EM ਮੀਤ ਹੇਅਰ ਖਿਲਾਫ ਫੁੱਟਿਆ ਲੋਕਾਂ ਦਾ ਗੁੱਸਾ

Advertisement
Spread information

ਆਹ ਸਰਕਾਰ ਨੇ ਲੋਕਾਂ ਦਾ ਜਿਊਣਾ ਦੁੱਭਰ ਕਰਰਿਆ, ਲੋਕਾਂ ਨੇ ਕੀਤੀ ਨਾਅਰੇਬਾਜੀ

ਕਹਿੰਦੇ ! ਪਹਿਲਾਂ ਗਲੀ ਦੀਆਂ ਇੱਟਾਂ ਪੁੱਟ ਕੇ ਲੈ ਗਏ, ਕਿਤੇ ਹੁਣ ਘਰਾਂ ਵੱਲ ਨਾ ਹੋਣ ਜਾਣ ?


 ਹਰਿੰਦਰ ਨਿੱਕਾ , ਬਰਨਾਲਾ 7 ਮਈ 2022

     ਸੂਬੇ ਦੀ ਸੱਤਾ ਤੇ ਆਮ ਆਦਮੀ ਪਾਰਟੀ ਅਤੇ ਨਗਰ ਕੌਂਸਲ ਦੀ ਸੱਤਾ ਤੇ ਕਾਂਗਰਸ ਪਾਰਟੀ ਦਾ ਕਬਜ਼ਾ ਹੋਣ ਕਾਰਣ, ਇਲਾਕੇ ਦੇ ਲੋਕ ਚੱਕੀ ਦੇ ਦੋ ਪੁੜਾਂ ਵਿਚਾਲੇ ਪਿਸ ਰਹੇ ਹਨ। ਆਪ ਆਗੂਆਂ ਦੇ ਦਖਲ ਕਰਕੇ, ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਕਾਂਗਰਸ ਸਰਕਾਰ ਸਮੇਂ ਸ਼ੁਰੂ ਹੋਏ ਵਿਕਾਸ ਦੇ ਕੰਮ ਅੱਧ ਵਿਚਾਲੇ ਹੀ ਕਥਿਤ ਤੌਰ ਤੇ ਬੰਦ ਕਰ ਦਿੱਤੇ ਗਏ ਹਨ । ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਚੱਲ ਰਹੇ ਵਿਕਾਸ ਕੰਮ ਠੱਪ ਹੋ ਜਾਣ ਕਾਰਣ, ਜਿੱਥੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਇਆ ਹੈ, ਉੱਥੇ ਹੀ, ਕੰਮ ਬੰਦ ਹੋ ਜਾਣ ਕਾਰਣ, ਪ੍ਰਭਾਵਿਤ ਖੇਤਰਾਂ ਦੇ ਲੋਕਾਂ ‘ਚ ਸਿੱਖਿਆ ਮੰਤਰੀ ਅਤੇ ਹਲਕੇ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਖਿਲਾਫ ਰੋਸ ਵੀ ਫੈਲ ਰਿਹਾ ਹੈ।  ਮੀਤ ਹੇਅਰ ਦੇ ਖਿਲਾਫ ਫੈਲੇ ਰੋਸ ਦੀ ਇੱਕ ਵੰਨਗੀ, ਅੱਜ ਬਾਅਦ ਦੁਪਿਹਰ ਸੰਘੇੜਾ ਖੇਤਰ ਦੇ ਵਾਰਡ ਨੰਬਰ 3 ਅਧੀਨ ਪੈਂਦੀ ਬਾਜੀਗਰ ਬਸਤੀ ਵਿੱਚ ਦੇਖਣ ਨੂੰ ਮਿਲੀ। ਗਲੀ ਦਾ ਕੰਮ ਬੰਦ ਹੋ ਜਾਣ ਕਾਰਣ, ਪੈਰ ਪੈਰ ਤੇ ਮੁਸੀਬਤਾਂ ਝੱਲ ਰਹੇ ਲੋਕਾਂ ਨੇ ਮੀਤ ਹੇਅਰ, ਈ.ਉ. ਨਗਰ ਕੌਂਸਲ ਅਤੇ ਆਪ ਸਰਕਾਰ ਦੇ ਵਿਰੁੱਧ ਲੋਕਾਂ ਨੇ ਜੋਰਦਾਰ ਨਾਅਰੇਬਾਜੀ ਕਰਕੇ,ਰੋਸ ਪ੍ਰਗਟ ਕੀਤਾ। ਗੁੱਸੇ ‘ਚ ਭਰੀਆਂ ਪੀਤੀਆਂ ਬਜੁਰਗ ਔਰਤਾਂ ਨੇ ਕਿਹਾ ਕਿ ਜੇਕਰ, ਛੇਤੀ ਹੀ ਸਾਡੀ ਬਸਤੀ ਵਿੱਚ ਕੰਮ ਸ਼ੁਰੂ ਨਾ ਕਰਵਾਇਆ ਤਾਂ ਅਸੀ, ਗਲੀ ਅੰਦਰ ਇਕੱਠਾ ਹੋਇਆ ਮਲਬਾ ਤੇ ਗੰਦਗੀ ਮੀਤ ਹੇਅਰ ਦੀ ਕੋਠੀ ਮੂਹਰੇ ਸੁੱਟ ਕੇ, ਉੱਥੇ ਹੀ ਧਰਨਾ ਤੇ ਬੈਠਣ ਨੂੰ ਮਜਬੂਰ ਹੋਵਾਂਗੀਆਂ।

