1 ਮਹੀਨਾ ਪਹਿਲਾਂ ਸਾਹਮਣੇ ਆਇਆ ਸੀ ਨਵਨੀਤ ਦੇ ਕਤਲ ਦਾ ਮਾਮਲਾ
ਹਰਿੰਦਰ ਨਿੱਕਾ , ਬਰਨਾਲਾ 3 ਜੂਨ 2022
ਕਰੀਬ ਇੱਕ ਮਹੀਨਾ ਪਹਿਲਾਂ ਸਾਹਮਣੇ ਆਏ ਨਵਨੀਤ ਸਿੰਘ ਚੀਮਾ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਨੇ ਸ਼ਹਿਰ ਦੇ ਇੱਕ ਵੱਡੇ ਕੈਮਿਸਟ ਤੇ ਕਾਰਵਾਈ ਕਰਨ ਤੋਂ ਹੱਥ ਪਿੱਛੇ ਖਿੱਚ ਲਿਆ ਹੈ। ਨਵਨੀਤ ਦੀ ਹੱਤਿਆ ਦੇ ਦੋਸ਼ ਵਿੱਚ ਥਾਣਾ ਸਦਰ ਬਰਨਾਲਾ ਦੀ ਪੁਲਿਸ ਵੱਲੋਂ ਗਿਰਫਤਾਰ ਕੀਤੇ ਪਰਮਿੰਦਰ ਸਿੰਘ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਸੀ ਕਿ ਉਸ ਨੇ ਨਸ਼ਾ ਸ਼ਹਿਰ ਦੀ ਸੈਂਸੀ ਬਸਤੀ ਦੀਆਂ ਦੋ ਔਰਤਾਂ ਤੋਂ ਅਤੇ ਨਸ਼ੇ ਦੀ ਡੋਜ ਲਾਉਣ ਲਈ ਸਰਿੰਜ ਬਰਨਾਲਾ ਦੇ ਇੱਕ ਨਾਮੀ ਮੈਡੀਕਲ ਤੋਂ ਖਰੀਦੀ ਸੀ। ਮੁਰਜਮ ਅਤੇ ਮਕਤੂਲ, ਦੋਵਾਂ ਨੇ ਹੀ ਕਥਿਤ ਤੌਰ ਤੇ ਨਸ਼ੇ ਦੀ ਡੋਜ ਲਗਾ ਲਈ ਸੀ। ਪੁਲਿਸ ਨੇ ਹੱਤਿਆ ਦੇ ਕੇਸ ਵਿੱਚ ਸੈਂਸੀ ਬਸਤੀ ਦੀਆਂ ਉਨ੍ਹਾਂ ਦੋ ਔਰਤਾਂ ਨੂੰ ਵੀ ਕੇਸ ਵਿੱਚ ਨਾਮਜਦ ਕਰਕੇ,ਗਿਰਫਤਾਰ ਕਰ ਲਿਆ ਸੀ, ਜਿੰਨਾਂ ਤੋਂ ਨਸ਼ਾ ਖਰੀਦਿਆ ਗਿਆ ਸੀ। ਪਰੰਤੂ ਕੈਮਿਸਟ ਸ਼ਾਪ ਦਾ ਨਾਂ ਸਾਹਮਣੇ ਆ ਜਾਣ ਤੋਂ ਬਾਅਦ ਇੱਕ ਵਾਰ ਤਾਂ ਪੁਲਿਸ ਨੇ, ਕੈਮਿਸਟ ਤੇ ਥੋੜ੍ਹਾ ਸ਼ਿਕੰਜਾ ਕਸਿਆ ਸੀ, ਪਰੰਤੂ ਬਾਅਦ ਵਿੱਚ ਪਤਾ ਨਹੀਂ ਕਿਉਂ, ਪੁਲਿਸ ਨੇ ਕੈਮਿਸਟ ਨੂੰ ਕਥਿਤ ਤੌਰ ਤੇ ਕਲੀਨ ਚਿੱਟ ਦੇ ਦਿੱਤੀ ਹੈ ? ਪੁਲਿਸ ਵੱਲੋਂ, ਕੈਮਿਸਟ ਖਿਲਾਫ ਕਾਨੂੰਨੀ ਕਾਰਵਾਈ ਕਰਨ ਤੋਂ ਇੱਕਦਮ ਹੱਥ ਪਿੱਛੇ ਖਿੱਚ ਲੈਣ ਨੂੰ ਲੈ ਕੇ ਸ਼ਹਿਰ ਅੰਦਰ ਵੱਖ ਵੱਖ ਤਰਾਂ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਜਦੋਂਕਿ ਪੁਲਿਸ ਅਧਿਕਾਰੀ, ਦਬੀ ਜੁਬਾਨ ਵਿੱਚ ਕਹਿ ਰਹੇ ਹਨ, ਕਿ ਤਫਤੀਸ਼ ਹਾਲੇ ਜ਼ਾਰੀ ਹੈ । ਜਿਕਰਯੋਗ ਹੈ ਕਿ ਥਾਣਾ ਸਦਰ ਬਰਨਾਲਾ ਦੇ ਅਧੀਨ ਪੈਂਦੇ ਬਰਨਾਲਾ-ਸੇਖਵਾਂ ਪੱਤੀ ਲਿੰਕ ਰੋਡ ਤੋਂ ਲੰਘਦੇ ਲਸਾੜਾ ਡਰੇਨ ਵਿੱਚੋਂ ਨਵਨੀਤ ਸਿੰਘ ਪੁੱਤਰ ਬਿੱਲੂ ਰਾਮ ਵਾਸੀ ਚੀਮਾ ਦੀ ਗਲੀ ਸੜੀ ਲਾਸ਼ ਬਰਾਮਦ ਹੋਈ ਸੀ। ਨਵਨੀਤ ਸਿੰਘ ਲਾਸ਼ ਮਿਲਣ ਤੋਂ ਕਈ ਦਿਨ ਪਹਿਲਾਂ ਆਪਣੇ ਘਰ ਤੋਂ ਲਾਪਤਾ ਸੀ। ਪੁਲਿਸ ਦੇ ਹੱਥ ਇੱਕ ਸੀਸੀਟੀਵੀ ਫੁਟੇਜ ਵੀ ਲੱਗੀ ਸੀ, ਜਿਸ ਦੇ ਅਧਾਰ ਤੇ ਪੁਲਿਸ ਨੇ ਨਵਨੀਤ ਸਿੰਘ ਦੇ ਸਾਥੀ ਪਰਮਿੰਦਰ ਸਿੰਘ ਦੇ ਖਿਲਾਫ ਹੱਤਿਆ ਦਾ ਕੇਸ ਦਰਜ਼ ਕਰਕੇ,ਉਸਨੂੰ ਗਿਰਫਤਾਰ ਵੀ ਕਰ ਲਿਆ ਸੀ। ਨਵਨੀਤ ਸਿੰਘ , ਵਿਸ਼ਾਲ ਕੰਬਾਇਨ ਫੈਕਟਰੀ ਵਿੱਚ ਕੰਮ ਕਰਦਾ ਸੀ । ਉੱਧਰ ਪਤਾ ਇਹ ਵੀ ਲੱਗਿਆ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ, ਲੰਘੀ ਕੱਲ੍ਹ, ਐਸ.ਐਸ.ਪੀ. ਨੂੰ ਮਿਲ ਕੇ ਕੈਮਿਸਟ ਖਿਲਾਫ ਕਾਨੂੰਨੀ ਕਾਰਵਾਈ, ਕਰਨ ਦੀ ਮੰਗ ਕੀਤੀ ਹੈ। ਜਤਿੰਦਰ ਸੰਘੇੜਾ ਨੇ ਕਿਹਾ ਕਿ ਜੇਕਰ, ਪੁਲਿਸ ਨੇ ਕੈਮਿਸਟ ਨੂੰ ਕੇਸ ਵਿੱਚ, ਨਾਮਜ਼ਦ ਨਾ ਕਰਿਆ ਤਾਂ ਪਰਿਵਾਰ, ਹੋਰ ਇਨਸਾਫ ਪਸੰਦ ਲੋਕਾਂ ਦੇ ਸਹਿਯੋਗ ਨਾਲ, ਸੰਘਰਸ਼ ਦੇ ਰਾਹ ਪੈਣ ਨੂੰ ਮਜਬੂਰ ਹੋਵੇਗਾ। ਯਾਦ ਰਹੇ ਕਿ ਸੂਬੇ ਅੰਦਰ ਨਸ਼ਿਆ ਦਾ ਪ੍ਰਕੋਪ ਵੱਧ ਜਾਣ ਅਤੇ ਨਸ਼ਿਆਂ ਨਾਲ, ਹੋ ਰਹੀਆਂ ਮੌਤਾਂ ਤੋਂ ਬਾਅਦ ਸਰਕਾਰ ਨੇ, ਮੈਡੀਕਲ ਸਟੋਰਾਂ ਵਾਲਿਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਸਨ ਕਿ ਕੋਈ ਵੀ ਮੈਡੀਕਲ ਸਟੋਰ ਵਾਲਾ, ਬਿਨਾਂ ਡਾਕਟਰ ਦੀ ਪਰਚੀ ਤੋਂ ਕਿਸੇ ਵਿਅਕਤੀ ਨੂੰ ਸਰਿੰਜਾਂ ਆਦਿ ਨਾ ਵੇਚੇ। ਪਰੰਤੂ ਪੁਲਿਸ ਨੇ, ਸਰਕਾਰ ਦੀਆਂ ਸਖਤ ਹਦਾਇਤਾਂ ਤੋਂ ਬਾਅਦ ਵੀ, ਮੈਡੀਕਲ ਸਟੋਰ ਵਾਲੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਡੀਐਸਪੀ ਰਾਜੇਸ਼ ਸਨੇਹੀ ਬੱਤਾ ਨੇ ਕਿਹਾ ਕਿ ਪੁਲਿਸ ਮੈਡੀਕਲ ਸਟੋਰ ਵਾਲੇ ਦੀ ਭੂਮਿਕਾ ਸਬੰਧੀ, ਗਹਿਰਾਈ ਨਾਲ ਜਾਂਚ ਕਰ ਰਹੀ ਹੈ।