ਕਲੋਨਾਈਜ਼ਰ ਧਿਰ ਨੇ ਲਾਇਆ, ਬਿਨਾਂ ਮੰਜੂਰੀ ਗਲੀ ਨੂੰ ਉਨ੍ਹਾਂ ਵੱਲੋਂ ਲਾਏ ਗੇਟ ਨੂੰ ਹਟਾਉਣ ਦਾ ਲੋਕਾਂ ਤੇ ਦੋਸ਼
ਮੌਕੇ ਤੇ ਪੁਲਿਸ ਪਾਰਟੀ ਸਣੇ ਪਹੁੰਚੇ ਡੀ.ਐਸ.ਪੀ. ਸਨੇਹੀ, ਟਕਰਾਅ ਟਲਿਆ, ਦੋਵੇਂ ਧਿਰਾਂ ਨੇ ਕੀਤੀ ਇੱਕ ਦੂਜ਼ੇ ਖਿਲਾਫ ਕੇਸ ਦਰਜ਼ ਕਰਨ ਦੀ ਮੰਗ
ਹਰਿੰਦਰ ਨਿੱਕਾ , ਬਰਨਾਲਾ 25 ਮਾਰਚ 2022
ਸ਼ਹਿਰ ਦੇ ਧਨੌਲਾ ਰੋਡ ਤੇ ਸਥਿਤ ਉਸਾਰੀ ਅਧੀਨ ਅਗਰਵਾਲ ਗਰੈਂਡ ਕਲੋਨੀ ਦੇ ਮਾਲਿਕਾਂ ਵੱਲੋਂ ਸਰਕਾਰੀ ਗਲੀ ਨੂੰ ਆਪਣੀ ਜਗ੍ਹਾ ਵਿੱਚ ਮਿਲਾਉਣ ਅਤੇ ਬਿਨਾਂ ਕਿਸੇ ਅਧਿਕਾਰੀ ਦੀ ਮੰਜੂਰੀ ਤੋਂ ਹੀ ਗਲੀ ਨੂੰ ਲੋਹੇ ਦਾ ਗੇਟ ਲਾ ਕੇ ਬੰਦ ਕਰਨ ਦੇ ਮਾਮਲੇ ਨੇ ਉਸ ਸਮੇਂ ਤੂਲ ਫੜ੍ਹ ਲਿਆ ਜਦੋਂ ਮੁਹੱਲੇ ਦੇ ਇਕੱਠੇ ਹੋਏ ਲੋਕਾਂ ਨੇ ਕਥਿਤ ਤੌਰ ਤੇ ਗੇਟ ਨੂੰ ਉਤਾਰ ਦਿੱਤਾ। ਉੱਧਰ ਪਹਿਲਾਂ ਤੋਂ ਹੀ ਕਲੋਨਾਈਜ਼ਰ ਵੱਲੋਂ ਬਾਉਂਸਰਾਂ ਸਣੇ ਇਕੱਠੇ ਕੀਤੇ ਬੰਦਿਆਂ ਨੇ ਇਸ ਦਾ ਵਿਰੋਧ ਕੀਤਾ। ਮਾਮਲਾ ਤੂੰ ਤੂੰ ਮੈਂ ਮੈਂ ਤੋਂ ਵੱਧ ਕੇ ਤਕਰਾਰ ਤੱਕ ਪਹੁੰਚ ਗਿਆ। ਘਟਨਾ ਦੀ ਸੂਚਨਾ ਮਿਲਿਦਿਆਂ ਹੀ ਡੀ.ਐਸ.ਪੀ. ਰਾਜੇਸ਼ ਸਨੇਹੀ ਬੱਤਾ , ਥਾਣਾ ਸਿਟੀ 2 ਦੇ ਐਸ.ਐਚ.ਉ. ਮਨੀਸ਼ ਕੁਮਾਰ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਟਕਰਾਅ ਨੂੰ ਟਾਲਿਆ। ਦੋਵੇਂ ਧਿਰਾਂ ਵੱਲੋਂ ਪੁਲੀਸ ਤੋਂ ਇੱਕ ਦੂਸਰੇ ਖਿਲਾਫ ਗੈਰਕਾਨੂੰਨੀ ਢੰਗ ਅਪਣਾਉਣ ਅਤੇ ਧੱਕੇਸ਼ਾਹੀ ਕਰਨ ਦੇ ਦੋਸ਼ਾਂ ਅਧੀਨ ਕੇਸ ਦਰਜ਼ ਕਰਨ ਦੀ ਮੰਗ ਕੀਤੀ ਗਈ। ਆਖਿਰ ਖਬਰ ਲਿਖੇ ਜਾਣ ਤੱਕ ਡੀ.