ਕਿਸਾਨ ਅੰਦੋਲਨ ਨੇ ਫਾਸ਼ੀਵਾਦ ਦਾ ਮੁਕਾਬਲਾ ਕਰਨ ਦਾ ਰਾਹ ਦਿਖਾਇਆ” – ਡਾ. ਨਵਸ਼ਰਨ

Advertisement
Spread information

ਕੱਟੜਪੰਥੀ ਤਾਕਤਾਂ ਵਿਰੁੱਧ ਲੜਨ ਦੇ ਅਹਿਦ ਨਾਲ ਜਮਹੂਰੀ ਅਧਿਕਾਰ ਸਭਾ ਦਾ ਦੋ-ਰੋਜ਼ਾ ਇਜਲਾਸ ਸ਼ੁਰੂ

ਪਰਦੀਪ ਕਸਬਾ, ਸੰਗਰੂਰ’ 7 ਮਈ 2022

ਇਸ ਨਿਜ਼ਾਮ ਹੇਠ ਸਾਡੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਹਨ। ਪਰ ਜੇ ਹਕੂਮਤ ਕੋਲ ਸੱਤਾ ਦੀ ਬੇਕਿਰਕ ਤਾਕਤ ਹੈ ਤਾਂ ਸਾਡੇ ਲੋਕਪੱਖੀ ਤਾਕਤਾਂ ਕੋਲ ਵੀ ਦਹਿ ਲੱਖਾਂ ਲੋਕ ਸਮੂਹਾਂ ਦੀ ਤਾਕਤ ਹੈ ਜਿਨ੍ਹਾਂ ਕੋਲ ਹਰ ਜਬਰ ਜ਼ੁਲਮ ਵਿਰੁੱਧ ਅਤੇ ਹੱਕਾਂ ਲਈ ਲੜਨ ਦਾ ਸ਼ਾਨਾਂਮੱਤਾ ਇਤਿਹਾਸ ਅਤੇ ਸੰਘਰਸ਼ਾਂ ਦਾ ਵਿਰਸਾ ਹੈ।” ਇਹ ਵਿਚਾਰ ਅੱਜ ਇੱਥੇ ਮਨਸਾ ਦੇਵੀ ਮੰਦਿਰ ਵਿਚ ਸ਼ਹੀਦ ਸਟੇਨ ਸਵਾਮੀ ਹਾਲ ਵਿਚ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਇਜਲਾਸ ਦੇ ਪਹਿਲੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਲੋਕ ਹੱਕਾਂ ਦੀ ਲਹਿਰ ਦੀ ਉਘੀ ਸ਼ਖਸੀਅਤ ਡਾ. ਨਵਸ਼ਰਨ ਨੇ ਪੇਸ਼ ਕੀਤੇ।

ਇਜਲਾਸ ਦਾ ਆਗਾਜ਼ ਝੰਡਾ ਲਹਿਰਾ ਕੇ ਅਤੇ ਲੋਕ ਸੰਘਰਸ਼ਾਂ ਵਿਚ ਜਾਨਾਂ ਵਾਰ ਗਏ ਜੁਝਾਰੂਆਂ ਨੂੰ ਮੋਨ ਸ਼ਰਧਾਂਜਲੀ ਦੇ ਕੇ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਨਵਸ਼ਰਨ, ਪ੍ਰੋਫੈਸਰ ਜਗਮੋਹਣ ਸਿੰਘ, ਪ੍ਰੋਫੈਸਰ ਏ.ਕੇ.ਮਲੇਰੀ, ਡਾ. ਸੁਖਦੇਵ ਹੁੰਦਲ ਅਤੇ ਸਵਰਨਜੀਤ ਸਿੰਘ ਨੇ ਕੀਤੀ।

