ਐੱਸ.ਡੀ.ਐੱਮ. ਲਹਿਰਾਗਾਗਾ ਮੁੁਲਾਜ਼ਮਾਂ ਨੂੰ ਧਮਕਾਉਣ ਦੀ ਥਾਂ ਅਹੁਦੇ ਦੀ ਮਰਿਆਦਾ ਰੱਖਣ: ਡੀ.ਟੀ.ਐੱਫ
ਹਰਪ੍ਰੀਤ ਕੌਰ ਬਬਲੀ, ਸੰਗਰੂਰ, 13 ਜੂਨ, 2022
ਡੈਮੋਕਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਨੇ ਲਹਿਰਾਗਾਗਾ ਦੇ ਐੱਸ.ਡੀ.ਐੱਮ. ਵਲੋਂ ਚੋਣ ਡਿਊਟੀਆਂ ਨਿਭਾਉਣ ਵਾਲੇ ਮੁਲਾਜ਼ਮਾਂ ਪ੍ਰਤੀ ਅੱਤ ਦਰਜੇ ਦਾ ਮਾੜਾ ਰਵੱਈਆ ਅਪਨਾਉਣ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਸਬੰਧਿਤ ਅਧਿਕਾਰੀ ਵਲੋਂ ਆਪਣੇ ਵਤੀਰੇ ਵਿੱਚ ਸੁਧਾਰ ਨਾ ਕਰਨ ਦੀ ਸੂਰਤ ਵਿੱਚ ਤਿੱਖੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ ਹੈ। ਡੀ.ਟੀ.ਐਫ. ਨੇ ਡਿਪਟੀ ਕਮਿਸ਼ਨਰ ਸੰਗਰੂਰ ਤੋ ਐੱਸ.ਡੀ.ਐੱਮ. ਦੇ ਧਮਕਾਊ ਰਵੱਈਏ ਅਤੇ ਮਹਿਲਾ ਅਧਿਆਪਕਾਵਾਂ ਨੂੰ ਬੇਲੋੜਾ ਦਫ਼ਤਰਾਂ ਵਿਚ ਬੁਲਾ ਕੇ ਖੱਜਲ ਖੁਆਰ ਕਰਨ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।
ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਹਰਦੀਪ ਟੋਡਰਪੁਰ, ਡੀ.ਟੀ.ਐਫ. ਸੰਗਰੂਰ ਦੇ ਅਧਿਆਪਕ ਆਗੂ ਨਿਰਭੈ ਸਿੰਘ ਅਤੇ ਮੇਘਰਾਜ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇੱਕ ਜ਼ਿੰਮੇਵਾਰ ਅਧਿਆਪਕ ਆਗੂ ਵਜੋਂ ਸ੍ਰੀ ਰਘਵੀਰ ਸਿੰਘ ਭਵਾਨੀਗੜ੍ਹ ਵਲੋਂ, ਚੋਣ ਡਿਊਟੀਆਂ ਦੌਰਾਨ ਮੁਲਾਜ਼ਮਾਂ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ਤੋਂ ਐੱਸ.ਡੀ.ਐੱਮ. ਨੂੰ ਜਾਣੂ ਕਰਵਾਇਆ ਗਿਆ ਸੀ। ਜਿਸ ਉਪਰੰਤ ਸਬੰਧਤ ਅਧਿਕਾਰੀ ਵੱਲੋਂ ਪ੍ਰਬੰਧ ਨੂੰ ਦਰੁਸਤ ਕਰਨ ਦਾ ਕੋਈ ਭਰੋਸਾ ਦੇਣ ਦੀ ਥਾਂ, ਆਪਣੇ ਅਹੁਦੇ ਦੀ ਮਰਿਆਦਾ ਨੂੰ ਵੀ ਉਲੰਘਦਿਆਂ ਅਧਿਆਪਕ ਆਗੂ ਨੂੰ ਹੀ ਸ਼ਰ੍ਹੇਆਮ ਝੂਠਾ ਪੁਲਿਸ ਪਰਚਾ ਦਰਜ਼ ਕਰਵਾਉਣ ਦੀ ਧਮਕੀ ਦਿੱਤੀ ਗਈ ਅਤੇ ਜਨਤਕ ਜਥੇਬੰਦੀਆਂ ਪ੍ਰਤੀ ਸ਼ਰ੍ਹੇਆਮ ਮਾੜੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਗਈ ਹੈ, ਜਿਸ ਨੂੰ ਬਿਲਕੁਲ ਵੀ ਸਹਿਣ ਨਹੀਂ ਕੀਤਾ ਜਾਵੇਗਾ।
ਆਗੂਆਂ ਨੇ ਦੱਸਿਆ ਕਿ ਚੋਣ ਡਿਊਟੀ ‘ਤੇ ਲਗਾਏ ਗਏ ਮੁਲਾਜ਼ਮ ਪਹਿਲਾਂ ਹੀ ਆਪਣੇ-ਆਪਣੇ ਵਿਭਾਗ ਦੀ ਡਿਊਟੀ ਬਾਖੂਬੀ ਢੰਗ ਨਾਲ ਕਰ ਰਹੇ ਹਨ। ਚੋਣ ਡਿਊਟੀ ਲਈ ਮੁਲਾਜ਼ਮਾਂ ਦਾ ਸਹਿਯੋਗ ਲੈਣ, ਇਨ੍ਹਾਂ ਦੀਆਂ ਸਮੱਸਿਆਵਾਂ ਦਾ ਯੋਗ ਹੱਲ ਕਰਨ ਅਤੇ ਸੁਚੱਜੇ ਪ੍ਰਬੰਧ ਕਰਨ ਦੀ ਥਾਂ, ਐਸ.ਡੀ.ਐਮ. ਲਹਿਰਾਗਾਗਾ ਵਲੋਂ ਧਮਕਾਊ ਭਾਸ਼ਾ ਦੀ ਵਰਤੋਂ ਕਰਨੀ ਵਾਜਿਬ ਨਹੀਂ ਹੈ। ਦੂਜੇ ਪਾਸੇ ਚੋਣ ਡਿਊਟੀਆਂ ਦੇ ਇੱਕ ਗ਼ੈਰ ਵਿੱਦਿਅਕ ਕੰਮ ਹੋਣ ਦੇ ਬਾਵਜੂਦ, ਅਧਿਆਪਕਾਂ ਵੱਲੋਂ ਪੂਰੀ ਜ਼ਿੰਮੇਵਾਰੀ ਨਾਲ ਅਜਿਹੀਆਂ ਡਿਊਟੀਆਂ ਨੇਪਰੇ ਚੜ੍ਹੀਆਂ ਜਾਂਦੀਆਂ ਹਨ। ਅਜਿਹੇ ਵਿੱਚ ਅਧਿਆਪਕਾਂ ਦਾ ਮਾਣ ਸਤਿਕਾਰ ਬਰਕਰਾਰ ਰੱਖਣ ਦੀ ਥਾਂ ਹੈਂਕੜਬਾਜ਼ੀ ਤੋਂ ਕੰਮ ਲੈਣ ਵਾਲੇ ਐੱਸ.ਡੀ.ਐੱਮ. ਦਾ ਜਥੇਬੰਦੀਆਂ ਵੱਲੋਂ ਡਟਵਾਂ ਵਿਰੋਧ ਕੀਤਾ ਜਾਵੇਗਾ।
One thought on “SDM ਲਹਿਰਾਗਾਗਾ ਦੇ ਮਾੜੇ ਰਵੱਈਏ ਤੋਂ ਮੁਲਾਜਮ ਖਫਾ”
Comments are closed.