ਹਰਿੰਦਰ ਨਿੱਕਾ , ਬਰਨਾਲਾ 9 ਅਪ੍ਰੈਲ 2022
ਧਨੌਲਾ-ਭੱਠਲਾਂ ਲਿੰਕ ਰੋਡ ਤੇ ਉਸ ਸਮੇਂ ਹੜਕੰਪ ਮੱਚ ਗਿਆ,ਜਦੋਂ ਅੱਜ ਸਵਖਤੇ ਕਰੀਬ ਸਾਢੇ ਸੱਤ ਕੁ ਵਜੇ ਹੱਥ ਪੈਰ ਬੰਨ੍ਹੇ ਹੋਇਆਂ, ਇੱਕ ਨੌਜਵਾਨ ਲੜਕੀ ਬੇਹੋਸ਼ੀ ਦੀ ਹਾਲਤ ਵਿੱਚ ਸ਼ੱਕੀ ਹਾਲਤ ਵਿੱਚ ਸੜਕ ਤੇ ਪਈ ਮਿਲੀ। ਲੜਕੀ ਦੀ ਤਰਸਯੋਗ ਹਾਲਤ ਵੇਖ ਕਿ ਆਸ ਪਾਸ ਦੇ ਲੋਕਾਂ ਨੇ ਇਕੱਠਿਆਂ ਹੋ ਕੇ ਲੜਕੀ ਨੂੰ ਪਾਣੀ ਵਗੈਰਾ ਪਿਆ ਕਿ ਹੋਸ਼ ਵਿੱਚ ਲਿਆਉਣ ਦੇ ਯਤਨ ਕੀਤੇ ਗਏ ਅਤੇ ਥਾਣਾ ਧਨੌਲਾ ਦੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਸੂਚਨਾ ਮਿਲਦਿਆਂ ਹੀ ਥਾਣਾ ਧਨੌਲਾ ਦੀ ਐਸ.ਐਚ.ਉ .ਆਈਪੀਐਸ ਦਰਪਣ ਆਹਲੂਵਾਲੀਆ ਵੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ। ਜਿੰਨ੍ਹਾਂ ਬੇਸੁੱਧ ਲੜਕੀ ਨੂੰ ਇਲਾਜ਼ ਲਈ ਸਰਕਾਰੀ ਹਸਪਤਾਲ ਧਨੌਲਾ ਵਿਖੇ ਦਾਖਿਲ ਕਰਵਾਇਆ।
ਸ਼ੱਕੀ ਹਾਲਤ ‘ਚ ਮਿਲੀ ਲੜਕੀ ਦੀ ਪਹਿਚਾਣ ਰੁਪਿੰਦਰ ਕੌਰ ਉਮਰ ਕਰੀਬ 30 ਸਾਲ ਵਾਸੀ , ਪਿੰਡ ਮਗਾਨੀਆਂ, ਜਿਲ੍ਹਾ ਮਾਨਸਾ ਵਜੋਂ ਉਸ ਦੇ ਕੋਲੋਂ ਮਿਲੀ ਸਰਟੀਫਿਕੇਟਾਂ ਵਾਲੀ ਫਾਈਲ ਤੋਂ ਹੋਈ। ਪੁਲਿਸ ਨੇ ਘਟਨਾ ਦੀ ਸੂਚਨਾ ਰੁਪਿੰਦਰ ਕੌਰ ਦੇ ਪਰਿਵਾਰ ਨੂੰ ਦੇ ਦਿੱਤੀ। ਲੜਕੀ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਲਿਖਵਾਇਆ ਕਿ ਰੁਪਿੰਦਰ ਕੌਰ ਤਲਾਕਸ਼ੁਦਾ ਹੈ, ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦੀ ਹੈ। ਲੰਘੀ ਕੱਲ੍ਹ, ਕਿਸੇ ਸਮੇਂ ਉਹ ਘਰੋਂ ਲਾਪਤਾ ਹੋ ਗਈ ਸੀ। ਉੱਧਰ ਰੁਪਿੰਦਰ ਕੌਰ ਦੇ ਸਰਟੀਫਿਕੇਟ ਤੋਂ ਪਤਾ ਲੱਗਿਆ ਕਿ ਉਹ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਚੋਂ ਇੱਕ ਵਾਰ ਫਸਟ ਅਤੇ ਦੋ ਵਾਰ ਸੈਕਿੰਡ ਪੁਜੀਸ਼ਨ ਪ੍ਰਾਪਤ ਕਰ ਚੁਂਕੀ ਹੈ। ਉਸ ਨੂੰ ਐਨ.