ਆਪਣੇ ਸੰਬੋਧਨ ‘ਚ ਮੁੱਖ ਵਕਤਾ ਡਾ. ਨਵਸ਼ਰਨ ਨੇ ਕਿਹਾ ਕਿ ਇਸ ਆਰਥਕ ਮਾਡਲ ਨੇ ਜਿੱਥੇ ਅਮੀਰ ਗਰੀਬ ਦਾ ਪਾੜਾ ਅਤੇ ਆਰਥਕ ਨਾਬਰਾਬਰੀ ਬਹੁਤ ਜ਼ਿਆਦਾ ਵਧਾ ਕੇ ਸਮਾਜ ਦੇ ਅੱਧ ਔਰਤਾਂ ਨੂੰ ਕਿਰਤ ਦੇ ਖੇਤਰ ਵਿੱਚੋਂ ਬਾਹਰ ਕਰ ਦਿੱਤਾ ਹੈ ਉੱਥੇ ਬਹੁਗਿਣਤੀਵਾਦੀ ਫਿਰਕਪ੍ਰਸਤ ਹਕੂਮਤ ਨੇ ਚੁਣਾਵੀ ਵਿਵਸਥਾ ਰਾਹੀਂ ਹਰ ਤਰ੍ਹਾਂ ਦੀ ਸੁਰੱਖਿਆ ਅਤੇ ਸੰਵਿਧਾਨ ਵਿਚ ਦਰਜ ਹੱਕਾਂ ਨੂੰ ਖ਼ਤਮ ਕਰਕੇ ਔਰਤਾਂ, ਦਲਿਤਾਂ, ਆਦਿਵਾਸੀਆਂ ਅਤੇ ਕਿਰਤੀ ਵਰਗਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਅਸੁਰੱਖਿਅਤ ਬਣਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਚੋਣ ਵਿਵਸਥਾ ਨੇ ਭਾਰਤ ਦੇ ਲੋਕਾਂ ਦੀ ਆਰਥਕ ਤਬਾਹੀ ਅਤੇ ਮੁਸਲਮਾਨ ਘੱਟਗਿਣਤੀ ਤੇ ਹੋਰ ਦੱਬੇਕੁਚਲੇ ਲੋਕਾਂ ਦੇ ਕਤਲੇਆਮ ਅਤੇ ਦਮਨ ਬਾਰੇ ਹੁਕਮਰਾਨ ਧਿਰ ਦੇ ਰਾਜਨੀਤਕ ਏਜੰਡੇ ਦੇ ਹੱਕ ‘ਚ ਆਮ ਸਹਿਮਤੀ ਬਣਾ ਦਿੱਤੀ ਹੈ।

ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਵੋਟਾਂ ਪਾ ਕੇ ਹੁਕਮਰਾਨ ਧਿਰ ਦੇ ਫਾਸ਼ੀਵਾਦੀ ਰਾਜਨੀਤਕ ਪ੍ਰੋਜੈਕਟ ਬਾਰੇ ਆਮ ਸਹਿਮਤੀ ਬਣਾਉਣ ‘ਚ ਦੱਬੇ ਕੁਚਲੇ ਲੋਕ ਵੀ ਸ਼ਾਮਲ ਹਨ। ਭਾਜਪਾ ਹਕੂਮਤ ਹਜ਼ੂਮੀ ਹਿੰਸਾ , ਯੂ.ਏ.ਪੀ.ਏ. ਵਰਗੇ ਕਾਲੇ ਕਾਨੂੰਨਾਂ ਅਤੇ ਸਤਾ ਦੀ ਤਾਕਤ ਨਾਲ ਘੱਟ ਗਿਣਤੀ ਮੁਸਲਮਾਨਾਂ ਨੂੰ ਬੇਕਿਰਕੀ ਨਾਲ ਕੁਚਲਕੇ ਉਨ੍ਹਾ ਨੂੰ ਦੂਜੇ ਦਰਜ਼ੇ ਦੇ ਨਾਗਰਿਕ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿਇਹ ਫਿਰਕੂ ਦੰਗੇ ਨਹੀਂ, ਘੱਟ ਗਿਣਤੀਆਂ ਦੇ ਕਤਲੇਆਮ ਦਾ ਉਸੇ ਤਰ੍ਹਾਂ ਦਾ ਮਾਡਲ ਹੈ ਜੋ ਹਿਟਲਰ ਦੇ ਰਾਜ ’ਚ ਜਰਮਨੀ ’ਚ ਲਾਗੂ ਕਰਕੇ ਲੱਖਾਂ ਯਹੂਦੀਆਂ ਦਾ ਕਤਲੇਆਮ ਕੀਤਾ ਗਿਆ ਸੀ। ਚੁਣਾਵੀ ਲੋਕ ਤੰਤਰ ਘੱਟ ਗਿਣਤੀਆਂ ਅਤੇ ਕਿਰਤੀ ਵਰਗਾਂ ਦੇ ਹੱਕਾਂ ਨੂੰ ਕੁਚਲਣ ਦਾ ਹਥਿਆਰ ਬਣ ਚੁੱਕਾ ਹੈ। ਕਿਸਾਨ ਅੰਦੋਲਨ ਨੇ ਇਸ ਦੇ ਖੂਨੀ ਪੰਜੇ ਨੂੰ ਹੱਥ ਪਾਕੇ ਪੂਰੇ ਦੇਸ਼ ਨੂੰ ਇਸ ਚਣੌਤੀ ਦਾ ਮੁਕਾਬਲਾ ਕਰਨ ਦਾ ਰਾਹ ਦਿਖਾਇਆ ਹੈ। ਇਹ ਅੰਦੋਲਨ ਔਰਤਾਂ ਅਤੇ ਹੋਰ ਦੱਬੇ ਕੁਚਲੇ ਲੋਕਾਂ ਨੂੰ ਆਪਣੇ ਦੁੱਖਾਂ ਬਾਰੇ ਚਰਚਾ ਕਰਨ ਲਈ ਸਾਂਝੇ ਮੰਚ ਬਨਾਉਣ ਅਤੇ ਆਪਣੇ ਮਸਲਿਆਂ ਦੇ ਹੱਲ ਤਲਾਸ਼ਣ ਅਤੇ ਸੰਵਾਦ ਰਚਾਉਣ ਲਹੀ ਪ੍ਰੇਰਣਾ ਬਣਿਆ ਹੈ। ਉਨ੍ਹਾਂ ਕਿਹਾ ਕਿ ਕਿਰਤ ਕਾਨੂੰਨਾਂ ਦਾ ਖਾਤਮਾ ਕਰਕੇ ਚਾਰ ਲੇਬਰ ਕੋਡ ਬਣਾਕੇ ਹਕੂਮਤ ਨੇ ਮਜ਼ਦੂਰ ਵਰਗ ਨੂੰ ਐਨਾ ਨਿਤਾਣਾ ਬਣਾ ਦਿੱਤਾ ਹੈ ਕਿ ਸਾਨੂੰ ਸਾਰਿਆਂ ਨੂੰ ਉਨ੍ਹਾਂ ਨੂੱ ਸਾਥ ਲੈ ਕੇ ਇਸ ਹਮਲੇ ਦਾ ਮੁਕਾਬਲਾ ਕਰਨ ’ਚ ਹੱਕ ਵਟਾਉਣਾ ਪਵੇਗਾ।