ਐਸ.ਪੀ. ਸਨੇਹੀ ਨੇ ਦੋਵਾਂ ਧਿਰਾਂ ਨੂੰ ਆਪਣੇ ਦਫਤਰ ਬੁਲਾ ਕੇ ਮਾਮਲੇ ਬਾਰੇ ਤੱਥ ਪੇਸ਼ ਕਰਨ ਲਈ ਤਾਕੀਦ ਕੀਤੀ। ਡੀ.ਐਸ.ਪੀ. ਸਨੇਹੀ ਨੇ ਦੋਵਾਂ ਧਿਰਾਂ ਨੂੰ ਤਾੜਨਾ ਕੀਤੀ ਕਿ ਹੁਣ ਕਾਨੂੰਨ ਨੂੰ ਹੱਥ ਵਿੱਚ ਲੈਣ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ, ਉਨਾਂ ਦੋਵਾਂ ਧਿਰਾਂ ਨੂੰ ਸ਼ਾਂਤੀ ਕਾਇਮ ਰੱਖਣ ਲਈ ਪੁਲਿਸ ਨੂੰ ਸਹਿਯੋਗ ਦੇਣ ਲਈ ਪ੍ਰੇਰਿਆ।
ਇੱਕ ਪਾਸੇ ਆਪ ਤੇ ਕਾਂਗਰਸ ਵਾਲੇ, ਦੂਜੇ ਪਾਸੇ ਇਕੱਲਾ ਆਪ ਆਗੂ
ਬੇਸ਼ੱਕ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵੇਂ ਇੱਕ ਦੂਜੇ ਦੀਆਂ ਵਿਰੋਧੀ ਪਾਰਟੀਆਂ ਹਨ, ਪਰੰਤੂ ਵਿਧਾਨ ਸਭਾ ਚੋਣਾਂ ਦੇ ਐਨ ਮੌਕੇ ਤੇ ਕਾਂਗਰਸ ਛੱਡ ਕੇ ਆਪ ਵਿੱਚ ਸ਼ਾਮਿਲ ਹੋਏ ਤੇ ਸਿੱਖਿਆ ਮੰਤਰੀ ਮੀਤ ਹੇਅਰ ਦੇ ਤਾਜ਼ਾ ਤਾਜ਼ਾ ਕਰੀਬੀ ਬਣੇ ਕਲੋਨਾਈਜ਼ਰ ਪਿਆਰਾ ਲਾਲ ਰਾਏਸਰੀਆਂ ਦੇ ਪੱਖ ਵਿੱਚ ਆਪ ਦੇ ਸਿਰਕੱਢ ਸ਼ਹਿਰੀ ਨੌਜਵਾਨ ਆਗੂ ਸੰਦੀਪ ਜਿੰਦਲ ਨੋਨੀ ਤੋਂ ਇਲਾਵਾ ਕਾਂਗਰਸੀ ਕੌਂਸਲਰ ਜਗਜੀਤ ਸਿੰਘ ਜੱਗੂ ਮੋਰ, ਸੀਨੀਅਰ ਕਾਂਗਰਸੀ ਆਗੂ ਮੱਖਣ ਪ੍ਰਭਾਕਰ ਅਤੇ ਸਾਬਕਾ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਕਰੀਬੀ ਆਗੂ ਪਰਵਿੰਦਰ ਸਿੰਘ ਗੋਗਾ ਆਦਿ ਡੱਟ ਗਏ। ਜਦੋਂਕਿ ਦੂਜੇ ਪਾਸੇ ਆਪ ਦੇ ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤਾ ਮੋਰ ਦੀ ਅਗਵਾਈ ਵਿੱਚ ਮੁਹੱਲਾ ਵਾਸੀ ਅਤੇ ਆਪ ਦੇ ਵਰਕਰ, ਗਰੀਬ ਬ੍ਰਾਹਮਣ ਹਰਬੰਸ ਲਾਲ ਤੇ ਰਾਜ ਕੁਮਾਰ ਸ਼ਰਮਾ ਦੀ ਹਮਾਇਤ ਤੇ ਆ ਗਏ। ਦੋਵੇਂ ਧਿਰਾਂ ਹੀ ਇਹ ਇੱਕ ਦੂਜੇ ਤੇ ਦੋਸ਼ ਲਾਉਂਦੀਆਂ ਰਹੀਆਂ ਕਿ ਉਹ ਸਰਕਾਰ ਦੀ ਸ਼ਹਿ ਤੇ ਧੱਕੇਸ਼ਾਹੀ ਕਰ ਰਹੇ ਹਨ। ਦੋਵੇਂ ਪਾਸੇ ਹੀ ਆਪ ਦੇ ਮੋਹਰੀ ਆਗੂਆਂ ਨੂੰ ਦੇਖ ਕੇ ਪੁਲਿਸ ਵੀ ਕਾਨੂੰਨੀ ਕਾਰਵਾਈ ਕਰਨ ਨੂੰ ਲੈ ਕੇ ਦੋਚਿੱਤੀ ਵਿੱਚ ਨਜ਼ਰ ਆਈ। ਗਰੀਬ ਧਿਰ ਦੇ ਪੱਖ ਵਿੱਚ ਨਿੱਤਰੇ ਆਗੂਆਂ ਨੇ ਸਿੱਖਿਆ ਮੰਤਰੀ ਅਤੇ ਹਲਕਾ ਵਿਧਾਇਕ ਮੀਤ ਹੇਅਰ ਦੀ ਕੋਠੀ ਵਿੱਚੋਂ ਆਏ ਫੋਨ ਦੇ ਜੁਆਬ ਵਿੱਚ ਮਿਹਣਾ ਮਾਰਿਆ ਕਿ ਹੁਣ ਤੁਸੀਂ ਵੋਟਾਂ ਵਾਲੇ ਗਰੀਬਾਂ ਨੂੰ ਛੱਡ ਕੇ ਨੋਟਾਂ ਵਾਲਿਆਂ ਯਾਨੀ ਕਲੋਨਾਈਜਰਾਂ ਦੇ ਪੱਖ ਵਿੱਚ ਖੜਿਆ ਕਰੋਂਗੇ। ਅਸੀਂ ਐਂਵੇ ਸਰਕਾਰ ਬਣਾਉਣ ਲਈ ਦਿਨ ਰਾਤ ਇੱਕ ਕਰਨਾ ਸੀ, ਜਦੋਂ ਤੁਸੀਂ ਤਾਂ ਗਰੀਬਾਂ ਦੇ ਰਾਹ ਬੰਦ ਕਰਨ ਲਈ ਸਰਕਾਰੀ ਗਲੀਆਂ ਖੁਰਦ ਬੁਰਦ ਕਰਨ ਵਾਲਿਆਂ ਦੇ ਹੱਕ ਵਿੱਚ ਖੜ੍ਹ ਰਹੇ ਹੋ।
ਕਾਂਗਰਸੀ ਆਗੂ ਤੇ ਸਰਕਾਰੀ ਗਲੀ ਤੇ ਲੱਗਦੀ ਜਮੀਨ ਦੇ ਇੱਕ ਹਿੱਸੇਦਾਰ ਮੱਖਣ ਪ੍ਰਭਾਕਰ ਨੇ ਕਿਹਾ ਕਿ ਕਲੋਨਾਈਜਰਾਂ ਨੇ ਗੇਟ ਮੇਰੀ ਸਹਿਮਤੀ ਨਾਲ ਲਾਇਆ ਹੈ, ਸਰਕਾਰੀ ਗਲੀ ਤੇ ਪਾਈਆਂ ਇੱਟਾਂ ਤੇ ਪਾਣੀ ਵਾਲੀ ਪਾਈਪ ਪੁੱਟਣ ਤੋਂ ਅਗਿਆਨਤਾ ਪ੍ਰਗਟ ਕਰਦਿਆਂ ਕਿਹਾ ਕਿ ਕਲੋਨਾਈਜਰ ਨੇ ਮੇਰੀ ਸਹਿਮਤੀ ਨਾਲ ਗਲੀ ਨੂੰ ਗੇਟ ਲਾਇਆ ਹੈ। ਗਲੀ ਸਾਂਝੀ ਹੈ ਤੇ ਜਿੰਦੇ ਦੀ ਚਾਬੀ ਮੈਨੂੰ ਦਿੱਤੀ ਗਈ ਹੈ। ਵਾਰਡ ਦੇ ਕਾਂਗਰਸੀ ਐਮ.