Trident Group ‘ਚ 8 ਕਰੋੜ ਦਾ ਗਬਨ , FIR ਦਰਜ਼

Advertisement
Spread information

185 ਟ੍ਰਾਂਜੈਕਸ਼ਨਾਂ ਰਾਹੀਂ , 34 ਸਾਲ ਕੰਮ ਕਰ ਚੁੱਕੇ CFO ਨੇ ਕੰਪਨੀ ਦੇ ਖਾਤੇ ’ਚੋਂ ਨਿੱਜੀ ਖਾਤਿਆਂ ‘ਚ ਕਰੋੜਾਂ ਰੁਪਏ ਕੀਤੇ ਟ੍ਰਾਂਸਫਰ


ਹਰਿੰਦਰ ਨਿੱਕਾ , ਬਰਨਾਲਾ, 14 ਜੂਨ, 2022:
     ਟਰਾਈਡੈਂਟ ਗਰੁੱਪ ਲਿਮਟਿਡ ‘ਚ 8 ਕਰੋੜ ਰੁਪਏ ਤੋਂ ਵੱਧ ਦੇ ਗਬਨ ਦਾ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਉਣ ਨਾਲ ,ਕੰਪਨੀ ਪ੍ਰਬੰਧਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ । ਗਬਨ ਕਰਨ ਵਾਲਾ ,ਕੋਈ ਬਾਹਰੀ ਨਹੀਂ, ਬਲਕਿ ਟ੍ਰਾਈਡੈਂਟ ਦੀਆਂ ਵੱਖ ਵੱਖ ਕੰਪਨੀਆਂ ਵਿੱਚ ਕਰੀਬ 34 ਸਾਲ ਤੱਕ ਬਤੌਰ CFO ਕੰਮ ਕਰਨ ਵਾਲਾ ਅਧਿਕਾਰੀ ਹੀ ਨਿੱਕਲਿਆ ਹੈ । ਜਿਸ ਨੇ 185 ਟ੍ਰਾਂਜੈਕਸ਼ਨਾਂ ਰਾਹੀਂ 8 ਕਰੋੜ ਰੁਪਏ ,ਕੁੱਝ ਨਿੱਜੀ ਖਾਤਿਆਂ ਵਿੱਚ ਟ੍ਰਾਂਸਫਰ ਕਰ ਦਿੱਤੇ, ਇਸ ਦਾ ਭੇਦ ਆਡਿਟ ਦੌਰਾਨ ਖੁੱਲ੍ਹਿਆ ਹੈ । ਕਰੋੜਾਂ ਰੁਪਏ ਦੇ ਗਬਨ ਦਾ ਮਾਮਲਾ ਸਾਹਮਣੇ ਆਉਂਦਿਆਂ ਹੀ ਕੰਪਨੀ ਨੇ ਨਾਮਜਦ ਦੋਸ਼ੀਆਂ ਖਿਲਾਫ ਐਫਆਈਆਰ ਦਰਜ ਕਰਵਾ ਦਿੱਤੀ ਹੈ। ਪਰੰਤੂ ਫਿਲਹਾਲ ,ਕੋਈ ਗਿਰਫਤਾਰੀ ਨਹੀਂ ਹੋਈ ।

