ਗਵਾਲੀਅਰ ਤੋਂ 72 ਬੰਦੇ ਲੈ ਕੇ ਆਏ ਟਰੱਕ ਨੇ ਬਠਿੰਡਾ ਪੁਲਿਸ ਨੂੰ ਪਾਈਆਂ ਭਾਜੜਾਂ

Advertisement
Spread information

ਡਰਾਈਵਰ ਅਤੇ ਟਰੱਕ ਮਾਲਕ ਖਿਲਾਫ ਕੇਸ ਦਰਜ

ਅਸ਼ੋਕ ਵਰਮਾ  ਬਠਿੰਡਾ 26 ਅਪਰੈਲ2020

ਬਠਿੰਡਾ ’ਚ ਅੱਜ ਸਵੇਰੇ ਗਵਾਲੀਅਰ ਤੋਂ ਛੇ ਦਰਜਨ ਦੇ ਕਰੀਬ ਬੰਦਿਆਂ ਨੂੰ ਲੈਕੇ ਆਏ ਇੱਕ ਟਰੱਕ ਚਾਲਕ ਨੇ ਪੁਲਿਸ ਨੂੰ ਭਾਜੜਾਂ ਪਾ ਦਿੱਤੀਆਂ। ਹਾਲਾਂਕਿ ਇੰਨ੍ਹਾਂ ਬੰਦਿਆਂ ਨੂੰ ਬੱਸਾਂ ਰਾਹੀਂ ਉਨ੍ਹਾਂ ਦੇ ਜਿਲਿ੍ਹਆਂ ’ਚ ਭੇਜਣ ਉਪਰੰਤ ਪ੍ਰਸ਼ਾਸ਼ਨ ਨੇ ਸੁੱਖ ਦਾ ਸਾਹ ਲਿਆ । ਪਰ ਜਾਣ ਤੱਕ ਅਧਿਕਾਰੀ ਪੱਬਾਂ ਭਾਰ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਇੱਕ ਟਰੱਕ ਗਵਾਲੀਅਰ ਤੋਂ ਬੰਦਿਆਂ ਨੂੰ ਲਿਆਇਆ ਸੀ। ਜਦੋਂ ਡਰਾਈਵਰ ਇੰਨ੍ਹਾਂ ਬੰਦਿਆਂ ਨੂੰ ਜਬਰੀ ਬਠਿੰਡਾ ਦੇ ਆਦਰਸ਼ ਨਗਰ ’ਚ ਉਤਾਰ ਰਿਹਾ ਸੀ ਤਾਂ ਦੋਵਾਂ ਧਿਰਾਂ ’ਚ ਝਗੜਾ ਹੋ ਗਿਆ। ਇੰਨ੍ਹਾਂ ਸਵਾਰੀਆਂ ’ਚ ਕੁੱਝ ਕੰਬਾਈਨ ਚਾਲਕ ਤੇ ਉਨ੍ਹਾਂ ਦੇ ਹੈਲਪਰਾਂ ਤੋਂ ਇਲਾਵਾ ਲੁਧਿਆਣਾ ਜਾਣ ਵਾਲੇ ਬੰਦੇ ਸਨ।
ਦੋਵਾਂ ਧਿਰਾਂ ’ਚ ਤਕਰਾਰ ਵਧ ਗਈ ਤਾਂ ਨਜ਼ਦੀਕ ਪੈਂਦੀਆਂ ਕਲੋਨੀਆਂ ਵਾਲੇ ਆ ਗਏ ਜਿੰਨ੍ਹਾਂ ਪੁਲਿਸ ਨੂੰ ਸੂਚਤ ਕਰ ਦਿੱਤਾ। ਇਸੋ ਮੌਕੇ ਸਵਾਰੀਆਂ ਨੇ ਦੱਸਿਆ ਕਿ ਟਰੱਕ ਚਾਲਕ ਨੇ ਉਨ੍ਹਾਂ ਕੋਲੋਂ ਪ੍ਰਤੀ ਸਵਾਰੀ 25-25 ਸੌ ਰੁਪਏ ਵਸੂਲ ਲਏ ਅਤੇ ਲੁਧਿਆਣਾ ਛੱਡਣ ਦੀ ਗੱਲ ਆਖੀ ਸੀ ਜਦੋਂਕਿ ਹੁਣ ਉਹ ਬਠਿੰਡਾ ਉੱਤਰਨ ਦੀ ਗੱਲ ਕਹਿ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚਾਲਕ ਨੇ ਉਨ੍ਹਾਂ ਨੂੰ ਟਰੱਕ ’ਚ ਤਾੜ ਕੇ ਤਿਰਪਾਲ ਪਾ ਦਿੱਤੀ ਜਿਸ ਕਰਕੇ ਉਹ ਭੁੱਖੇ ਪਿਆਸੇ ਬੈਠੇ ਰਹੇ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਸਿਰਫ ਇਹੋ ਰਾਹਤ ਸੀ ਕਿ ਉਹ ਘਰੋ ਘਰੀਂ ਚਲੇ ਜਾਣਗੇ ਪਰ ਡਰਾਈਵਰ ਉਨ੍ਹਾਂ ਨੂੰ ਧੱਕੇ ਨਾਲ ਉਤਾਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡਰਾਈਵਰ ਨੇ ਬਠਿੰਡਾ ਦੇ ਟਰਾਂਸਪੋਰਟ ਨਗਰ ਅਤੇ ਆਦਰਸ਼ ਨਗਰ ’ਚ ਕਰੀਬ ਡੇਢ ਦਰਜਨ ਬੰਦਿਆਂ ਨੂੰ ਵੱਖ ਵੱਖ ਥਾਵਾਂ ਤੇ ਉਤਾਰ ਦਿੱਤਾ ਹੈ।