ਸੀ. ਜੱਗੂ ਮੋਰ ਨੇ ਵੀ ਮੱਖਣ ਪ੍ਰਭਾਕਰ ਦੀ ਸੁਰ ਵਿੱਚ ਸੁਰ ਮਿਲਾਈ। ਉਕਤ ਦੋਵਾਂ ਕਾਂਗਰਸੀ ਆਗੂਆਂ ਤੇ ਕਲੋਨਾਈਜ਼ਰ ਦੇ ਬੇਟੇ ਰਾਹੁਲ ਕੁਮਾਰ ਨੇ ਕਿਹਾ ਕਿ ਆਪ ਆਗੂ ਰਣਜੀਤ ਸਿੰਘ ਜੀਤਾ ਮੋਰ ਦੀ ਅਗਵਾਈ ਵਿੱਚ ਹਰਬੰਸ ਲਾਲ, ਰਾਜ ਕੁਮਾਰ ਸ਼ਰਮਾਂ ਤੇ ਹੋਰ ਮੁਹੱਲੇ ਵਾਲਿਆਂ ਨੇ ਟਰੈਕਟਰ ਨਾਲ ਗਲੀ ਨੂੰ ਲੱਗਿਆ ਗੇਟ ਪੁੱਟ ਦਿੱਤਾ ਹੈ। ਉਨਾਂ ਮੰਨਿਆ ਕਿ ਗੇਟ ਲਾਉਣ ਸਮੇਂ, ਉਨਾਂ ਕਿਸੇ ਸਮਰੱਥ ਅਧਿਕਾਰੀ ਤੋਂ ਕੋਈ ਮੰਜੂਰੀ ਨਹੀਂ ਲਈ ਸੀ।
ਆਪ ਦੇ ਯੂਥ ਵਿੰਗ ਦੇ ਪ੍ਰਧਾਨ ਰਣਜੀਤ ਸਿੰਘ ਜੀਤਾ ਮੋਰ ਨੇ ਕਿਹਾ ਕਿ ਕਲੋਨਾਈਜਰ ਪਿਆਰਾ ਰਾਏਸਰੀਆ ਤੇ ਉਸ ਦੇ ਹੋਰ ਹਿੱਸੇਦਾਰਾਂ ਨੇ ਕਾਂਗਰਸੀ ਆਗੂ ਮੱਖਣ ਪ੍ਰਭਾਕਰ ਅਤੇ ਕਾਂਗਰਸੀ ਐਮ.ਸੀ. ਜੱਗੂ ਮੋਰ ਅਤੇ ਨਗਰ ਕੌਂਸਲ ਦੇ ਕੁੱਝ ਅਧਿਕਾਰੀਆਂ ਨਾਲ ਸਾਜਬਾਜ ਕਰਕੇ, ਕਰੋੜਾਂ ਰੁਪਏ ਮੁੱਲ ਦੀ ਸਰਕਾਰੀ ਗਲੀ ਨੂੰ ਕਲੋਨੀ ਵਿੱਚ ਮਿਲਾ ਕੇ ਖੁਰਦ ਬੁਰਦ ਕਰ ਦਿੱਤਾ ਹੈ। ਗਲੀ ਨੂੰ ਖੁਰਦ ਬੁਰਦ ਕਰਵਾਉਣ ਦੇ ਮਾਮਲੇ ਵਿੱਚ ਲੱਖਾਂ ਰੁਪਏ ਦਾ ਭ੍ਰਿਸ਼ਟਾਚਾਰ ਹੋਇਆ ਹੈ। ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਸਰਕਾਰੀ ਗਲੀ ਅਤੇ ਗਲੀ ਦੀਆਂ ਇੱਟਾਂ/ਪਾਈਪਾਂ ਖੁਰਦ ਬੁਰਦ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਤੱਕ ਉਹ ਗਰੀਬ ਬ੍ਰਾਹਮਣ ਹਰਬੰਸ ਲਾਲ ਅਤੇ ਹੋਰ ਮੁਹੱਲਾ ਵਾਸੀਆਂ ਦੇ ਹੱਕ ਵਿੱਚ ਸੰਘਰਸ਼ ਕਰਨ ਤੱਕ ਚੁੱਪ-ਚਾਪ ਨਹੀਂ ਬੈਠਣਗੇ।
ਜੇ ਇਨਸਾਫ ਨਾ ਮਿਲਿਆ ਤਾਂ ਪਰਿਵਾਰ ਸਣੇ ਕਰੂੰਗਾ ਆਤਮਦਾਹ- ਰਾਜ ਕੁਮਾਰ