ਸਭਾ ਦੇ ਜਨਰਲ ਸਕੱਤਰ ਪ੍ਰੋ. ਜਗਮੋਹਨ ਸਿੰਘ ਅਤੇ ਸੂਬਾ ਪ੍ਰਧਾਨ ਪ੍ਰੋ ਏ ਕੇ ਮਲੇਰੀ ਨੇ ਸਬੰਧਨ ਕਰਦਿਆਂ ਐਮਰਜੈਂਸੀ ਰਾਹੀਂ ਨਾਗਰਿਕਾਂ ਦੇ ਹੱਕ ਕੁਚਲੇ ਜਾਣ ਬਾਅਦ ਜਮਹੂਰੀ ਹੱਕਾਂ ਦੀ ਰਾਖੀ ਲਈ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਹੋਂਦ ’ਚ ਆਉਣਅਤੇ ਸਾਢੇ ਚਾਰ ਦਹਾਕਿਆਂ ’ਚ ਜਮਹੂਰੀ ਹੱਕਾਂ ਦੀ ਚੇਤਨਾ ਦੇਣ ’ਚ ਸ਼ਾਨਾਮੱਤੀ ਭੂਮਿਕਾ ਦੀ ਚਰਚਾ ਕੀਤੀ ਅਤੇ ਇੱਕ ਜੁੱਟ ਹੋਣ ਦਾ ਸੱਦਾ ਦਿੱਤਾ ਜ਼ਿਲ੍ਹਾਂ ਪ੍ਰਧਾਨ ਸਵਰਨਜੀਤ ਸਿੰਘ ਅਤੇ ਨਾਮਦੇਣ ਭੁਟਾਲ ਨੇ ਹਾਜ਼ਰੀਨ ਨੂੰ ਜੀ ਆਇਆ ਕਿਹਾ। ਇਸ ਮੌਕੇ ਨਾਮਵਰ ਹਸਤੀਆਂ ਵਿੰਚ ਡਾ ਤੇਜਵੰਤ ਮਾਨ, ਐਡਵੋਕੇਟ ਸੰਪੂਰਨ ਛਾਜਲੀ, ਨਰੈਣ ਦੱਤ। ਜਗਮੋਹਨ ਸਿੰਘ ਪਟਿਆਲਾ,ਮੇਘ ਰਾਜ ਮਿੱਤਰ, ਐਡਵੋਕੇਟ ਕਿਰਨਜੀਤ ਸੇਖੋਂ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂ, ਸਭਾ ਦੇ ਜ਼ਿਲ੍ਹਾ ਤੇ ਸੂਬਾਈ ਆਗੂ ਹਾਜਰ ਸਨ।

Advertisement
Advertisement
Advertisement
Advertisement
error: Content is protected !!