 ਪਹਿਲਾਂ ਤੋਂ ਵੀ ਵੱਧ ਬੁਰਾ ਹਾਲ ਹੋ ਗਿਆ,,,

      ਨੰਬਰਦਾਰ ਦਰਸ਼ਨ ਸਿੰਘ, ਵਕੀਲ ਸਿੰਘ ਅਤੇ ਬੇਅੰਤ ਸਿੰਘ ਨੇ ਦੱਸਿਆ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਤੋਂ 15 ਕੁ ਦਿਨ ਪਹਿਲਾਂ, ਬਾਜੀਗਰ ਬਸਤੀ ਵਿੱਚ ਚੰਗੀ ਭਲੀ ਗਲੀ , ਲੋਕਾਂ ਨੂੰ ਸੀਵਰੇਜ ਪਾਉਣ ਦਾ ਭਰੋਸਾ ਦੇ ਕੇ ਪੁੱਟ ਦਿੱਤੀ। ਗਲੀ ਦੀਆਂ ਇੱਟਾਂ ਠੇਕੇਦਾਰ ਰਾਹੁਲ ਟਰਾਲੀਆਂ ਭਰ ਕੇ ਲੈ ਗਿਆ। ਸੀਵਰੇਜ ਦੇ ਪਾਈਪ ਤਾਂ ਤੁੱਥ ਮੁੱਥ ਜਿਹੇ ਕਰਕੇ, ਕਾਹਲੀ ਕਾਹਲੀ ਪਾ ਦਿੱਤੇ, ਪਰ ਵੋਟਾਂ ਤੋਂ ਬਾਅਦ ਸਰਕਾਰ ਆਮ ਅਦਮੀ ਪਾਰਟੀ ਦੀ ਬਣ ਗਈ। ਉਨਾਂ ਕਿਹਾ ਕਿ ਮੀਤ ਹੇਅਰ, ਵੋਟਾਂ ਵੇਲੇ, ਉਨਾਂ ਕੋਲ ਆ ਕੇ ਵਾਅਦਾ ਕਰਕੇ ਗਿਆ ਸੀ, ਕਿ ਮੈਨੂੰ ਵੋਟਾਂ ਪਾਇਉ ਅਤੇ ਸਾਡੀ ਸਰਕਾਰ ਬਣ ਜਾਣ ਦਿਉ, ਸਾਰੇ ਭਾਂਗੇ-ਟੋਟੇ ਕੱਢ ਦਿਆਂਗਾ। ਉਹ ਵੀ ਜਿੱਤ ਗਿਆ ਤੇ ਸਰਕਾਰ ਵੀ ਬਣ ਗਈ, ਪਰ ਮੁੜ ਕੇ ਨਾ ਆਪ ਮੂੰਹ ਦਿਖਾਉਣ ਆਇਆ ਤੇ ਪਹਿਲਾਂ ਤੋਂ ਚੱਲ ਰਿਹਾ ਕੰਮ ਵੀ ਠੱਪ ਕਰਵਾ ਦਿੱਤਾ। ਹੁਣ ਖੇਤਰ ਦੇ ਬਜੁਰਗ ਅਤੇ ਛੋਟੇ ਬੱਚੇ, ਗਲੀ ਪੁੱਟੀ ਹੋਣ ਕਾਰਣ, ਔਕੜ ਔਕੜ ਕੇ ਡਿੱਗਦੇ ਰਹਿੰਦੇ ਨੇ, ਕਈਆਂ ਦੇ ਮਾਮੂਲੀ ਸੱਟਾਂ ਵੀ ਵੱਜ ਚੁੱਕੀਆਂ ਨੇ, ਮੋਟਰਸਾਈਕਲ /ਸਕੂਟਰ ਤੇ ਹੋਰ ਗੱਡੀਆਂ ਦਾ ਲੰਘਣਾ ਵੀ ਔਖਾ ਹੋਇਆ ਪਿਆ ਹੈ।