ਸਰਕਾਰੀ ਗਲੀ ਤੇ ਲੱਗਦੀ ਜਮੀਨ ਦੇ 3/10 ਹਿੱਸੇ ਦੇ ਮਾਲਿਕ ਹਰਬੰਸ ਲਾਲ ਦੇ ਪੁੱਤਰ ਰਾਜ ਕੁਮਾਰ ਸ਼ਰਮਾਂ ਨੇ ਕਿਹਾ ਕਿ ਜਦੋਂ ਤੋਂ ਗਲੀ ਨੂੰ ਖੁਰਦ ਬੁਰਦ ਕਰਨ ਲਈ, ਲੋਹੇ ਦਾ ਗੇਟ ਲਾ ਕੇ ਬੰਦ ਕੀਤਾ ਗਿਆ ਹੈ, ਉਦੋਂ ਤੋਂ ਹੀ, ਮੈਂ ਪੁਲਿਸ ਅਧਿਕਾਰੀਆਂ , ਨਗਰ ਕੌਂਸਲ ਪ੍ਰਬੰਧਕਾਂ , ਏਡੀਸੀ ਅਰਬਨ ਅਮਿਤ ਬੈਂਬੀ ਤੋਂ ਇਲਾਵਾ ਸਥਾਨਕ ਸਰਕਾਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਕਾਇਤਾਂ ਭੇਜ਼ ਕੇ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ। ਪਰੰਤੂ ਦੂਜੇ ਪਾਸੇ ਧਨਾਢ ਕਲੋਨਾਈਜਰ ਹੋਣ ਕਾਰਣ, ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ। ਹੁਣ ਵੀ ਜੇਕਰ ਪੁਲਿਸ ਅਤੇ ਸਰਕਾਰ ਨੇ ਮੈਨੂੰ ਮੇਰੀ ਜਮੀਨ ਨੂੰ ਲੱਗਦਾ ਰਾਹ ਨਹੀਂ ਖੁਲਵਾਇਆ ਤਾਂ ਮੈਂ ਇਸੇ ਸਰਕਾਰੀ ਗਲੀ ਵਾਲੀ ਥਾਂ ਤੇ ਖੜ੍ਹ ਕੇ ਪਰਿਵਾਰ ਸਮੇਤ ਆਤਮ ਦਾਹ ਕਰਨ ਨੂੰ ਮਜਬੂਰ ਹੋਵਾਂਗਾ।
ਨਗਰ ਕੌਂਸਲ ਦੇ ਈ.ਉ. ਨੇ ਸਰਕਾਰੀ ਗਲੀ ਛੱਡਣ ਅਤੇ ਗੇਟ ਲਾਹੁਣ ਲਈ ਜਾਰੀ ਕੀਤਾ ਨੋਟਿਸ
ਨਗਰ ਕੌਂਸਲ ਦੇ ਈ.ਉ. ਮੋਹਿਤ ਸ਼ਰਮਾ ਨੇ 21 ਮਾਰਚ ਨੂੰ ਅਗਰਵਾਲ ਗਰੈਂਡ ਕਲੋਨੀ ਦੇ ਮਾਲਿਕਾਂ ਨੂੰ ਪੱਤਰ ਨੰਬਰ 797/ W ਭੇਜ ਕੇ ਸਰਕਾਰੀ ਗਲੀ ਛੱਡਣ ਅਤੇ ਤੁਰੰਤ ਗੇਟ ਲਾਹੁਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਪਰੰਤੂ ਕਲੋਨਾਈਜਰਾਂ ਨੇ ਨੋਟਿਸ ਮਿਲਣ ਤੋਂ 5 ਦਿਨ ਬਾਅਦ ਵੀ ਨਾ ਗੇਟ ਉਤਾਰਿਆ ਹੈ ਅਤੇ ਨਾ ਹੀ ਕਲੋਨੀ ਵਿੱਚ ਭਰਤ ਪਾ ਕੇ ਮਿਲਾਈ ਜਗ੍ਹਾ ਖਾਲੀ ਕੀਤੀ ਹੈ।