ਇਸ ਮੌਕੇ ਸਮਾਜਸੇਵੀ ਮਨੀਸ਼ ਪਾਂਧੀ ਸਮੇਤ ਵੱਡੀ ਗਿਣਤੀ ਕਲੋਨੀ ਵਾਸੀਆਂ ਨੇ ਵਿਰੋਧ ਕੀਤਾ ਕਿ ਜੇਕਰ ਕੋਈ ਕਰੋਨਾ ਪੀੜਤ ਹੋਇਆ ਤਾਂ ਉਨ੍ਹਾਂ ਲਈ ਸਮੱਸਿਆ ਖੜ੍ਹੀ ਹੋ ਜਾਏਗੀ। ਕਲੋਨੀ ਵਾਸੀਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਵਧਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਸਰਹੱਦੀ ਸੂਬਿਆਂ ਦੀਆਂ ਸਰਹੱਦਾਂ ਸੀਲ ਕਰਨ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਉਨ੍ਹਾਂ ਆਖਿਆ ਕਿ ਸੈਂਕੜੇ ਕਿੱਲੋਮੀਟਰ ਦਾ ਸਫਰ ਤੈਅ ਕਰਕੇ ਮਜ਼ਦੂਰਾਂ ਦਾ ਭਰਿਆ ਹੋਇਆ ਇਕ ਟਰੱਕ ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ‘ਚੋਂ ਚੱਲ ਕੇ ਬਠਿੰਡਾ ਕਿਵੇਂ ਪਹੁੰਚ ਗਿਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਇਹ ਟਰੱਕ ਤਿੰਨ ਸੂਬਿਆਂ ਦੀਆਂ ਸਰਹੱਦਾਂ ਪਾਰ ਕਰ ਕੇ ਪੰਜਾਬ ਪਹੁੰਚ ਗਿਆ, ਪਰ ਕਿਸੇ ਵੀ ਸੂਬੇ ਦੀ ਸਰਹੱਦ ‘ਤੇ ਲੱਗੇ ਪੁਲਿਸ ਨਾਕੇ ‘ਤੇ ਟਰੱਕ ਨੂੰ ਰੋਕਿਆ ਨਹੀਂ ਵੱਡੀ ਹੈਰਾਨੀ ਵਾਲੀ ਗੱਲ ਹੈ।
ਓਧਰ ਮੌਕੇ ‘ਤੇ ਪਹੁੰਚੇ ਡੀਐੱਸਪੀ ਸਿਟੀ ਗੁਰਜੀਤ ਸਿੰਘ ਰੋਮਾਣਾ ਅਤੇ ਥਾਣਾ ਥਰਮਲ ਦੇ ਐੱਸਐੱਚਓ ਬਲਵਿੰਦਰ ਸਿੰਘ ਨੇ ਪੁੱਛ ਪੜਤਤਾਲ ਕੀਤੀ। ਜਿੰਨ੍ਹਾਂ ਸਵਾਰੀਆਂ ਨੂੰ ਟਰੱਕ ਚੋਂ ਉਤਾਰਿਆ ਗਿਆ ਸੀ ਉਨ੍ਹਾਂ ਨੂੰ ਵੀ ਪੁਲਿਸ ਨੇ ਲੱਭ ਕੇ ਹਿਰਾਸਤ ’ਚ ਲੈ ਲਿਆ। ਪੁਲਿਸ ਦੀ ਸਖਤ ਸੁਰੱਖਿਆ ਹੇਠ ਟਰੱਕ ਵਿਚ ਸਵਾਰ ਬੰਦਿਆਂ ਨੂੰ ਬਾਦਲ ਰੋਡ ਤੇ ਸਥਿਤ ਮੈਰੀਟੋਰੀਅਸ ਸਕੂਲ ਵਿਚ ਲਿਆਂਦਾ ਜਿੱਥੇ ਉਨ੍ਹਾਂ ਦੇ ਵੇਰਵੇ ਨੋਟ ਕੀਤੇ ਗਏ। ਪਤਾ ਲੱਗਿਆ ਹੈ ਕਿ ਮੈਡੀਕਲ ਟੀਮਾਂ ਨੇ ਉਨ੍ਹਾਂ ਦੀ ਜਾਂਚ ਕੀਤੀ ਜਿਸ ਪਿੱਛੋਂ ਜਿਲ੍ਹਾ ਪ੍ਰਸ਼ਾਸ਼ਨ ਨੇ ਉਨ੍ਹਾਂ ਨੂੰ ਬੱਸਾਂ ਰਾਹਂੀਂ ਉਨ੍ਹਾਂ ਦੇ ਜਿਲਿ੍ਹਆਂ ’ਚ ਭੇਜ ਦਿੱਤਾ।