 ਡਰ ਲੱਗਦੈ ਕਿਤੇ, ਘਰਾਂ ਦੀਆਂ ਇੱਟਾਂ ਵੀ ਨਾ ਪੱਟ ਕੇ ਲੈ ਜਾਣ,,,

     ਨੰਬਰਦਾਰ ਦਰਸ਼ਨ ਸਿੰਘ ਨੇ ਕਿਹਾ ਕਿ ਜਿਵੇਂ ਸਾਡੀ ਗਲੀ ਦੀਆਂ ਪਹਿਲਾਂ ਲੱਗੀਆਂ ਇੱਟਾਂ ਪੱਟ ਕੇ ਲੈ ਗਏ, ਹੁਣ ਡਰ ਲੱਗਦਾ ਹੈ ਕਿਤੇ ਆਪ ਵਾਲੇ ਸਾਡੇ ਘਰਾਂ ਦੀਆਂ ਇੱਟਾਂ ਵੀ ਨਾ ਪੱਟ ਕੇ ਲੈ ਜਾਣ। ਜੋਗਾ ਸਿੰਘ, ਬੂਜਾ ਸਿੰਘ ਨੇ ਕਿਹਾ ਕਿ ਅਸੀਂ ਕਈ ਵਾਰ ਮੀਤ ਹੇਅਰ ਦੇ ਘਰ ਮਿਲਣ ਗਏ ਹਾਂ, ਉੱਥੇ ਤਾਂ ਪੁਲਿਸ ਵਾਲਿਆਂ ਨੇ ਪੂਰੀ ਨਾਕਾਬੰਦੀ ਕੀਤੀ ਪਈ ਹੈ, ਕੋਈ ਗਰੀਬ ਬੰਦੇ ਨੂੰ ਤਾਂ ਕੋਠੀ ਵੜ੍ਹਨ ਨਹੀਂ ਦਿੰਦਾ। ਜਦੋਂ ਰੈਸਟ ਹਾਊਸ ਵਿੱਚ ਬਾਈ ਮੀਤ ਨੂੰ ਮਿਲਣ ਜਾਈਂਦਾ, ਕਹਿ ਦਿੰਦੇ ਨੇ, ਸਰ ਤਾਂ ਚੰਡੀਗੜ੍ਹ ਨੇ, ਉਨਾਂ ਵਿਅੰਗਮਈ ਲਹਿਜੇ ਵਿੱਚ ਕਿਹਾ ਕਿ ਵੋਟਾਂ ਲੈਣ ਲਈ ਤਾਂ ਉਹ ਤੇ ਉਹਦੇ ਮੂਹਰੇਲੇ ਆਗੂ ਹੱਥ ਜੋੜਦੇ ਫਿਰਦੇ ਸੀ, ਬਈ ਇੱਕ ਮੌਕਾ ਦੇ ਦਿਉ, ਹੁਣ ਜੇ ਮੌਕਾ ਦੇ ਦਿੱਤਾ ਤਾਂ ਇਨ੍ਹਾਂ ਡੇਢ ਮਹੀਨੇ ਵਿੱਚ ਹੀ, ਅਕਾਲੀ-ਕਾਂਗਰਸੀਆਂ ਨੂੰ ਚੰਗੇ ਕਹਿਣ ਲਾ ਦਿੱਤਾ। ਵਕੀਲ ਸਿੰਘ ਨੇ ਕਿਹਾ ਅਸੀਂ ਕਈ ਵਾਰੀ ਨਗਰ ਕੌਂਸਲ ਦੇ ਈ.ਉ ਨੂੰ ਮਿਲਣ ਗਏ, ਉਹ ਦਫਤਰ ਨਹੀਂ ਮਿਲਦਾ, ਫੋਨ ਤੇ ਗੱਲ ਕੀਤੀ, ਕਹਿੰਦਾ 3 ਸਾਲ ਤਾਂ ਥੋਨੂੰ ਆਈਂ , ਉਖੜੀਆਂ ਗਲੀਆਂ ਵਿੱਚ ਠੇਡੇ ਖਾਣੇ ਪੈਣਗੇ, ਫਿਰ ਦੇਖਾਂਗੇ, ਕੀ ਬਣਾਉਣਾ ਹੈ। ਲੋਕਾਂ ਨੇ ਕਿਹਾ ਬੱਸ ਨਵੀਆਂ ਇੰਟਰਲੌਕ ਟਾਈਲਾਂ ਤਾਂ ਛੱਡੋ, ਸਾਡੀਆਂ ਪੱਟੀਆਂ ਹੋਈਆਂ ਇੱਟਾਂ ਹੀ ਮੋੜ ਦਿਉ, ਆਪੇ ਮਿਸਤਰੀ ਨੂੰ ਪੈਸੇ ਦੇ ਕੇ ਲੁਆ ਲਵਾਂਗੇ, ਜਿਵੇਂ ਨਾਲੀਆਂ ਸਾਫ ਕਰਵਾਉਣ ਲਈ, ਹਰ ਘਰ 10/10 ਰੁਪਏ ਸਫਾਈ ਸੇਵਕ ਨੂੰ ਆਪਣੀਆਂ ਜੇਬਾਂ ਵਿੱਚੋਂ ਦਿੰਦੇ ਹਾਂ। ਇਸ ਸਬੰਧ ਵਿੱਚ ਈ.ਉ ਮੋਹਿਤ ਸ਼ਰਮਾ ਨੇ ਕਿਹਾ ਕਿ ਸਬੰਧਿਤ ਠੇਕੇਦਾਰ ਨੂੰ ਪੁਰਾਣੇ ਕੀਤੇ ਕੰਮ ਦੀ ਪੇਮੈਂਟ ਕਰ ਦਿੱਤੀ ਹਾਂ, ਬਾਕੀ ਕੰਮ ਉਸ ਨੇ ਕਿਉਂ ਸ਼ੁਰੂ ਨਹੀਂ ਕੀਤਾ, ਉਹ ਸੋਮਵਾਰ ਨੂੰ ਪੁੱਛ ਪੜਤਾਲ ਤੋਂ ਬਾਅਦ ਪਤਾ ਲੱਗੇਗਾ, ਉਨਾਂ ਕਿਹਾ ਕਿ ਉਮੀਦ ਹੈ, ਜਲਦੀ ਹੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।