ਸੀ.ਸੀ. ਕੈਡਿਟ ਦੇ ਤੌਰ ਤੇ ਸੀ ਕਲਾਸ ਦਾ ਸਰਟੀਫਿਕੇਟ ਵੀ ਪ੍ਰਾਪਤ ਹੈ।
ਬੇਸ਼ੱਕ ਪੁਲਿਸ ਨੇ ਰੁਪਿੰਦਰ ਕੌਰ, ਉਸ ਦੇ ਪਰਿਵਾਰ ਅਤੇ ਪਿੰਡ ਦੀ ਪੰਚਾਇਤ ਦੇ ਬਿਆਨ ਪਰ ਕੇਸ ਦੀ ਤਫਤੀਸ਼ ਠੱਪ ਕਰ ਦਿੱਤੀ ਹੈ। ਪਰੰਤੂ ਪ੍ਰਤੱਖ ਦਰਸ਼ਕਾਂ ਅਨੁਸਾਰ ਰੁਪਿੰਦਰ ਦੇ ਹੱਥ ਪੈਰ ਬੰਨ੍ਹੇ ਹੋਏ ਸਨ। ਅਜਿਹੇ ਮਾਹੌਲ ਅਤੇ ਰੁਪਿੰਦਰ ਕੌਰ ਦੀ ਸਹਿਮੀ ਹੋਈ ਹਾਲਤ , ਕਈ ਤਰਾਂ ਦੇ ਸ਼ੰਕੇ ਅਤੇ ਸਵਾਲ ਖੜ੍ਹੇ ਕਰਦੀ ਹੈ। ਉੱਧਰ ਡੀਐਸਪੀ ਬਰਨਾਲਾ ਰਾਜੇਸ਼ ਸਨੇਹੀ ਬੱਤਾ ਨੇ ਕਿਹਾ ਕਿ ਰੁਪਿੰਦਰ ਕੌਰ ਦੇ ਹੱਥ ਪੈਰ ਬੰਨ੍ਹੇ ਹੋਣ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਪੁਲਿਸ ਨੇ ਰੁਪਿੰਦਰ ਕੌਰ, ਉਸ ਦੇ ਪਰਿਵਾਰ ਦੇ ਮੈਂਬਰਾਂ ਅਤੇ ਪੰਚਾਇਤ ਦੇ ਬਿਆਨ ਕਲਮਬੰਦ ਕੀਤੇ ਹਨ, ਜਿੰਨ੍ਹਾਂ ਅਨੁਸਾਰ ਰੁਪਿੰਦਰ ਕੌਰ ਮਾਨਸਿਕ ਰੋਗੀ ਅਤੇ ਤਲਾਕਸ਼ੁਦਾ ਹੈ। ਉਨ੍ਹਾਂ ਕਿਸੇ ਵੀ ਪੁਲਿਸ ਕਾਰਵਾਈ ਦੀ ਮੰਗ ਵੀ ਨਹੀਂ ਕੀਤੀ।
ਜੁਆਬ ਮੰਗਦੇ ਕੁੱਝ ਸਵਾਲ ???
ਆਖਿਰ ਰੁਪਿੰਦਰ ਕੌਰ ਆਪਣੇ ਪਿੰਡ ਤੋਂ ਭੱਠਲਾਂ ਰੋਡ ਧਲੌਲਾ ਤੱਕ ਕਿਵੇਂ ਪਹੁੰਚੀ ?
-ਰੁਪਿੰਦਰ ਕੌਰ ਦੇ ਹੱਥ ਪੈਰ ਕਿਸ ਨੇ ਅਤੇ ਕਿਉਂ ਬੰਨ੍ਹਕੇ ਸੁੱਟਿਆ ?
-ਰੁਪਿੰਦਰ ਕੌਰ ਦੇ ਲਾਪਤਾ ਹੋਣ ਸਬੰਧੀ, ਰੁਪਿੰਦਰ ਦੇ ਮਾਪਿਆਂ ਨੇ ਸਬੰਧਿਤ ਥਾਣੇ ਵਿਖੇ ਕੋਈ ਰਿਪੋਰਟ ਦਰਜ਼ ਕਰਵਾਈ ?