ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ , ਥਾਣਾ ਸਦਰ ਬਰਨਾਲਾ ਦੀ ਬਿਲਡਿੰਗ ਨੂੰ ਲੰਬਾ ਸਮਾਂ ਰਿਹਾ ਉਦਘਾਟਨ ਦਾ ਇੰਤਜ਼ਾਰ
ਕਵਾਲਿਟੀ ਪੱਖੋਂ ਘਟੀਆ, ਪਰ ਬਜ਼ਾਰੀ ਮੁੱਲ ਤੋਂ ਮਹਿੰਗਾ ਖਰੀਦਿਆ ਗਿਆ ਫਰਨੀਚਰ, ਕਮਿਸ਼ਨ ‘ਚ ਹੀ ਚਲੇ ਗਏ ਬੈੱਡ ਤੇ ਟੇਬਲ
ਹਰਿੰਦਰ ਨਿੱਕਾ , ਬਰਨਾਲਾ 12 ਮਾਰਚ 2022
ਥਾਣਾ ਸਦਰ ਬਰਨਾਲਾ ਦੀ ਕਰੋੜਾਂ ਰੁਪਏ ਦੀ ਲਾਗਤ ਨਾਲ ਲੰਬੇ ਅਰਸੇ ਤੋਂ ਤਿਆਰ ਪਈ ਬਿਲਡਿੰਗ ਦੇ ਉਦਘਾਟਨ ਦੇ ਇੰਤਜ਼ਾਰ ਦੀਆਂ ਘੜੀਆਂ, ਸੱਤਾ ਤਬਦੀਲੀ ਨਾਲ ਹੀ ਖਤਮ ਹੋ ਗਈਆਂ। ਅੱਜ ਥਾਣੇ ਦਾ ਉਦਘਾਟਨ ਕਰਨ ਲਈ, ਪਟਿਆਲਾ ਜੋਨ ਦੇ ਆਈ. ਜੀ. ਰਾਕੇਸ਼ ਅਗਰਵਾਲ, ਕਰੀਬ ਸਾਢੇ 12 ਵਜੇ ਪਹੁੰਚ ਰਹੇ ਹਨ। ਇਸ ਨਾਲ ਖੰਡਰ ਹਾਲਤ ਥਾਣਾ ਸਦਰ ਬਰਨਾਲਾ ਵਿੱਚ ਡਿਊਟੀ ਤੇ ਤਾਇਨਾਤ ਕਰਮਚਾਰੀਆਂ ਦੇ ਸਿਰ ਤੇ ਲਟਕਦੀ, ਖਤਰੇ ਦੀ ਤਲਵਾਰ ਚੁੱਕੀ ਜਾਵੇਗੀ। ਉੱਧਰ ਥਾਣਾ ਸਦਰ ਬਰਨਾਲਾ ਦੀ ਇਸ ਨਵੀਂ ਬਿਲਡਿੰਗ ਲਈ ਖਰੀਦੇ ਗਏ ਲੱਖਾਂ ਰੁਪਏ ਦੇ ਸਰਕਾਰੀ ਫਰਨੀਚਰ ਨੂੰ ਖਰੀਦ ਸਮੇਂ ਹੀ ਲੱਗੇ ਭ੍ਰਿਸ਼ਟਾਚਾਰ ਦੇ ਘੁਣ ਦੀ ਚੱਲ ਰਹੀ ਜਾਂਚ ਦੇ ਕਿਸੇ ਤਣ ਪੱਤਣ ਲੱਗਣ ਦੀ ਕੋਈ ਕਨਸੋਅ ਹਾਲੇ ਤੱਕ ਬਾਹਰ ਨਿੱਕਲ ਕੇ ਨਹੀਂ ਆਈ । ਵਰਨਣਯੋਗ ਹੈ ਕਿ ਤਤਕਾਲੀ ਪੁਲਿਸ ਮੁਖੀ ਸੰਦੀਪ ਗੋਇਲ ਵੱਲੋਂ ਫਰਨੀਚਰ ਦੀ ਖਰੀਦ ਸਮੇਂ ਘਟੀਆ ਮਿਆਰ ਅਤੇ ਵੱਧ ਮੁੱਲ ਦੇ ਖਰੀਦ ਕੀਤੇ ਫਰਨੀਚਰ ਦੀ ਭਿਣਕ ਪੈਣ ਤੇ ਕਵਾਲਿਟੀ ਅਤੇ ਖਰੀਦ ਕੀਮਤਾਂ ਦੀ ਜਾਂਚ ਲਈ ਬਕਾਇਦਾ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ। ਜਿਸ ਦੀ ਰਿਪੋਰਟ ਸ਼ਾਇਦ ਉਨਾਂ ਦਾ ਤਬਾਦਲਾ ਹੋ ਜਾਣ ਤੋਂ ਬਾਅਦ ਫਿਲਹਾਲ ਠੰਡੇ ਬਸਤੇ ਵਿੱਚ ਹੀ ਪਾ ਦਿੱਤੀ ਗਈਸੀ।