ਅਸੀਂ ਕੋਈ ਕੰਮ ਨਹੀਂ ਰੁਕਵਾਇਆ- ਗੁਰਦੀਪ ਸਿੰਘ ਬਾਠ

ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਸਾਡੀ ਪਾਰਟੀ ਵੱਲੋਂ, ਸ਼ਹਿਰ ਦੇ ਕਿਸੇ ਵੀ ਹਿੱਸੇ ਵਿੱਚ ਕੋਈ, ਵਿਕਾਸ ਦਾ ਕੰਮ ਨਹੀਂ ਰੁਕਵਾਇਆ ਗਿਆ, ਐਂਵੇ ਹੀ ਵਿਰੋਧੀ ਪਾਰਟੀਆਂ ਦੇ ਲੋਕ, ਸਰਕਾਰ ਨੂੰ ਬਦਨਾਮ ਕਰਨ ਲਈ, ਕੰਮ ਰੋਕੇ ਜਾਣ ਦਾ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹਨ। ਉਨਾਂ ਕਿਹਾ ਕਿ ਕੰਮ ਰੋਕਣ ਦਾ ਕਾਰਣ ਪਤਾ ਕਰਨ ਲਈ, ਨਗਰ ਕੌਂਸਲ ਦੇ ਈ.ਉ. ਨਾਲ ਗੱਲ ਕਰਾਂਗਾ ਅਤੇ ਛੇਤੀ ਹੀ ਕੰਮ ਸ਼ੁਰੂ ਕਰਵਾਇਆ ਜਾਵੇਗਾ। ਉਨਾਂ , ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਤੇ ਉਨਾਂ ਨੂੰ ਹੱਲ ਕਰਵਾਉਣ ਲਈ, ਸਾਡੀ ਟੀਮ ਰੈਸਟ ਹਾਊਸ ਬਰਨਾਲਾ ਵਿਖੇ ਮੌਜੂਦ ਰਹਿੰਦੀ ਹੈ।

Advertisement
Advertisement
Advertisement
Advertisement
error: Content is protected !!