ਹਰਿੰਦਰ ਨਿੱਕਾ , ਬਰਨਾਲਾ 01 ਜੁਲਾਈ 2022
ਬਰਨਾਲਾ-ਲੁਧਿਆਣਾ ਮੁੱਖ ਸੜਕ ਮਾਰਗ ਤੇ ਪੈਂਦੇ ਮਹਿਲ ਕਲਾਂ ਟੋਲ ਪਲਾਜ਼ੇ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਟੂਰਿਸਟ ਬੱਸ ਅਤੇ ਟਰੱਕ ਦਰਮਿਆਨ ਹੋਈ ਆਹਮੋ-ਸਾਹਮਣੇ ਭਿਆਣਕ ਟੱਕਰ ‘ਚ ਬੱਸ ਦੇ ਡਰਾਇਵਰ ਦੀ ਮੌਤ ਹੋ ਗਈ ,ਜਦੋਂਕਿ ਟਰੱਕ ਦਾ ਡਰਾਈਵਰ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਹਾਦਸੇ ਤੋਂ ਬਾਅਦ ਬੱਸ ਦੀਆਂ ਸਵਾਰੀਆਂ ਨੇ ਚੀਖ ਚੀਖ ਕੇ ਲੋਕਾਂ ਨੂੰ ਮੱਦਦ ਲਈ ਬੁਲਾਇਆ ਅਤੇ ਆਸ ਪਾਸ ਦੇ ਲੋਕ ਇਕੱਠੇ ਹੋ ਗਏ । ਜਿੰਨ੍ਹਾਂ ਨੇ ਜਖਮੀਆਂ ਨੂੰ ਬਾਹਰ ਕੱਢਿਆ ਤੇ ਪੁਲਿਸ ਨੂੰ ਹਾਦਸੇ ਵਾਲੀ ਥਾਂ ਤੇ ਬੁਲਾਇਆ।
ਇਸ ਤੋਂ ਇਲਾਵਾ ਬੱਸ ਦੀਆਂ ਸਵਾਰੀਆਂ ਦੇ ਵੀ ਕਾਫੀ ਸੱਟਾਂ ਲੱਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਰਠੌਰ ਐਂਡ ਜੁਝਾਰ ਟ੍ਰੈਵਲਜ ਲੁਧਿਆਣਾ ਦੀ ਬੱਸ ਰਾਜਸਥਾਨ ਵੱਲੋਂ ਲੁਧਿਆਣਾ ਵੱਲ ਜਾ ਰਹੀ ਸੀ ਅਤੇ ਟਰੱਕ ਰਾਏਕੋਟ ਦੀ ਤਰਫੋਂ ਜਾ ਰਿਹਾ ਸੀ। ਜਦੋਂ ਦੋਵੇਂ ਟੋਲ ਪਲਾਜਾ ਤੋਂ ਕਰੀਬ ਇੱਕ ਕਿਲੋਮੀਟਰ ਦੇ ਫਾਸਲੇ ਤੇ ਸਨ, ਤਾਂ ਬੱਸ ਅਤੇ ਟਰੱਕ ਦੀ ਭਿਅੰਕਰ ਟੱਕਰ ਹੋ ਗਈ। ਬੱਸ ਦੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂਕਿ ਗੰਭੀਰ ਹਾਲਤ ਵਿੱਚ ਜਖਮੀ ਟਰੱਕ ਡਰਾਈਵਰ ਨੂੰ ਪੁਲਿਸ ਨੇ ਲੋਕਾਂ ਦੀ ਮੱਦਦ ਨਾਲ ਮੁਸ਼ਕਿਲ ਨਾਲ ਬਾਹਰ ਕੱਢਿਆ। ਬੇਹੱਦ ਗੰਭੀਰ ਹਾਲਤ ਕਾਰਣ, ਟਰੱਕ ਡਰਾਈਵਰ ਨੂੰ ਸਿਵਲ ਹਸਪਤਾਲ ਬਰਨਾਲਾ ਭੇਜਿਆ ਗਿਆ। ਮੌਕੇ ਤੇ ਪਹੁੰਚੇ ਏ.ਐਸ.ਆਈ. ਕਿਰਨਜੀਤ ਸਿੰਘ ਨੇ ਪੁਸ਼ਟੀ ਕੀਤੀ ਕਿ ਬੱਸ ਡਰਾਈਵਰ ਦੀ ਮੌਤ ਹੋ ਗਈ ਅਤੇ ਟਰੱਕ ਡਰਾਈਵਰ ਨੂੰ ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਬੱਸ ਡਰਾਈਵਰ ਅਤੇ ਜਖਮੀ ਟਰੱਕ ਡਰਾਈਵਰ ਦੀ ਸ਼ਨਾਖਤ ਹਾਲੇ ਤੱਕ ਨਹੀਂ ਹੋ ਸਕੀ। ਬੱਸ ਦੇ ਮਾਲਿਕਾਂ ਨੂੰ ਬੁਲਾਇਆ ਗਿਆ ਹੈ। ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਬੱਸ ਵਿੱਚ ਕਰੀਬ 30/35 ਸਵਾਰੀਆਂ ਸਨ, ਪਰੰਤੂ ਉਨਾਂ ਦੇ ਜਖਮੀ ਜਾਂ ਹਸਪਤਾਲ ਦਾਖਿਲ ਹੋਣ ਸਬੰਧੀ, ਪੁਲਿਸ ਨੂੰ ਕੋਈ ਸੂਚਨਾ ਹਸਪਤਾਲ ਵੱਲੋਂ ਨਹੀਂ ਭੇਜੀ ਗਈ। ਉਨਾਂ ਕਿਹਾ ਕਿ ਮ੍ਰਿਤਕ ਦੇ ਵਾਰਿਸਾਂ ਦੇ ਪਹੁੰਚਣ ਅਤੇ ਹਸਪਤਾਲ ਦੀ ਭੇਜੀ ਗਈ,ਸੂਚਨਾ ਮੁਤਾਬਕ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।