ਵਾਰਡ ਨੰਬਰ 11 ਦੇ ਲੋਕਾਂ ਵੱਲੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਖ਼ਿਲਾਫ਼ ਨਾਅਰੇਬਾਜ਼ੀ
ਮਾਮਲਾ ਗਲੀ ‘ਚ ਪੈ ਰਹੀਆਂ ਇੰਟਰਲਾਕ ਟਾਇਲਾਂ ਦਾ ਕੰਮ ਬੰਦ ਕਰਨ ਦਾ
ਜਗਸੀਰ ਸਿੰਘ ਚਹਿਲ, 6 ਮਈ 2022
ਸ਼ਹਿਰ ਦੇ ਵਾਰਡ ਨੰਬਰ 11 ਦੀ ਸੋਰੀ ਸਟਰੀਟ ਦੀਆਂ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਤੇ ਮਰਦਾਂ ਵਲੋਂ ਨਗਰ ਕੌਂਸਲ ਦਫ਼ਤਰ ਵਿਖੇ ਪਹੁੰਚ ਕੇ ਕਾਰਜ ਸਾਧਕ ਅਫ਼ਸਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਦੀਪਿਕਾ ਸ਼ਰਮਾ ਦੀ ਅਗਵਾਈ ਵਿੱਚ ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਸ਼ੋਰੀ ਸਟਰੀਟ ਮੁੱਹਲਾ ਨਿਵਾਸੀ ਸਾਡੇ ਮੁੱਹਲੇ ਵਿੱਚ ਇਨਟਰਲਾਕ ਟਾਇਲਾਂ ਲਗਾ ਕੇ ਅਤੇ ਖੁੱਲੀਆਂ ਨਾਲੀਆਂ ਨੂੰ ਢੱਕ ਕੇ ਪੱਕੇ ਕੀਤੇ ਜਾਨ ਦਾ ਕੰਮ ਚੱਲ ਰਿਹਾ ਸੀ। ਪਰ ਇਹ ਚੱਲਦਾ ਕੰਮ ਬਿਨਾ ਪੂਰਾ ਕੀਤੇ ਹੀ, ਅੱਧ ਵਿਚਕਾਰ ਬੰਦ ਕਰਕੇ ਛੱਡ ਦਿੱਤਾ ਗਿਆ ਹੈ। ਇਸ ਚਲਦੇ ਕੰਮ ਦੇ ਦੌਰਾਣ ਗਲੀ ਦੇ ਇੱਕ ਸਾਈਡ ਵਾਲੇ ਕੁੱਝ ਘਰਾਂ ਦੇ ਪਾਣੀ ਦੀ ਨਿਕਾਸੀ ਸੀਵਰ ਵਿਚ ਕਰ ਦਿੱਤੀ ਗਈ ਹੈ ਜਦਕਿ ਬਾਕੀ ਘਰਾਂ ਦਾ ਪਾਣੀ ਪਹਿਲਾਂ ਵਾਂਗ ਹੀ ਖੁੱਲੀਆਂ ਨਾਲੀਆਂ ਵਿਚ ਜਾ ਰਿਹਾ ਹੈ। ਜਿਸ ਕਾਰਨ ਗੰਦਾ ਪਾਣੀ ਨਾਲੀਆਂ ਵਿਚ ਜਮ੍ਹਾਂ ਹੋ ਰਿਹਾ ਹੈ ਅਤੇ ਇਸ ਗੰਦੇ ਪਾਈ ਵਿੱਚੋਂ ਗੰਦੀ ਬਦਬੂ ਤੇ ਮੱਛਰ ਪੈਦਾ ਹੋ ਰਹੇ ਹਨ, ਜੋਕਿ ਬੀਮਾਰੀਆਂ ਨੂੰ ਸੱਦਾ ਦੇ ਰਹੇ ਹਨ।

