5 ਦਿਨ ਤੋਂ ਸ਼ੱਕੀ ਹਾਲਤ ਵਿੱਚ ਲਾਪਤਾ ਹੋਇਆ ਸੀ, ਨਵਨੀਤ
ਹਰਿੰਦਰ ਨਿੱਕਾ , ਬਰਨਾਲਾ 5 ਮਈ 2022
ਥਾਣਾ ਸਦਰ ਬਰਨਾਲਾ ਦੇ ਅਧੀਨ ਪੈਂਦੇ ਬਰਨਾਲਾ-ਸੇਖਵਾਂ ਪੱਤੀ ਲਿੰਕ ਰੋਡ ਤੇ ਲੰਘਦੇ ਲਸਾੜਾ ਡਰੇਨ ਵਿੱਚੋਂ ਇੱਕ ਨੌਜਵਾਨ ਦੀ ਗਲੀ ਸੜੀ ਲਾਸ਼ ਬਰਾਮਦ ਹੋਈ ਹੈ। ਜਿਸ ਦੀ ਸ਼ਨਾਖਤ ਨਵਨੀਤ ਸਿੰਘ ਪੁੱਤਰ ਬਿੱਲੂ ਰਾਮ ਵਾਸੀ ਪਿੰਡ ਚੀਮਾ ਦੇ ਤੌਰ ਤੇ ਹੋਈ। ਨਵਨੀਤ 30 ਅਪ੍ਰੈਲ ਤੋਂ ਸ਼ੱਕੀ ਹਾਲਤ ਵਿੱਚ ਲਾਪਤਾ ਹੋਇਆ ਸੀ । ਸੂਚਨਾ ਮਿਲਦਿਆਂ ਹੀ ਡੀਐਸਪੀ ਰਾਜੇਸ਼ ਸਨੇਹੀ ਬੱਤਾ, ਐਸਐਚਉ ਗੁਰਤਾਰ ਸਿੰਘ ,ਪੁਲਿਸ ਚੌਂਕੀ ਬੱਸ ਸਟੈਂਡ ਬਰਨਾਲਾ ਦੇ ਇੰਚਾਰਜ ਸਰਬਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ। ਮ੍ਰਿਤਕ ਦੀ ਸ਼ਨਾਖਤ ਉਸ ਦੇ ਵਾਰਿਸਾਂ ਨੇ ਕੀਤੀ ਹੈ। ਪੁਲਿਸ ਨੇ ਨਵਨੀਤ ਸਿੰਘ ਨਾਲ ਆਖਰੀ ਸਮੇਂ ਦੇਖੇ ਗਏ ਉਸ ਦੇ ਸਾਥੀ ਨੌਜਵਾਨ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਕੇ ਘਟਨਾਕ੍ਰਮ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਰਾਜੇਸ਼ ਸਨੇਹੀ ਬੱਤਾ ਨੇ ਦੱਸਿਆ ਕਿ ਨਵਨੀਤ ਸਿੰਘ
, ਵਿਸ਼ਾਲ ਕੰਬਾਇਨ ਫੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਸ਼ੱਕੀ ਹਾਲਤਾਂ ਵਿੱਚ ਪੰਜ ਦਿਨ ਤੋਂ ਲਾਪਤਾ ਹੋ ਗਿਆ ਸੀ। ਨਵਨੀਤ ਦੇ ਪਰਿਵਾਰ ਵੱਲੋਂ ਉਸਦੇ ਲਾਪਤਾ ਹੋਣ ਦੀ ਲਿਖਤੀ ਸੂਚਨਾ ਦਿੱਤੀ ਸੀ, ਜਿਸ ਦੇ ਅਧਾਰ ਤੇ ਪੁਲਿਸ ਨੇ ਉਸਦੀ ਤਲਾਸ਼ ਲਈ, ਪੂਰੇ ਪੰਜਾਬ ਵਿੱਚ ਕੰਟਰੋਲ ਰੂਮ ਦੇ ਜਰੀਏ ਨਵਨੀਤ ਦੀ ਫੋਟੋ ਅਤੇ ਹੁਲੀਏ ਸਮੇਤ ਇਸ਼ਤਹਾਰ ਜਾਰੀ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਅੱਜ ਸ਼ਾਮ ਦੇ ਸਮੇਂ ਪੁਲਿਸ ਨੂੰ ਸੇਖਵਾਂ ਪੱਤੀ ਖੇਤਰ ਦੇ ਲੋਕਾਂ ਨੇ ਡਰੇਨ ਵਿੱਚ ਲਾਸ਼ ਪਈ ਹੋਣ ਬਾਰੇ ਸੂਚਿਤ ਕੀਤਾ। ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟ ਲਈ, ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਸੰਭਾਲ ਦਿੱਤਾ ਹੈ। ਡੀਐਸਪੀ ਬੱਤਾ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਪਰ, ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
