿਨ੍ਹਾਂ ਤੋਂ ਮੈਡੀਸਨ ਬਣਾਉਣ ਵਾਲੀਆਂ ਕੰਪਨੀਆਂ ਮੁਨਾਫ਼ੇ ਘਟ ਰਹੀਆਂ ਹਨ । ਹੁਣ ਲੋਕਾਂ ਨੂੰ ਸ਼ੁੱਧ ਪਾਣੀ ਦੇਣ ਦੇ ਨਾਂ ਹੇਠ ਕੰਪਨੀਆਂ ਵੱਲੋਂ ਪ੍ਰੋਜੈਕਟ ਲਾਏ ਜਾ ਰਹੇ ਹਨ ਜਿਨ੍ਹਾਂ ਕੰਪਨੀਆਂ ਨੇ ਵੱਡੇ ਮੁਨਾਫ਼ੇ ਖੱਟਣੇ ਹਨ ।  ਦੇਸ਼ ਦੇ ਹਾਕਮਾਂ ਵੱਲੋਂ ਇਨ੍ਹਾਂ ਕੰਪਨੀਆਂ ਦੇ ਹੱਕ ਵਿੱਚ ਨਵੇਂ ਕਾਨੂੰਨ ਅਤੇ ਨੀਤੀਆਂ ਘੜੀਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਗਈ ਸਰਕਾਰ ਪਾਣੀ ਦੀ ਸੰਭਾਲ ਦਾ ਕੰਮ ਆਪਣੇ ਹੱਥ ਲੈ ਕੇ ਹੜ੍ਹਾਂ ਤੇ ਅਜਾਈਂ ਜਾ ਰਹੇ ਬਰਸਾਤੀ ਪਾਣੀ ਨੂੰ ਖੇਤੀ ਲਈ ਅਤੇ ਸੋਧ ਕੇ ਧਰਤੀ ਵਿੱਚ ਰੀਚਾਰਜ ਕਰਨ ਦਾ ਪ੍ਰਬੰਧ ਕਰੇ , ਪਾਣੀ ਨੂੰ ਪ੍ਰਦੂਸ਼ਿਤ ਅਤੇ ਜ਼ਹਿਰੀਲਾ ਕਰਨ ਵਾਲੀਆਂ ਫੈਕਟਰੀਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾ ਕੇ ਕਾਰਵਾਈ ਕੀਤੀ ਜਾਵੇ , ਜਲ ਘਰਾਂ ਦਾ ਪੁਰਾਣਾ ਤੋਂ ਬਹਾਲ ਕਰ ਕੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਜਲ ਸਪਲਾਈ ਵਿਭਾਗ ਵਿਚ ਸਰਕਾਰੀ ਭਰਤੀ ਸ਼ੁਰੂ ਕੀਤੀ ਗਈ ,ਘੱਟ ਲਾਗਤ ਖ਼ਰਚੇ ਨਾਲ ਵੱਧ ਝਾੜ ਦੇਣ ਵਾਲੀ ਖੇਤੀ ਬਿਜਲੀ ਤਿਆਰ ਕੀਤੇ ਜਾਣ , ਸਾਰੀਆਂ ਫ਼ਸਲਾਂ ਦਾ ਲਾਹੇਵੰਦ ਭਾਅ ਮਿੱਥ ਕੇ ਸਰਕਾਰੀ ਖ਼ਰੀਦ ਦੀ ਗਰੰਟੀ ਕੀਤੀ ਜਾਵੇ । ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸਰਕਾਰਾਂ ਤੋਂ ਇਨ੍ਹਾਂ ਮੰਗਾਂ ਦੇ ਹੱਲ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ ।
‍        ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਅੱਜ ਅਖ਼ਬਾਰਾਂ ਵਿੱਚ ਟਰਾਈਡੈਂਟ ਕੰਪਨੀ ਦੇ ਮਾਲਕ ਰਜਿੰਦਰ ਗੁਪਤਾ ਵੱਲੋਂ ਦਿੱਤੇ ਬਿਆਨ ਕਿ ਫੈਕਟਰੀ ਵੱਲੋਂ ਸਿਰਫ 2% ਹੀ ਪਾਣੀ ਡਰੇਨ ਵਿੱਚ ਪਾਇਆ ਜਾਂਦਾ ਹੈ ਸਬੰਧੀ ਕਿਹਾ ਕਿ ਗੁਪਤਾ ਵਲੋਂ ਝੂਠ ਬੋਲਿਆ ਜਾ ਰਿਹਾ ਹੈ । ਫੈਕਟਰੀ ਵੱਲੋਂ ਧਰਤੀ ਵਿੱਚ ਪਾਇਆ ਪਾਣੀ ਇਲਾਕੇ ਦੇ ਟਿਊਬਵੈੱਲਾਂ ਤੇ ਘਰਾਂ ਵਿਚ ਲੱਗੀਆਂ ਮੋਟਰਾਂ ਰਾਹੀਂ ਸ਼ਰ੍ਹੇਆਮ ਆ ਰਿਹਾ ਹੈ । ਘਰਾਂ ਵਿੱਚ ਬਣਾਈਆਂ ਟੈਂਕੀਆਂ ਵਿੱਚ ਮੋਟਰਾਂ ਰਾਹੀਂ ਆ ਰਹੇ ਪਾਣੀ ਸੋ ਕੈਮੀਕਲ ਵਾਲਾ ਪਦਾਰਥ ਜੰਮ ਰਿਹਾ ਹੈ ।

