ਪ੍ਰੀਕਸ਼ਤ ਢਾਂਡਾ ਨੇ ਕਿਹਾ ! ਔਖੇ ਵਿਸ਼ੇ ਚੁਣ ਕੇ , ਜਿੰਦਗੀ ਨੂੰ ਮੁਸ਼ਕਿਲਾਂ ‘ਚ ਕਦੇ ਨਾ ਪਾਉ
ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਕੈਰੀਅਰ ਗਾਈਡੈਂਸ ਸੈਮੀਨਾਰ ਆਯੋਜਿਤ
ਹਰਿੰਦਰ ਨਿੱਕਾ , ਬਰਨਾਲਾ, 30 ਮਈ 2022
ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿੱਚ ਦਸਵੀਂ ਤੋਂ ਬਾਰਵੀਂ ਕਲਾਸ ਦੇ ਬੱਚਿਆਂ ਲਈ ਕੈਰੀਅਰ ਗਾਈਡੈਂਸ ਸਬੰਧੀ ਸੈਮੀਨਾਰ ਲਗਾਇਆ ਗਿਆ। ਜਿਸ ਲ਼ਈ ਪ੍ਰਿੰਸੀਪਲ ਬਿੰਨੀ ਕੌਰ ਆਹਲੂਵਾਲੀਆ ਦੁਆਰਾ ਮਾਈਂਡਲਰ ਕੈਰੀਅਰ ਤੋਂ ਭਾਰਤ ਦੇ ਮੁੱਖ ਕੈਰੀਅਰ ਕੋਚ, ਡਾਇਰੈਕਟਰ ਅਤੇ ਚੀਫ ਕੈਰੀਅਰ ਕੋਚ ਪ੍ਰੀਕਸ਼ਤ ਢਾਂਡਾ ਅਤੇ ਸ਼ਿਲਪਾ ਸਿੰਘ ਜਿੰਨਾ ਦਾ 20 ਸਾਲ ਦਾ ਤਜਰਬਾ ਕੈਰੀਅਰ ਗਾਈਡੈਸ ਦਾ ਹੈ । ਉਹਨਾਂ ਨੂੰ ਸਕੂਲ ਵਿੱਚ ਬੁਲਾਇਆ ਗਿਆ। ਇਸ ਸੈਮੀਨਾਰ ਵਿੱਚ ਨਾ ਸਿਰਫ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਬੱਚਿਆਂ ਨੇ ਬਲਕਿ ਬਾਕੀ ਬਰਨਾਲਾ ਇਲਾਕੇ ਦੇ ਸਕੂਲਾਂ ਦੇ ਹੋਰ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਸੈਮੀਨਾਰ ਨੂੰ ਸੰਬੋਧਿਤ ਕਰਦਿਆਂ ਦੇਸ਼ ਦੇ ਪ੍ਰਸਿੱਧ ਕੈਰੀਅਰ ਕੋਚ ਪ੍ਰੀਕਸ਼ਤ ਢਾਂਡਾ ਨੇ ਵਿੱਦਿਆਰਥੀਆਂ ਨੂੰ ਸਫਲਤਾ ਦੇ ਗੁਰ, ਬਹੁਤ ਹੀ ਸਰਲ ਤਰੀਕੇ ਨਾਲ ਸਮਝਾਏ। ਉਨਾਂ ਕਿਹਾ ਕਿ ਔਖੇ ਵਿਸ਼ਿਆਂ ਦੀ ਚੋਣ ਕਰਕੇ,ਜਿੰਦਗੀ ਨੂੰ ਮੁਸ਼ਕਿਲਾਂ ਵਿੱਚ ਨਹੀਂ ਪਾਉਣਾ ਚਾਹੀਂਦਾ। ਸ੍ਰੀ ਢਾਂਡਾ ਨੇ ਸਮਝਾਇਆ ਕਿ ਬਹੁਤੇ ਵਿਦਿਆਰਥੀ, ਵੱਖ ਵੱਖ ਵਿਸ਼ਿਆਂ ‘ਚ ਆਪਣੀ ਦਿਲਚਸਪੀ ਦੇ ਅਧਾਰ ਤੇ ਵਿਸ਼ਿਆਂ ਦੀ ਚੋਣ ਕਰ ਲੈਂਦੇ ਹਨ, ਪਰੰਤੂ ਸਿਰਫ ਦਿਲਚਸਪੀ ਹੋਣਾ, ਹੀ ਸਫਲਤਾ ਲਈ ਕਾਫੀ ਨਹੀਂ ਹੈ। ਬਿਨਾਂ ਸਖਤ ਮਿਹਨਤ ਅਤੇ ਲਗਨ ਤੋਂ ਕਦੇ ਕਿਸੇ ਨੂੰ ਕਾਮਯਾਬੀ ਹਾਸਿਲ ਨਹੀਂ ਹੁੰਦੀ। ਸ੍ਰੀ ਪ੍ਰੀਕਸ਼ਤ ਢਾਂਡਾ ਨੇ ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ਿਆਂ ਨਾਲ ਜੁੜੇ ਅਥਾਹ ਮੌਕਿਆਂ ਬਾਰੇ ਵੀ ਜਾਣਕਾਰੀ ਦਿੱਤੀ।
ਸੈਮੀਨਾਰ ਵਿੱਚ ਬੱਚਿਆਂ ਨੇ ਆਪਣੇ ਕੈਰੀਅਰ ਅਤੇ ਵਿਸ਼ਿਆਂ ਸਬੰਧੀ ਆਪਣੇ ਸਾਰੇ ਸਵਾਲਾਂ ਨੂੰ ਜਾਣਿਆ ਕਿ ਕਿਸ ਤਰ੍ਹਾਂ ਉਹ ਆਪਣੇ ਆਉਣ ਵਾਲੇ ਭਵਿੱਖ ਵਿੱਚ ਕਾਮਯਾਬ ਹੋ ਸਕਦੇ ਹਨ। ਬੱਚਿਆਂ ਨਾਲ ਮਾਤਾ ਪਿਤਾ ਵੀ ਇਸ ਸੈਮੀਨਾਰ ਦਾ ਹਿੱਸਾ ਬਣੇ ਅਤੇ ਆਪਣੇ ਬੱਚਿਆਂ ਦੇ ਸੁਨਿਹਰੀ ਭਵਿੱਖ ਲਈ ਜਾਣਿਆ। ਪਹੁੰਚੀ ਹੋਈ ਟੀਮ ਵੱਲੋਂ ਬੱਚਿਆਂ ਅਤੇ ਮਾਪਿਆਂ ਵੱਲੋ ਪੁੱਛੇ ਗਏ ਸਾਰੇ ਸਵਾਲਾਂ ਦਾ ਬੜੇ ਚੰਗੇ ਢੰਗ ਨਾਲ ਜਵਾਬ ਦਿੱਤਾ ਗਿਆ। ਮਾਪਿਆਂ ਵੱਲੋਂ ਸਕੂਲ ਦੇ ਇਸ ਚੰਗੇ ਉਪਰਾਲੇ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਇਸ ਤਰਾਂ ਦੇ ਸੈਮੀਨਾਰ ਭਵਿੱਖ ਵਿੱਚ ਵੀ ਕਰਵਾਏ ਜਾਣ, ਜਿਸ ਨਾਲ ਬੱਚਿਆਂ ਅਤੇ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਦੀ ਪੜਾਈ ਸਬੰਧੀ ਅਤੇ ਕੈਰੀਅਰ ਵਾਸਤੇ ਸਹਿਯੋਗ ਮਿਲ ਸਕੇ। ਸੈਮੀਨਾਰ ਦੇ ਆਖਿਰ ਵਿੱਚ ਪ੍ਰਿੰਸੀਪਲ ਬਿੰਨੀ ਕੌਰ ਆਹਲੂਵਾਲੀਆ ਨੇ ਆਪਣੀ ਸਫਲਤਾ ਦੀ ਇੱਕ ਵੰਨਗੀ, ਉਦਾਹਰਣ ਦੇ ਤੌਰ ਤੇ ਵਿੱਦਿਆਰਥੀਆਂ ਤੇ ਮਾਪਿਆਂ ਨਾਲ ਸਾਂਝੀ ਕਰਕੇ , ਉਨਾਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਵੀ ਕੀਤਾ। ਉਨਾਂ ਬਾਹਰੋਂ ਆਈ ਮਾਈਂਡਲਰ ਦੀ ਟੀਮ ਅਤੇ ਮਾਪਿਆਂ ਤੇ ਬੱਚਿਆਂ ਦਾ ਧੰਨਵਾਦ ਕੀਤਾ ਗਿਆ ਜੋ ਇਸ ਸੈਮੀਨਾਰ ਦਾ ਹਿੱਸਾ ਬਣੇ। ਪ੍ਰਿੰਸੀਪਲ ਮੈਡਮ ਆਹਲੂਵਾਲੀਆ ਦੁਆਰਾ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਹੰਤ ਸੁਰਜੀਤ ਸਿੰਘ, ਟਰੱਸਟੀ ਨਰਪਿੰਦਰ ਸਿੰਘ ਢਿੱਲੋਂ, ਬਾਬਾ ਹਾਕਮ ਸਿੰਘ, ਬਾਬਾ ਕੇਵਲ ਕ੍ਰਿਸ਼ਨ, ਐਮਡੀ ਰਣਪ੍ਰੀਤ ਸਿੰਘ ਤੇ ਸਮੂਹ ਸਟਾਫ਼ ਦਾ ਵੀ ਧੰਨਵਾਦ ਕੀਤਾ ਗਿਆ । ਜਿੰਨਾ ਦੇ ਸਹਿਯੋਗ ਨਾਲ ਇਹ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।