ਉਹਨਾ ਕਿਹਾ ਕਿ ਮੁਹੱਲੇ ਦੀ ਇੱਕ ਔਰਤ ਦੇ ਕਹਿਣ ਤੇ ਨਗਰ ਕੌਂਸਲ ਵਲੋਂ ਗਲੀ ਵਿੱਚ ਇੰਟਰਲਾਕ ਟਾਇਲਾਂ ਦੇ ਚਲਦੇ ਕੰਮ ਨੂੰ ਰੋਕ ਦਿੱਤਾ ਹੈ ਅਤੇ ਈ ਓ ਵਲੋਂ ਗਲੀ ਵਿੱਚ ਇੰਟਰਲਾਕ ਦੀ ਥਾਂ ਤੇ ਪ੍ਰੀਮਿਕਸ ਸੜਕ ਬਣਾਉਣ ਬਾਰੇ ਕਿਹਾ ਜਾ ਰਿਹਾ ਹੈ।ਜਿਸ ਦੇ ਸੰਬੰਧ ਵਿੱਚ ਅੱਜ ਸਮੂਹ ਮੁਹੱਲਾ ਵਾਸੀ ਈ ਓ ਨੂੰ ਮਿਲਣ ਨਗਰ ਕੌਂਸਲ ਆਏ ਸਨ।ਪਰ ਈ ਓ ਨਗਰ ਕੌਂਸਲ ਮੌਜੂਦ ਨਹੀਂ ਹਨ।ਕੌਂਸਲਰ ਦੀਪਿਕਾ ਸ਼ਰਮਾ ਵਲੋਂ ਈ ਓ ਨੂੰ ਫੋਨ ਕਰਕੇ ਨਗਰ ਕੌਂਸਲ ਪਹੁੰਚ ਕੇ ਮੁਹੱਲਾ ਨਿਵਾਸੀਆਂ ਦੀ ਸਮੱਸਿਆ ਸੁਣਨ ਲਈ ਕਿਹਾ ਗਿਆ ਤਾਂ ਕਾਰਜ ਸਾਧਕ ਅਫ਼ਸਰ ਵਲੋਂ ਨਗਰ ਕੌਂਸਲ ਆਉਣ ਤੋਂ ਆਨਾ-ਕਾਨੀ ਕੀਤੇ ਜਾਣ ਤੇ ਰੋਹ ਵਿੱਚ ਆਏ ਲੋਕਾਂ ਵਲੋਂ ਕਾਰਜ ਸਾਧਕ ਅਫ਼ਸਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਮੌਕੇ ਤੇ ਹਾਜ਼ਰ ਸਮੂਹ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਉਹਨਾ ਦੀ ਗਲੀ ਵਿੱਚ ਨਾਲੀਆਂ ਉੱਪਰੋਂ ਬੰਦ ਕਰਨ ਅਤੇ ਇੰਟਰਲਾਕ ਦੇ ਟੈਂਡਰ ਹੋਏ ਹਨ ਅਤੇ ਇੰਟਰਲਾਕ ਹੀ ਪੈਣੀ ਚਾਹੀਦੀ ਹੈ।ਉਹਨਾ ਕਿਹਾ ਕਿ ਜੇਕਰ ਨਗਰ ਕੌਂਸਲ ਅਧਿਕਾਰੀਆਂ ਨੇ ਸਾਡੀ ਮੰਗ ਵੱਲ ਧਿਆਨ ਨਹੀਂ ਦਿੱਤਾ ਤਾਂ ਉਹ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।

ਮੌਕੇ ਤੇ ਪਹੁੰਚੇ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਕਿਹਾ ਇਸ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ ਅਤੇ ਮੁਹੱਲਾ ਨਿਵਾਸੀਆਂ ਦੀ ਮੰਗ ਅਨੁਸਾਰ ਹੀ ਕੰਮ ਨਿਪਰੇ ਚੜ੍ਹਾਏ ਜਾਣਗੇ। ਜਦੋਂ ਇਸ ਸੰਬੰਧੀ ਕਾਰਜ ਸਾਧਕ ਅਫ਼ਸਰ ਮੋਹਿਤ ਸ਼ਰਮਾ ਨਾਲ ਫੋਨ ਤੇ ਸੰਪਰਕ ਕਰਨਾ ਚਾਹਿਆ ਤਾਂ ਉਹ ਫੋਨ ਨਹੀਂ ਚੁੱਕਿਆ।