Advertisement

      ਉਨ੍ਹਾਂ ਮੰਗ ਕੀਤੀ ਕਿ ਫੈਕਟਰੀ ਵੱਲੋਂ ਧਰਤੀ ਵਿੱਚ ਪਾਏ ਜਾ ਰਹੇ ਜ਼ਹਿਰੀਲੇ ਪਾਣੀ ਦੀ ਨਿਰਪੱਖ ਲੈਬਾਰਟਰੀ ਤੋਂ ਜਾਂਚ ਕਰਵਾਈ ਜਾਵੇ । ਅੱਜ ਦੇ ਇਕੱਠ ਨੂੰ ਜਗਸੀਰ ਸਿੰਘ ਦੋਦੜਾ, ਭਗਤ ਸਿੰਘ ਛੰਨਾ ਪਰਮਜੀਤ ਕੌਰ ਪਿੱਥੋ ,ਕਮਲਜੀਤ ਕੌਰ ਨੇ ਵੀ ਸੰਬੋਧਨ ਕੀਤਾ ।ਅੱਜ ਸਟੇਜ ਦੀ ਜ਼ਿੰਮੇਵਾਰੀ ਮਾਨਸਾ ਜ਼ਿਲ੍ਹੇ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ ਨੇ ਨਿਭਾਈ ।ਸਟੇਜ ਤੋਂ ਨਿਰਮਲ ਸਿੰਘ ਸਿਵੀਆਂ, ਮਿੱਠੂ ਸਿੰਘ ਕਿਲਾ ਭਰੀਆਂ ਅਤੇ ਹੋਰ ਲੋਕਪੱਖੀ ਗੀਤਕਾਰਾਂ ਨੇ ਗੀਤ ਪੇਸ਼ ਕੀਤੇ ।

Advertisement
Advertisement
Advertisement
Advertisement
Advertisement

One thought on “ਕਿਸਾਨਾਂ ਦੀ ਮੰਗ , ਟ੍ਰਾਈਡੈਂਟ ਫੈਕਟਰੀ ਦੇ ਧਰਤੀ ‘ਚ ਪਾਏ ਜਾ ਰਹੇ ਜ਼ਹਿਰੀਲੇ ਪਾਣੀ ਦੀ ਨਿਰਪੱਖ ਲੈਬਾਰਟਰੀ ਤੋਂ ਕਰਾਓ ਜਾਂਚ

Comments are closed.

error: Content is protected !!