Advertisement

ਬਠਿੰਡਾ ’ਚ ਡਰ ਦਾ ਮਹੌਲ ਬਣਿਆ
ਟਰੱਕ ’ਚ ਦਰਜਨਾਂ ਬੰਦਿਆਂ ਦੀ ਕਰੀਬ ਸਾਢੇ ਛੇ ਸੌ ਕਿੱਲੋਮੀਟਰ ਅਤੇ ਤਿੰਨ ਸੂਬਿਆਂ ਰਾਹਂੀਂ ਆਮਦ ਦੀ ਗੱਲ ਬਠਿੰਡਾ ’ਚ ਜੰਗਲ ਦੀ ਅੱਗ ਵਾਂਗ ਫੈਲ ਗਈ ਜਿਸ ਨੂੰ ਲੈਕੇ ਆਮ ਲੋਕ ਫਿਕਰਮੰਦ ਦਿਖਾਈ ਦਿੱਤੇ। ਕੋਈ ਕਰੋਨਾ ਵਾਇਰਸ ਪੀੜਤ ਨਾਂ ਨਿਕਲ ਆਵੇ ਇਸ ਨੂੰ ਸੋਚ ਕੇ ਡਰ ਦਾ ਮਹੌਲ ਬਣ ਗਿਆ ਕਿਉਂਕ ਪੰੰਜਾਬ ਦੇ ਕਈ ਜਿਲਿ੍ਹਆਂ ’ਚ ਕਰੋਨਾਂ ਦਾ ਖਤਤਰਾ ਵਧਿਆ ਹੋਣ ਦੇ ਬਾਵਜੂਦ ਬਠਿੰਡਾ ਗਰੀਨ ਜੋਲ ’ਚ ਬਣਿਆ ਆ ਰਿਹਾ ਸੀ। ਜਿਵੇਂ ਹੀ ਮੁਸਾਫਰਾਂ ਦੇ ਤੁਰ ਜਾਣ ਬਾਰੇ ਪਾ ਲੱਗਿਆ ਤਾਂ ਆਮ ਲੋਕਾਂ ਨੇ ਵੀ ਸ਼ੁਕਰ ਮਨਾਇਆ।

ਪੁਲਿਸ ਕੇਸ ਦਰਜ: ਐਸਐਸਪੀ
ਸੀਨੀਅਰ ਪੁਲਿਸ ਕੀਤਾਨ ਬਠਿੰਡਾ ਡਾ ਨਾਨਕ ਸਿੰਘ ਦਾ ਕਹਿਣਾ ਸੀ ਕਿ ਮੁਢਲੀ ਪੜਤਾਲ ਉਪਰੰਤ ਟਰੱਕ ਦੇ ਮਾਲਕ ਅਤੇ ਡਰਾਈਵਰ ਖਿਲਫਾ ਸਰਕਾਰੀ ਹੁਕਮਾਂ ਦੀ ਉਲੰਘਣਾ ਤਹਿਤ ਪੁਲਿਸ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਟਰੱਕ ’ਚ ਜਿੰਨੇ ਵੀ ਬੰਦੇ ਸਨ ਉਨ੍ਹਾਂ ਨੂੰ ਉਨ੍ਹਾਂ ਦੇ ਜਿਲਿ੍ਹਆਂ ’ਚ ਭੇਜ ਦਿੱਤਾ ਹੈ।

Advertisement
Advertisement
Advertisement
Advertisement
Advertisement
error: Content is protected !!