ਜ਼ਿਕਰਯੋਗ ਹੈ ਕਿ ਥਾਣਾ ਸਦਰ ਬਰਨਾਲਾ ਦੀ ਮੌਜੂਦਾ ਖਸ਼ਤਾਹਾਲ ਬਿਲਡਿੰਗ ਨੂੰ ਧਿਆਨ ਵਿੱਚ ਰੱਖਦਿਆਂ ਪਿਛਲੀ ਸਰਕਾਰ ਵੱਲੋਂ ਸੁਪਰਡੈਂਟੀ ਮੁਹੱਲੇ ਵਿਖੇ ਪੈਂਦੇ ਪੁਰਾਣੇ ਕਿਲੇ ਦੀ ਥਾਂ ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਮਾਡਲ ਥਾਣਾ ਬਣਾਇਆ ਗਿਆ ਸੀ । ਜਿਹੜਾ ਹਰ ਪੱਖ ਤੋਂ ਤਿਆਰ ਹੋ ਚੁੱਕਿਆ ਹੈ। ਥਾਣੇ ਦੀ ਬਿਲਡਿੰਗ ਪੁਲਿਸ ਵਿਭਾਗ ਨੂੰ ਹੈਂਡਉਵਰ ਵੀ ਕੀਤੀ ਜਾ ਚੁੱਕੀ ਸੀ। ਪਰੰਤੂ ਫਿਰ ਵੀ ਪਤਾ ਨਹੀਂ ਕਿਉਂ, ਹਾਲੇ ਤੱਕ ਨਵੇਂ ਥਾਣੇ ਵਿੱਚ ਥਾਣਾ ਸਦਰ ਨੂੰ ਸ਼ਿਫਟ ਨਹੀਂ ਕੀਤਾ ਗਿਆ ਸੀ । ਜਦੋਂ ਕਿ ਥਾਣਾ ਸਦਰ ਵਿਖੇ ਤਾਇਨਾਤ ਪੁਲਿਸ ਕਰਮਚਾਰੀ ਖਸ਼ਤਾਹਾਲ ਬਿਲਡਿੰਗ ਵਿੱਚ ਹੀ ਦਿਨ ਕਟੀ ਕਰਨ ਨੂੰ ਮਜਬੂਰ ਸਨ।
ਸਾਢੇ 6 ਲੱਖ ਰੁਪਏ ਦਾ ਖਰੀਦਿਆ ਫਰਨੀਚਰ !
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਬਰਨਾਲਾ ਦੀ ਨਵੀਂ ਬਿਲਡਿੰਗ ਲਈ ਕਰੀਬ ਸਾਢੇ 6 ਲੱਖ ਰੁਪਏ ਦਾ ਫਰਨੀਚਰ ਵੀ ਖਰੀਦਿਆ ਗਿਆ ਸੀ। ਪੁਲਿਸ ਸੂਤਰਾਂ ਅਨੁਸਾਰ ਫਰਨੀਚਰ ਦੀ ਖਰੀਦ ਕਰਨ ਵਾਲਿਆਂ ਵੱਲੋਂ ਮਿਆਰ ਪੱਖੋਂ ਘਟੀਆ ਅਤੇ ਬਜ਼ਾਰੀ ਕੀਮਤ ਨਾਲੋ ਵੱਧ ਰੇਟਾਂ ਤੇ ਫਰਨੀਚਰ ਖਰੀਦ ਕੀਤਾ ਗਿਆ ਸੀ। ਯਾਨੀ ਬਿੱਲ ਵਧੀਆ ਕਵਾਲਿਟੀ ਦਿਖਾ ਕੇ ਵੱਧ ਰੁਪੱਈਆ ਦੇ ਬਣਾਏ ਗਏ ਸਨ, ਜਦੋਂਕਿ ਜਿਹੜਾ ਫਰਨੀਚਰ ਖਰੀਦਿਆ ਗਿਆ, ਉਹ ਮਿਆਰ ਦੇ ਮਾਪਦੰਡਾਂ ਤੇ ਖਰ੍ਹਾ ਨਹੀਂ, ਉਤਰ ਰਿਹਾ ਸੀ । ਖਰੀਦ ਸਮੇਂ ਇੱਕ ਅਧਿਕਾਰੀ ਵੱਲੋਂ ਕਮਿਸ਼ਨ ਵਿੱਚ ਹੀ ਫਰਨੀਚਰ ਹਾਊਸ ਤੋਂ ਇੱਕ ਮਹਿੰਗਾ ਬੈਡ ਅਤੇ ਕੁੱਝ ਟੇਬਲ ਆਪਣੇ ਲਈ ਬਣਵਾ ਲੈਣ ਦੀ ਚਰਚਾ ਵੀ ਪੁਲਿਸ ਮਹਿਕਮੇ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਜੁਬਾਨ ਤੇ ਰਹੇ ਸਨ। ਹੁਣ ਦੇਖਣਾ ਇਹ ਹੋਵੇਗਾ ਕਿ ਥਾਣੇ ਲਈ ਖਰੀਦੇ ਫਰਨੀਚਰ ਵਿੱਚ ਭ੍ਰਿਸ਼ਟਾਚਾਰ ਕਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਵੀ ਹੋਵੇਗੀ, ਜਾਂ ਫਿਰ ਰਾਤ ਗਈ ਤੇ ਬਾਤ ਗਈ , ਦੀ ਕਹਾਵਤ ਲਾਗੂ ਗਰ ਦਿੱਤੀ ਜਾਵੇਗੀ।