   ਪ੍ਰਾਪਤ ਜਾਣਕਾਰੀ ਅਨੁਸਾਰ ਟ੍ਰਾਈਡੈਂਟ ਗਰੁੱਪ ਲਿਮਟਿਡ ਦੇ ਸਾਬਕਾ ਚੀਫ਼ ਫਾਇਨੇਂਸ਼ੀਅਲ ਅਫਸਰ (ਸੀਐਫਓ) ਹਰਵਿੰਦਰ ਸਿੰਘ ਗਿੱਲ ਉਰਫ਼ ਹਰਵਿੰਦਰ ਸਿੰਘ ਪੁੱਤਰ ਸੰਪੂਰਨ ਸਿੰਘ ਵਾਸੀ ਪਿੰਡ ਸੰਗੋਵਾਲ, ਲੁਧਿਆਣਾ ਦੁਆਰਾ ਕੰਪਨੀ ਦੇ ਨਾਲ 16 ਅਪ੍ਰੈਲ 2019 ਤੋਂ 17 ਫਰਵਰੀ 2022 ਤੱਕ ਦੇ ਸਮੇਂ ਦੌਰਾਨ ਵੱਡੇ ਪੱਧਰ ’ਤੇ  ਵਿੱਤੀ ਗਬਨ ਕੀਤਾ ਹੈ। ਹਰਵਿੰਦਰ ਸਿੰਘ ਗਿੱਲ ਨੇ ਟਰਾਈਡੈਂਟ ਲਿਮਟਿਡ ਕੰਪਨੀ ਵਿੱਚ 09 ਸਤੰਬਰ, 2014 ਤੋਂ 18 ਫਰਵਰੀ, 2022 ਤੱਕ ਅਤੇ ਟਰਾਈਡੈਂਟ ਗਰੁੱਪ ਦੀਆਂ ਵੱਖ-ਵੱਖ ਕੰਪਨੀਆਂ ਵਿੱਚ 34 ਸਾਲਾਂ ਤੋਂ ਵੱਧ ਸਮੇਂ ਤੱਕ ਕੰਮ ਕੀਤਾ ਹੈ।
ਕੰਪਨੀ ਦੁਆਰਾ ਕਰਵਾਏ ਗਏ ਅੰਦਰੂਨੀ ਆਡਿਟ ਤੋਂ ਪਤਾ ਲੱਗਾ ਹੈ ਕਿ ਕੁੱਲ 185 ਲੈਣ-ਦੇਣਾਂ ਵਿੱਚੋਂ 8 ਕਰੋੜ ਰੁਪਏ ਤੋਂ ਵੱਧ ਦੀ ਰਕਮ ਹਰਵਿੰਦਰ ਸਿੰਘ ਗਿੱਲ ਉਰਫ਼ ਹਰਵਿੰਦਰ ਸਿੰਘ ਦੇ ਨਿੱਜੀ ਖਾਤਿਆਂ ਵਿੱਚ ਆਨਲਾਈਨ ਨੈੱਟ ਬੈਂਕਿੰਗ ਰਾਹੀਂ ਟਰਾਂਸਫਰ ਕੀਤੀ ਗਈ ਸੀ। ਭਾਵੇਂ ਕਿ ਉਹ ਸਿਰਫ਼ ਟਰਾਂਜੈਕਸ਼ਨ ਮੇਕਰ ਵਜੋਂ ਅਧਿਕਾਰਤ ਸੀ, ਫਿਰ ਵੀ ਉਸ ਨੇ ਧੋਖਾਧੜੀ ਨਾਲ ਸਟੇਟ ਬੈਂਕ ਆਫ਼ ਇੰਡੀਆ ਢੋਲੇਵਾਲ ਸ਼ਾਖਾ, ਜੀ.ਟੀ. ਰੋਡ, ਲੁਧਿਆਣਾ (04046) ਦੇ ਕੰਪਨੀ ਦੇ ਖਾਤੇ ਦਾ ਵਨ ਟਾਈਮ ਪਾਸਵਰਡ ਆਪਣੇ ਮੋਬਾਇਲ ਉਤੇ ਪ੍ਰਾਪਤ ਕਰਕੇ ਧੋਖੇ ਨਾਲ ਵੱਖ-ਵੱਖ ਬੈਂਕਾਂ ਵਿੱਚ ਆਪਣੇ ਨਿੱਜੀ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰ ਲਏ ਜੋ ਕਿ ਐਸਬੀਆਈ ਬੈਂਕ, ਸਰਾਭਾ ਨਗਰ ਅਤੇ ਐਚਡੀਐਫਸੀ ਬੈਂਕ ਜਸਦੇਵ ਨਗਰ (ਵੀਪੀਓ ਗਿੱਲ) ਲੁਧਿਆਣਾ ਵਿੱਚ ਸਨ ਅਤੇ ਉਥੋਂ ਉਹ ਪੈਸੇ ਅਗਿਆਤ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ। ਇਹ ਜਾਣਿਆ ਜਾਂਦਾ ਹੈ ਕਿ ਉਸਦਾ ਪਰਿਵਾਰ ਅਤੇ ਪੁੱਤਰ ਬੈਲਜੀਅਮ ਅਤੇ ਕੈਨੇਡਾ ਵਿੱਚ ਸੈਟਲ ਹਨ। ਹਰਵਿੰਦਰ ਸਿੰਘ ਗਿੱਲ ਨੇ ਵੀ ਗੈਰ ਰਸਮੀ ਤੌਰ ’ਤੇ ਕੰਪਨੀ ਪ੍ਰਬੰਧਕਾਂ ਕੋਲ ਮੰਨਿਆ ਕਿ ਉਸ ਨੂੰ ਕਦੇ ਵੀ ਆਮਦਨ ਕਰ ਵਿਭਾਗ ਵੱਲੋਂ ਕੋਈ ਨੋਟਿਸ ਨਹੀਂ ਮਿਲਿਆ, ਭਾਵੇਂ ਕਿ ਖਾਤੇ ਵਿੱਚ ਟਰਾਂਸਫਰ ਕੀਤੀ ਗਈ ਰਕਮ ਉਸ ਦੀ ਤਨਖਾਹ ਤੋਂ ਕਿਤੇ ਵੱਧ ਸੀ।
    ਕੰਪਨੀ ਦੇ ਆਡੀਟਰ ਐਸ ਸੀ ਵਾਸੂਦੇਵ ਐਂਡ ਕੰਪਨੀ ਚਾਰਟਰਡ ਅਕਾਊਂਟੈਂਟ ਨੂੰ ਵੀ ਇਸ ਸਭ ਦੀ ਜਾਣਕਾਰੀ ਨਹੀਂ ਸੀ , ਜਦਕਿ ਉਹ ਕੰਪਨੀ ਦੀ ਬੈਲੇਂਸ ਸ਼ੀਟ ’ਤੇ ਹਸਤਾਖਰਕਰਤਾ ਹਨ।
    ਇਸ ਦੌਰਾਨ, ਕੰਪਨੀ ਦੇ ਹੋਰ ਕਰਮਚਾਰੀਆਂ ਦੀਆਂ ਭੂਮਿਕਾਵਾਂ ਅਤੇ ਕਈ ਹੋਰ ਖਾਤਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਕੰਪਨੀ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ  ਗਬਨ ਦੀ ਕੁੱਲ ਰਕਮ ਹੋਰ ਵੀ ਵਧ ਸਕਦੀ ਹੈ , ਕਿਉਂਕਿ ਕੰਪਨੀ ਦੇ ਸੀਨੀਅਰ ਪ੍ਰਬੰਧਨ ਨੂੰ ਧੋਖਾਧੜੀ ਦੇ ਕਈ ਹੋਰ ਅਹਿਮ ਸੁਰਾਗ ਵੀ ਮਿਲੇ ਹਨ। ਇਸ ਸਬੰਧੀ ਥਾਣਾ ਬਰਨਾਲਾ ਵਿਖੇ ਐਫਆਈਆਰ ਵੀ ਦਰਜ੍ ਹੋ ਚੁੱਕੀ ਹੈ। 

Advertisement
Advertisement
Advertisement
Advertisement
Advertisement
Advertisement
error: Content is protected !!